ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਾਲੇ ਨੂੰ ਪੱਕਾ ਕਰਨ ਦੀ ਮੰਗ, ਮੇਅਰ ਨੂੰ ਦਿੱਤਾ ਮੰਗ ਪੱਤਰ

ਗਰੇਸ਼ੀਅਨ ਹਸਪਤਾਲ ਚੌਰਾਹੇ ’ਤੇ ਟਰੈਫ਼ਿਕ ਲਾਈਟਾਂ ਲਗਾਉਣ ਤੇ ਬੱਸ ਕਿਉ ਸ਼ੈਲਟਰ ਦੀ ਉਸਾਰੀ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ:
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਵਸਨੀਕਾਂ ਦਾ ਇੱਕ ਵਫ਼ਦ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਕੁੰਭੜਾ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਸਥਾਈ ਹੱਲ ਲਈ ਨਾਲੇ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕੌਂਸਲਰ ਕਮਲਜੀਤ ਸਿੰਘ ਬੰਨੀ ਵੀ ਮੌਜੂਦ ਸਨ।
ਕੁੰਭੜਾ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਗੰਦੇ ਨਾਲੇ ਦੀ ਥਾਂ ਪਹਿਲਾਂ ਸ਼ਾਮਲਾਤ ਜਗ੍ਹਾ ਵਿੱਚ ਪਾਣੀ ਦਾ ਛੱਪੜ ਹੁੰਦਾ ਸੀ। ਜਿਸ ਵਿੱਚ ਪੂਰੇ ਪਿੰਡ ਦਾ ਗੰਦਾ ਪਾਣੀ ਸੁੱਟਿਆ ਜਾਂਦਾ ਸੀ ਪ੍ਰੰਤੂ ਬਾਅਦ ਵਿੱਚ ਇੱਥੇ ਭਰਤ ਪਾ ਕੇ ਨਾਲਾ ਪੁਰਿਆ ਗਿਆ। ਜਿਸਦਾ ਸਾਰਾ ਰਿਕਾਰਡ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਨਾਲੇ ਨੂੰ ਪੱਕਾ ਬਣਾਉਣ ਦੇ ਰਾਹ ਵਿੱਚ ਅੜਿੱਕੇ ਡਾਹੇ ਜਾ ਰਹੇ ਹਨ ਜਦੋਂਕਿ ਸਾਰੇ ਮੁਹੱਲਾ ਵਾਸੀ ਸਹਿਮਤ ਹਨ।
ਬਲਵਿੰਦਰ ਕੁੰਭੜਾ ਨੇ ਕਿਹਾ ਕਿ ਗੰਦੇ ਪਾਣੀ ਦੀ ਸਮੱਸਿਆ ਕਾਰਨ ਪਿੰਡ ਵਾਸੀ ਨਰਕ ਭੋਗਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਡੀਸੀ, ਐਸਡੀਐਸ, ਬੀਡੀਪੀਓ ਅਤੇ ਡੀਡੀਪੀਓ ਤੋਂ ਇਲਾਵਾ ਅਦਾਲਤ ਦੇ ਵੀ ਆਦੇਸ਼ ਹੋ ਚੁੱਕੇ ਹਨ, ਪ੍ਰੰਤੂ ਗੰਦੇ ਨਾਲੇ ਨੂੰ ਪੱਕਾ ਕਰਨ ਦੀ ਕਾਰਵਾਈ ਰੁਕੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਗੰਦੇ ਨਾਲੇ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਗੰਦਗੀ ਤੋਂ ਰਾਹਤ ਮਿਲ ਸਕੇ।
ਪਿੰਡ ਵਾਸੀਆਂ ਨੇ ਮੇਅਰ ਨੂੰ ਇੱਕ ਵੱਖਰਾ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਗਰੇਸ਼ੀਅਨ ਹਸਪਤਾਲ ਦੇ ਬਾਹਰ ਚੌਰਾਹੇ ’ਤੇ ਟਰੈਫ਼ਿਕ ਲਾਈਟਾਂ ਲਾਈਆਂ ਜਾਣ ਅਤੇ ਇੱਥੇ ਬੱਸ ਕਿਉ ਸ਼ੈਲਟਰ ਦੀ ਉਸਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁੰਭੜਾ ਅਤੇ ਸੈਕਟਰ-69 ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਇਸ ਚੌਰਾਹੇ ’ਤੇ ਟਰੈਫ਼ਿਕ ਲਾਈਟਾਂ ਅਤੇ ਬੱਸ ਸ਼ੈਲਟਰ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ, ਪਰ ਅਜੇ ਤਾਈ ਕੋਈ ਅਮਲ ਨਹੀਂ ਹੋਇਆ।
ਉਨ੍ਹਾਂ ਲਿਖਿਆ ਹੈ ਕਿ ਇਸ ਥਾਂ ਤੇ ਕਈ ਭਿਆਨਕ ਐਕਸੀਡੈਂਟ ਹੋ ਚੁੱਕੇ ਹਨ ਤੇ ਕਈ ਬੰਦੇ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਇਸ ਬਾਰੇ ਪਿੰਡ ਵਾਸੀ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਮਿਲ ਕੇ ਵੀ ਕਈ ਵਾਰ ਮੰਗ ਕਰ ਚੁੱਕੇ ਹਨ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਤਾਂ ਉਹਨਾਂ ਨੂੰ ਮਜਬੂਰ ਹੋ ਕੇ ਮਾਨਯੋਗ ਹਾਈ ਕੋਰਟ ਦਾ ਦਰਵਾਜਾ ਖੜਕਾਉਣਾ ਪਵੇਗਾ।
ਇਸ ਮੌਕੇ ਦੇਸ ਰਾਜ, ਮਹਿੰਦਰ ਸਿੰਘ, ਸੁਲੱਖਣ ਸਿੰਘ, ਮੋਹਨ ਸਿੰਘ, ਗੁਰਮੀਤ ਕੌਰ, ਗੁਰਪ੍ਰੀਤ ਕੌਰ, ਗਗਨਪ੍ਰੀਤ ਸਿੰਘ, ਮਨਦੀਪ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …