
ਬੱਚੇ ਦੀ ਮੌਤ ਦਾ ਮਾਮਲਾ : ਝੁੱਗੀਆਂ ਵਾਲਿਆਂ ਨੇ ਟਰੱਕ ਮਾਲਕ ਤੇ ਡਰਾਈਵਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸੜਕ ਜਾਮ
ਪੁਲੀਸ ਦੇ ਸਮਝਾਉਣ ਤੇ ਹੋਇਆ ਮਾਮਲਾ ਸ਼ਾਂਤ, ਬੱਚੇ ਦੀ ਲਾਸ਼ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਜ਼ਮੀਨ ’ਚ ਕੀਤੀ ਦਫ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਸਥਾਨਕ ਦਾਰਾ ਸਟੂਡੀਓ ਨੇੜੇ ਬਣੀ ਟਰੱਕ ਯੂਨੀਅਨ ਵਿੱਚ ਸਾਈਕਲ ਚਲਾ ਰਹੇ ਇੱਕ ਬੱਚੇ ਸ਼ਿਵਮ ਦੀ ਯੂਨੀਅਨ ਤੋਂ ਬਾਹਰ ਨਿਕਲ ਰਹੇ ਇੱਕ ਟਰੱਕ ਹੇਠਾਂ ਆਉਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਅੱਜ ਪੀੜਤ ਪਰਿਵਾਰ ਅਤੇ ਹੋਰਨਾਂ ਝੁੱਗੀ ਵਾਲਿਆਂ ਵੱਲੋਂ ਟਰੱਕ ਦੇ ਮਾਲਕ ਅਤੇ ਡਰਾਈਵਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ ਗਈ। ਉਹਨਾਂ ਵੱਲੋਂ ਟਰੱਕ ਦੇ ਮਾਲਕ ਅਤੇ ਡਰਾਈਵਰ ਗ੍ਰਿਫ਼ਤਾਰੀ ਨਾ ਹੋਣ ਤੱਕ ਬੱਚੇ ਦੀ ਲਾਸ਼ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਅਤੇ ਰੋਸ ਵਜੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ।
ਉਧਰ, ਮੌਕੇ ’ਤੇ ਪਹੁੰਚੇ ਥਾਣਾ ਫੇਜ਼-1 ਦੇ ਐਸਐਚਓ ਰਾਜਨ ਪਰਮਿੰਦਰ ਸਿੰਘ ਅਤੇ ਪੁਲੀਸ ਚੌਂਕੀ ਦੇ ਇੰਚਾਰਜ ਭੁਪਿੰਦਰ ਸਿੰਘ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਦੌਰਾਨ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਮਾਮਲੇ ਲਈ ਜਿੰਮੇਵਾਰ ਵਿਅਕਤੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਉਹਨਾਂ ਧਰਨਾਕਾਰੀਆਂ ਨੂੰ ਦੱਸਿਆ ਕਿ ਪੁਲੀਸ ਵਲੋੱ ਪਹਿਲਾਂ ਹੀ ਇਸ ਸਬੰਧੀ ਮਾਮਲਾ ਦਰਜ ਕਰਕੇ ਟਰੱਕ ਨੂੰ ਕਬਜ਼ੇ ਵਿੱਚ ਲਿਆ ਜਾ ਚੁੱਕਿਆ ਹੈ ਅਤੇ ਪੁਲੀਸ ਵੱਲੋਂ ਛੇਤੀ ਹੀ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਲੇਕਿਨ ਉਹ ਨਹੀਂ ਮੰਨੇ। ਜਿਸ ਕਾਰਨ ਤੁਰਤ ਫੁਰਤ ਪੁਲੀਸ ਨੂੰ ਟਰੱਕ ਡਰਾਈਵਰ ਦੀ ਗ੍ਰਿਫ਼ਤਾਰੀ ਪਾਉਣੀ ਪਈ। ਜਿਸ ਦੀ ਪੀੜਤ ਪਰਿਵਾਰ ਦੇ ਜੀਆ ਨੇ ਥਾਣੇ ਆ ਕੇ ਤਸੱਲੀ ਕੀਤੀ ਗਈ ਅਤੇ ਇਸ ਮਗਰੋਂ ਉਨ੍ਹਾਂ ਨੇ ਆਪਣਾ ਧਰਨਾ ਸਮਾਪਤ ਕਰਕੇ ਬੱਚੇ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਲਿਜਾਉਣ ਲਈ ਰਾਜ਼ੀ ਹੋਏ।
ਇਸ ਤਰ੍ਹਾਂ ਪੁਲੀਸ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਜਾਮ ਖੋਲ੍ਹ ਦਿੱਤਾ ਅਤੇ ਬੱਚੇ ਦੀ ਲਾਸ਼ ਨੂੰ ਸ਼ਮਸ਼ਾਨਘਾਟ ਲਿਜਾ ਕੇ ਦਫ਼ਨਾ ਦਿੱਤਾ ਗਿਆ। ਬੱਚੇ ਦੀ ਉਮਰ ਘੱਟ ਹੋਣ ਕਾਰਨ ਉਸਦਾ ਦਾਹ ਸੰਸਕਾਰ ਨਹੀਂ ਕੀਤਾ ਗਿਆ। ਇਸ ਦੌਰਾਨ ਟਰੱਕ ਯੂਨੀਅਨ ਵਿੱਚ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਉੱਥੇ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਅਤੇ ਹਸਪਤਾਲ ਵਿੱਚ ਵੀ ਕਾਫੀ ਫੋਰਸ ਤਾਇਨਾਤ ਸੀ।