
ਡਿਵਾਈਡਰ ਪੱਟੀ ’ਤੇ ਲੱਗੀਆਂ ਲੋਹੇ ਦੀਆਂ ਤਿੱਖੀਆਂ ਗਰਿੱਲਾਂ ਹਟਾਉਣ ਦੀ ਮੰਗ
ਨਬਜ਼-ਏ-ਪੰਜਾਬ, ਮੁਹਾਲੀ, 1 ਅਪਰੈਲ:
ਸੋਸ਼ਲ ਵੈਲਫੇਅਰ ਐਸੋਸੀਏਸ਼ਨ ਫੇਜ਼-2 ਦੇ ਪ੍ਰਧਾਨ ਜਗਰੂਪ ਸਿੰਘ ਭੰਗੂ ਅਤੇ ਪ੍ਰੈਸ ਸਕੱਤਰ ਅਮਰਦੀਪ ਸਿੰਘ ਸੈਣੀ ਨੇ ਮੁਹਾਲੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਮੇਅਰ ਤੋਂ ਮੰਗ ਕੀਤੀ ਕਿ ਇੱਥੋਂ ਦੇ ਫਰੈਂਕੋ ਹੋਟਲ ਨੇੜੇ ਟਰੈਫ਼ਿਕ ਲਾਈਟ ਪੁਆਇੰਟ ਤੋਂ ਲੈ ਕੇ ਡਿਪਲਾਸਟ ਚੌਕ ਤੱਕ ਸੜਕ ਦੇ ਵਿਚਕਾਰ ਡਿਵਾਈਡਰ ਪੱਟੀ ’ਤੇ ਲੱਗੀਆਂ ਤਿੱਖੀਆਂ ਗਰਿੱਲਾਂ ਨੂੰ ਬਦਲਿਆ ਜਾਵੇ ਕਿਉਂਕਿ ਇਹ ਤਿੱਖੀਆਂ ਅਤੇ ਟੁੱਟੀਆਂ ਹੋਈਆਂ ਲੋਹੇ ਦੀਆਂ ਗਰਿੱਲਾਂ ਜਿੱਥੇ ਪੈਦਲ ਰਾਹਗੀਰਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਉੱਥੇ ਜਦੋਂ ਵੀ ਕੋਈ ਛੋਟਾ ਮੋਟਾ ਹਾਦਸਾ ਵਾਪਰਦਾ ਹੈ ਤਾਂ ਵਾਹਨਾਂ ਸਮੇਤ ਚਾਲਕਾਂ ਨੂੰ ਵੀ ਅੌਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਤੱਕ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਕਾਫ਼ੀ ਲੋਕ ਜ਼ਖ਼ਮੀ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਸੜਕ ’ਤੇ ਤਿੱਖੀਆਂ ਗਰਿੱਲਾਂ ਉਤਾਰ ਕੇ ਨਵੀਆਂ ਅਤੇ ਪਲੇਨ ਗਰਿੱਲਾਂ ਲਾਈਆਂ ਜਾਣ ਤਾਂ ਹਾਦਸਾ ਹੋਣ ਸਮੇਂ ਲੋਕਾਂ ਦੀ ਜਾਨ ਬਚ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 30 ਮਾਰਚ ਨੂੰ ਦੋ ਸਕੂਟਰ ਸਵਾਰਾਂ ਦੀ ਆਪਸ ਵਿੱਚ ਹੋਈ ਟੱਕਰ ਦੌਰਾਨ ਇੱਕ ਮੋਟਰ ਸਾਈਕਲ ਸਵਾਰ ਲੋਹੇ ਦੀ ਤਿੱਖੀ ਗਰਿੱਲ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਇਸ ਸੜਕ ਦਾ ਦੌਰਾ ਕਰਕੇ ਮੌਕਾ ਦੇਖਣ ਅਤੇ ਤਿੱਖੀਆਂ ਗਰਿੱਲਾਂ ਨੂੰ ਹਟਾਉਣ ਦੇ ਹੁਕਮ ਜਾਰੀ ਕਰਨ।