
ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰੀ ਦੇ ਬਾਹਰ ਪਾਰਕਿੰਗ ਦਾ ਪ੍ਰਬੰਧ ਕਰਨ ਦੀ ਮੰਗ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 14 ਫਰਵਰੀ:
ਸ਼ਹਿਰ ਦੇ ਉੱਘੇ ਸਮਾਜ ਸੇਵੀ ਤੇ ਭਾਜਪਾ ਆਗੂ ਬਲਬੀਰ ਚੰਦ ਅਗਰਵਾਲ ਨੇ ਮੁਹਾਲੀ ਦੇ ਨੇੜਲੇ ਇਤਿਹਾਸਕ ਨਗਰ ਚੱਪੜਚਿੜੀ ਵਿੱਚ ਸਥਿਤ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰੀ ਦੇ ਬਾਹਰ ਪਾਰਕਿੰਗ ਦੀ ਉਚਿਤ ਵਿਵਸਥਾ ਨਾ ਹੋਣ ਕਾਰਨ ਹੋ ਰਹੀਆ ਘਟਨਾਵਾਂ ਨੂੰ ਰੋਕਣ ਲਈ ਡਿਪਟੀ ਕਮਿਸਨਰ ਮੁਹਾਲੀ ਨੂੰ ਪੱਤਰ ਲਿਖ ਕੇ ਉਕਤ ਸਥਾਨ ਤੇ ਪਾਰਕਿੰਗ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਬਲਬੀਰ ਚੰਦ ਅਗਰਵਾਲ ਨੇ ਦੱਸਿਆ ਕਿ ਪਿਛਲੇ ਦਿਨੀ ਉਹ ਆਪਣੇ ਪਰਿਵਾਰ ਸਮੇਤ ਬਾਬਾ ਬੰਦਾ ਸਿੰਘ ਬਹਾਦੁਰ ਯਾਦਗਾਰੀ ਸਥਾਨ ਦੇਖਣ ਲਈ ਗਏ। ਗੱਡੀ ਪਾਰਕਿੰਗ ਵਿੱਚ ਖੜ੍ਹੀ ਕਰਦੇ ਜਦੋ ਉਹ 20-25 ਮਿੰਟ ਬਾਅਦ ਬਾਹਰ ਆਏ ਤਾਂ ਉਨ੍ਹਾਂ ਦੀ ਗੱਡੀ ਲਾਕ ਸੀ, ਪਰੰਤੂ ਗੱਡੀ ਵਿਚੋ ਇਕ ਬੈਗ ਗਾਇਬ ਸੀ, ਜਿਸ ਵਿੱਚ ਕੁੱਝ ਨਗਦ ਰਾਸ਼ੀ ਅਤੇ ਜਰੂਰੀ ਸਮਾਨ ਸੀ। ਉਨ੍ਹਾਂ ਜਦੋਂ ਇਸ ਘਟਨਾ ਦੀ ਜਾਣਕਾਰੀ ਉਥੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੁੱਰਖਿਆ ਕਰਮਚਾਰੀਆਂ ਨੂੰ ਦਿੱਤੀ ਗਈ ਤਾਂ ਉਨ੍ਹਾਂ ਕੋਈ ਢੁੱਕਵਾਂ ਜਵਾਬ ਦੇਣ ਦੀ ਬਜਾਏ ਅਜਿਹੀਆਂ ਘਟਨਾਵਾਂ ਨੂੰ ਮਾਮੂਲੀ ਦੱਸਕੇ ਖਹਿੜਾ ਛੁਡਾ ਲਿਆ। ਉਨ੍ਹਾਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਚਿੱਠੀ ਲਿਖਕੇ ਉਕਤ ਥਾਂ ਤੇ ਪਾਰਕਿੰਗ ਦੇ ਪੂਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ।