
ਪਿੰਡ ਰਾਏਪੁਰ ਕਲਾਂ ਵਿੱਚ ਪਾਣੀ ਦੀ ਸਪਲਾਈ ’ਚ ਸੁਧਾਰ ਕਰਨ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਪਿੰਡ ਰਾਏਪੁਰ ਕਲਾਂ ਦੇ ਵਸਨੀਕਾਂ ਨੇ ਜਨ ਸਿਹਤ ਉਪ ਮੰਡਲ-2, ਮੁਹਾਲੀ ਦੇ ਉਪ ਮੰਡਲ ਅਫ਼ਸਰ ਨੂੰ ਪੱਤਰ ਲਿਖ ਕੇ ਪਿੰਡ ਵਿੱਚ ਪਾਣੀ ਦੀ ਸਪਲਾਈ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੱਤਰ ਵਿੱਚ ਲਿਖਿਆ ਕਿ ਪਿੰਡ ਰਾਏਪੁਰ ਕਲਾਂ ਵਿੱਚ ਪਾਣੀ ਦੀ ਸਪਲਾਈ ਦਾ ਬਹੁਤ ਮਾੜਾ ਹਾਲ ਹੈ ਅਤੇ ਪਿਛਲੇ ਚਾਰ ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ ਜਦੋਂਕਿ ਇਸ ਦੇ ਉਲਟ ਕਈ ਵਿਅਕਤੀ ਸ਼ਰ੍ਹੇਆਮ ਪਾਣੀ ਦੀ ਦੁਰਵਰਤੋਂ ਵੀ ਕਰਦੇ ਹਨ।
ਪਿੰਡ ਵਾਸੀਆਂ ਮਨਜੀਤ ਸਿੰਘ, ਸੁਰਜੀਤ ਸਿੰਘ, ਬਲਬੀਰ ਸਿੰਘ, ਮਨਿੰਦਰ ਵਰਮਾ, ਸੁਖਚੈਨ ਸਿੰਘ, ਸੋਹਣ ਸਿੰਘ, ਬਲਵੀਰ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ, ਪਿਆਰਾ ਸਿੰਘ, ਗੁਰਦੇਵ ਸਿੰਘ ਕਰਮਜੀਤ ਸਿੰਘ, ਮੋਹਨ ਸਿੰਘ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਭੁਪਿੰਦਰ ਕੌਰ, ਕੁਲਵਿੰਦਰ ਸਿੰਘ, ਕੁਲਜੀਤ ਸਿੰਘ, ਸਲੀਮ, ਟੀਨਾ, ਜਤਿੰਦਰ, ਡਿੰਪਲ, ਬਿੰਦਰ, ਸੁਖਬੀਰ ਸਿੰਘ, ਦਰਸ਼ਨ ਸਿੰਘ, ਕੁਲਵੀਰ, ਪੰਚ ਗੁਰਤੇਜ ਤੇ ਜਗਤਾਰ ਅਤੇ ਹੋਰਨਾਂ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਨੀਵੇਂ ਖੇਤਰ ਵਿੱਚ ਤਾਂ ਠੀਕ ਚੱਲਦੀ ਹੈ ਪ੍ਰੰਤੂ ਪਿੰਡ ਦੇ 80-90 ਘਰਾਂ ਵਿੱਚ ਪੁਰਾਣੇ ਖੇਤਰ ਵਿੱਚ ਸਪਲਾਈ ਠੀਕ ਨਹੀਂ ਹੋ ਰਹੀ ਹੈ ਅਤੇ ਪਿਛਲੇ ਚਾਰ ਦਿਨ ਤੋਂ ਪਾਣੀ ਨਹੀਂ ਆ ਰਿਹਾ। ਜਿਸ ਕਾਰਨ ਪਿੰਡ ਵਾਸੀ ਪਾਣੀ ਖੁਣੋਂ ਕਾਫ਼ੀ ਤੰਗ ਪ੍ਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਸਪਲਾਈ ਦਰੁਸਤ ਕਰਵਾਈ ਜਾਵੇ।