ਸੈਕਟਰ-17 ਦੀ ਤਰਜ਼ ’ਤੇ ਫੇਜ਼-3ਬੀ2 ਦੀ ਮਾਰਕੀਟ ਨੂੰ ਵਿਸ਼ੇਸ਼ ਮਾਰਕੀਟ ਦਾ ਦਰਜਾ ਦੇਣ ਦੀ ਮੰਗ

ਡਿਪਟੀ ਮੇਅਰ ਕੁਲਜੀਤ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਲਿਖਿਆ ਪੱਤਰ

ਗੇੜੀ ਰੂਟ ਕਰਕੇ ਜਾਣੀ ਜਾਂਦੀ ਹੈ ਫੇਜ਼-3ਬੀ2 ਦੀ ਮਾਰਕੀਟ

ਨਬਜ਼-ਏ-ਪੰਜਾਬ, ਮੁਹਾਲੀ, 22 ਜਨਵਰੀ:
ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਨੂੰ ਚੰਡੀਗੜ੍ਹ ਦੇ ਸੈਕਟਰ-17 ਦੀ ਤਰਜ਼ ’ਤੇ ਵਿਸ਼ੇਸ਼ ਮਾਰਕੀਟ ਦਾ ਦਰਜਾ ਦੇਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਗੇੜੀ ਰੂਟ ਕਰਕੇ ਜਾਣੀ ਜਾਂਦੀ ਇਸ ਮਾਰਕੀਟ ਵਿੱਚ ਖ਼ਰੀਦਦਾਰੀ ਲਈ ਲੋਕਾਂ ਦੀ ਭੀੜ ਰਹਿੰਦੀ ਹੈ ਅਤੇ ਸ਼ਾਮ ਨੂੰ ਦੇਰ ਤੱਕ ਲੋਕ ਖ਼ਰੀਦਦਾਰੀ ਕਰਨ ਆਉਂਦੇ ਹਨ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਇਸ ਮਾਰਕੀਟ ਨੂੰ ਚੰਡੀਗੜ੍ਹ ਦੇ ਸੈਕਟਰ-17 ਪੈਟਰਨ ’ਤੇ ਵਿਕਸਿਤ ਕਰਨ ਨਾਲ ਸ਼ਹਿਰ ਦੀ ਨੁਹਾਰ ਬਦਲੇਗੀ। ਉਨ੍ਹਾਂ ਨੇ ਮਾਰਕੀਟ ਦੀ ਸੁੰਦਰਤਾ ਅਤੇ ਵਿਸ਼ੇਸ਼ਤਾ ਵਧਾਉਣ ਲਈ ਕੁਝ ਮਹੱਤਵਪੂਰਨ ਸੁਝਾਅ ਵੀ ਦਿੱਤੇ ਹਨ। ਜਿਨ੍ਹਾਂ ਵਿੱਚ ਵਨ-ਵੇਅ-ਟਰੈਫ਼ਿਕ ਤਹਿਤ ਮਾਰਕੀਟ ਦੀਆਂ ਪਿਛਲੀ ਸੜਕਾਂ ਨੂੰ ਵਨ-ਵੇਅ ਕੀਤੇ ਜਾਣ, ਮਾਰਕੀਟ ਵਿੱਚ ਬਿਜਲੀ ਦੀਆਂ ਤਾਰਾਂ ਅੰਡਰਗਰਾਉਂਡ ਕਰਨ, ਫੁਹਾਰੇ, ਉੱਚ ਗੁਣਵੱਤਾ ਵਾਲੀਆਂ ਲਾਈਟਾਂ ਅਤੇ ਸੁੰਦਰ ਡਿਜ਼ਾਈਨਿੰਗ ਨਾਲ ਮਾਰਕੀਟ ਦੀ ਸ਼ਾਨ ਵਧਾਉਣ, ਪਾਰਕਿੰਗ ਵਿੱਚ ਸੁਧਾਰ ਲਈ ਦੋ ਪਹੀਆ ਵਾਹਨਾਂ ਲਈ ਵੱਖਰੀ ਪਾਰਕਿੰਗ ਦੀ ਵਿਵਸਥਾ ਕਰਨ, ਕੂੜੇ ਲਈ ਡਸਟਬਿਨ ਰੱਖਣ ਅਤੇ ਨਾਜਾਇਜ਼ ਕਬਜ਼ੇ ਦੂਰ ਕਰਨ ਦੀ ਮੰਗ ਕੀਤੀ ਹੈ।
ਡਿਪਟੀ ਮੇਅਰ ਨੇ ਇਹ ਵੀ ਮੰਗ ਕੀਤੀ ਹੈ ਕਿ ਇੱਥੇ ਵਧੀਆ ਢੰਗ ਨਾਲ ਮਾਡਰਨ ਪਬਲਿਕ ਬਾਥਰੂਮਾਂ ਦੀ ਉਸਾਰੀ ਕੀਤੀ ਜਾਵੇ। ਮਾਰਕੀਟ ਵਿੱਚ ਪੁਲੀਸ ਬੀਟ ਬਾਕਸ ਲਈ ਥਾਂ ਰਾਖਵੀਂ ਕੀਤੀ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਕਾਇਮ ਰਹਿ ਸਕੇ। ਕਿਉਂਕਿ ਅਕਸਰ ਮਾਰਕੀਟ ਵਿੱਚ ਕੁੱਝ ਬਾਹਰੀ ਵਿਅਕਤੀ ਰਾਤ ਨੂੰ ਹੁੱਲੜਬਾਜ਼ੀ ਕਰਦੇ ਹਨ। ਜਿਸ ਕਾਰਨ ਸ਼ਹਿਰ ਵਾਸੀ ਖ਼ਾਸ ਕਰਕੇ ਅੌਰਤਾਂ ਅਤੇ ਮੁਟਿਆਰਾਂ ਮਾਰਕੀਟ ਵਿੱਚ ਆਉਣ ਤੋਂ ਘਬਰਾਉਂਦੀਆਂ ਹਨ। ਇਸ ਤੋਂ ਇਲਾਵਾ ਲੋਕਾਂ ਲਈ ਸੁਵਿਧਾ ਲਈ ਮਾਰਕੀਟ ਵਿੱਚ ਐਂਟਰੀ ਸੌਖੀ ਬਣਾਉਣ ਲਈ ਵੱਖ-ਵੱਖ ਬਲਾਕਾਂ ਵਿੱਚ ਵੰਡਿਆ ਜਾਵੇ।
ਕਾਬਿਲੇਗੌਰ ਹੈ ਕਿ ਉਕਤ ਮਾਰਕੀਟ ਗੇੜੀ ਰੂਟ ਕਰਕੇ ਜਾਣੀ ਜਾਂਦੀ ਹੈ। ਸ਼ਾਮ ਢਲਦੇ ਹੀ ਨੌਜਵਾਨ ਮੁੰਡੇ ਕੁੜੀਆਂ ਟੋਲੀਆਂ ਬੰਨ੍ਹ ਕੇ ਆਉਂਦੇ ਹਨ ਅਤੇ ਕਈ ਵਾਰ ਪਾਰਕਿੰਗ ਵਿੱਚ ਗੱਡੀ ਦੇ ਬੋਨਟ, ਡਿੱਗੀ ਜਾਂ ਛੱਤ ’ਤੇ ਸ਼ਰਾਬ ਦੀ ਬੋਤਲ ਰੱਖ ਕੇ ਸ਼ਰ੍ਹੇਆਮ ਪੈੱਗ ਛਲਕਾਉਂਦੇ ਹਨ ਅਤੇ ਹੁੱਲੜਬਾਜ਼ੀ ਕਰਦੇ ਹਨ। ਅਜਿਹੀਆਂ ਖ਼ਬਰਾਂ ਮੀਡੀਆ ਦੀ ਸੁਰਖ਼ੀਆਂ ਬਣਦੀਆਂ ਰਹੀਆਂ ਹਨ ਪਰ ਹੁਣ ਮੌਜੂਦਾ ਐੱਸਐੱਸਪੀ ਦੀਪਕ ਪਾਰਿਕ ਦੀ ਸਖ਼ਤੀ ਕਾਰਨ ਮਾਰਕੀਟ ਵਿੱਚ ਕੁੱਝ ਸ਼ਾਂਤੀ ਬਣੀ ਹੋਈ ਹੈ। ਜਦੋਂਕਿ ਇਸ ਤੋਂ ਪਹਿਲਾਂ ਬਾਹਰੀ ਨੌਜਵਾਨ ਖੂਬ ਹੁੱਲੜਬਾਜ਼ੀ ਕਰਦੇ ਸਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ ਮਿਲਕਫੈੱਡ ਤੇ ਮਿਲਕ ਪਲਾਂ…