nabaz-e-punjab.com

ਫੇਜ਼-3ਬੀ2 ਦੀ ਮਾਰਕੀਟ ਵਿੱਚ ਪੁਲੀਸ ਬੀਟ ਬਾਕਸ ਸਥਾਪਿਤ ਕਰਨ ਦੀ ਮੰਗ ਉੱਠੀ

ਕੌਂਸਲਰ ਬੇਦੀ ਨੇ ਮਾਰਕੀਟ ਵਿੱਚ ਚੋਰੀ ਅਤੇ ਅਪਰਾਧਿਕ ਵਾਰਦਾਤਾਂ ਰੋਕਣ ਲਈ ਐਸਐਸਪੀ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਇੱਥੋਂ ਦੇ ਫੇਜ਼-3ਬੀ2 ਦੀ ਮੁੱਖ ਮਾਰਕੀਟ ਵਿੱਚ ਲੋਕਾਂ ਦੀ ਸੁਰੱਖਿਆ ਲਈ ਪੁਲੀਸ ਬੀਟ ਬਾਕਸ ਸਥਾਪਿਤ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਮਾਰਕੀਟ ਵਿੱਚ ਚੋਰੀਆਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਲਾਕੇ ਦੇ ਕੌਂਸਲਰ ਅਤੇ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਦੇ ਐਸਐਸਪੀ ਨੂੰ ਪੱਤਰ ਲਿਖ ਕੇ ਇਸ ਮਾਰਕੀਟ ਵਿੱਚ ਰਾਤ ਨੂੰ ਪੁਲੀਸ ਗਸ਼ਤ ਤੇਜ਼ ਕਰਨ ਅਤੇ ਪੁਲੀਸ ਬੀਟ ਬਾਕਸ ਸਥਾਪਿਤ ਕਰਨ ਦੀ ਮੰਗ ਕੀਤੀ ਹੈ।
ਐਸਐਸਪੀ ਨੂੰ ਲਿਖੇ ਪੱਤਰ ਵਿੱਚ ਸ੍ਰੀ ਬੇਦੀ ਨੇ ਕਿਹਾ ਕਿ ਬੀਤੀ ਦੇਰ ਰਾਤ ਫੇਜ਼-3ਬੀ2 ਦੀ ਮਾਰਕੀਟ ਦੇ ਬੂਥਾਂ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਕਾਰਨ ਜਿੱਥੇ ਦੁਕਾਨਦਾਰਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਨਾਲ ਲਗਦੇ ਰਿਹਾਇਸ਼ੀ ਖੇਤਰ ਦੇ ਵਸਨੀਕ ਕਾਫੀ ਡਰੇ ਹੋਏ ਹਨ ਅਤੇ ਖ਼ੁਦ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੋ ਤਿੰਨ ਦਿਨ ਪਹਿਲਾਂ ਇਸ ਮਾਰਕੀਟ ਵਿੱਚ ਇਕ ਮਰਸਿਡੀਜ਼ ਕਾਰ ਵਿੱਚ ਆਏ ਨੌਜਵਾਨ ਨੇ ਪਿਸਤੌਲ ਨਾਲ ਗੋਲੀਆਂ ਚਲਾਈਆਂ ਸਨ। ਅਜਿਹੀਆਂ ਘਟਨਾਵਾਂ ਕਾਰਨ ਸ਼ਾਮ ਵੇਲੇ ਮਾਰਕੀਟ ਵਿੱਚ ਖਰੀਦਦਾਰੀ ਕਰਨ ਲਈ ਆਉਂਦੇ ਲੋਕਾਂ ਵਿੱਚ ਵੀ ਦਹਿਸ਼ਤ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪੀਜੀ ਵਿੱਚ ਰਹਿੰਦੇ ਨੌਜਵਾਨ ਮੁੰਡੇ ਸ਼ਾਮ ਨੂੰ ਮਾਰਕੀਟ ਵਿੱਚ ਇਕੱਠੇ ਹੋ ਕੇ ਪਾਰਕਿੰਗ ਵਿੱਚ ਬੈਠ ਕੇ ਸ਼ਰਾਬ ਪੀਂਦੇ ਅਤੇ ਹੁੱਲੜਬਾਜ਼ੀ ਕਰਦੇ ਹਨ। ਕਈ ਵਾਰ ਨੌਜਵਾਨਾਂ ਦੀ ਹੁੱਲੜਬਾਜ਼ੀ ਲੜਾਈ ਦਾ ਰੂਪ ਧਾਰਨ ਕਰ ਲੈਂਦੀ ਹੈ ਪ੍ਰੰਤੂ ਮਾਰਕੀਟ ਵਿੱਚ ਪੁਲੀਸ ਬੀਟ ਬਾਕਸ ਨਾ ਹੋਣ ਕਾਰਨ ਅਜਿਹੇ ਸਿਰ-ਫਿਰੇ ਨੌਜਵਾਨਾਂ ਨੂੰ ਕਿਸੇ ਦਾ ਕੋਈ ਡਰ ਭੈਅ ਨਹੀਂ ਹੈ। ਅਜਿਹੇ ਕਈ ਕਾਰਨ ਹਨ ਕਿ ਇਹ ਮਾਰਕੀਟ ਅਪਰਾਧਿਕ ਵਾਰਦਾਤਾਂ ਦਾ ਅੱਡਾ ਬਣਦੀ ਜਾ ਰਹੀ ਹੈ। ਜਿਸ ਕਾਰਨ ਲੱਖਾਂ ਕਰੋੜਾਂ ਰੁਪਏ ਖ਼ਰਚ ਕਰਕੇ ਆਪਣਾ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਵੀ ਕਾਫੀ ਡਰੇ ਹੋਏ ਹਨ। ਕਿਉਂਕਿ ਜੇਕਰ ਦੁਕਾਨਦਾਰ ਨੌਜਵਾਨਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਦੇ ਹਨ ਤਾਂ ਉਹ ਦੁਕਾਨਦਾਰਾਂ ਦੇ ਹੀ ਗਲ ਪੈ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…