
ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਨੂੰ ਲੰਮੀ ਛੁੱਟੀ ‘ਤੇ ਭੇਜਣ ਦੀ ਮੰਗ
ਜੱਜ ਦੀ ਧੀ ਨੂੰ ਗ੍ਰਿਫਤਾਰ ਕਰਨ ਨਾਲ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਆਸ ਬੱਝੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 16 ਜੂਨ:
ਚੰਡੀਗੜ੍ਹ ਦੇ ਸੈਕਟਰ-27 ਦੇ ਪਾਰਕ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਗਏ ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦੇ ਪਰਿਵਾਰ ਨੂੰ ਜੱਜ ਦੀ ਧੀ ਨੂੰ ਗ੍ਰਿਫਤਾਰ ਕਰਨ ਨਾਲ ਇਨਸਾਫ਼ ਦੀ ਆਸ ਬੱਝੀ ਹੈ।
ਵੀਰਵਾਰ ਨੂੰ ਮੁਹਾਲੀ ਦੇ ਫੇਜ-3ਬੀ2 ਸਥਿਤ ਆਪਣੇ ਨਿਵਾਸ ‘ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਪੀ ਸਿੱਧੂ ਦੀ ਮਾਂ ਦੀਪਇੰਦਰ ਕੌਰ ਅਤੇ ਛੋਟੇ ਭਰਾ ਜਿੱਪੀ ਸਿੱਧੂ ਨੇ ਵਾਹਿਗੁਰੂ ਦਾ ਸ਼ੁਕਰ ਕਰਦਿਆਂ ਕਿਹਾ ਕਿ ਸੀਬੀਆਈ ਵੱਲੋਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਜੱਜ ਸਬੀਨਾ ਦੀ ਧੀ ਨੂੰ ਗ੍ਰਿਫਤਾਰ ਕਰਨ ਨਾਲ ਉਹਨਾਂ ਨੇ ਅੱਧੀ ਲੜਾਈ ਤਾਂ ਜਿੱਤ ਲਈ ਅਤੇ ਕਾਤਲਾਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਅੱਗੇ ਵੀ ਤੜਕੇ ਹੋ ਕੇ ਦਲੇਰੀ ਨਾਲ ਜੰਗ ਲੜੀ ਜਾਵੇਗੀ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਪਰ ਜਦੋਂ ਤੱਕ ਇਸ ਕੇਸ ਦੀ ਸੁਣਵਾਈ ਅਦਾਲਤ ਵਿੱਚ ਚੱਲੇਗੀ, ਉਦੋਂ ਤੱਕ ਕਾਰਜਕਾਰੀ ਚੀਫ਼ ਜਸਟਿਸ ਨੂੰ ਲੰਮੀ ਛੁੱਟੀ ‘ਤੇ ਭੇਜਿਆ ਜਾਵੇ ਤਾਂ ਕੋਰਟ ਦੀ ਕਾਰਵਾਈ ਪ੍ਰਭਾਵਿਤ ਨਾ ਹੋਵੇ।
ਸਿੱਪੀ ਦੀ ਮਾਂ ਅਤੇ ਛੋਟੇ ਭਰਾ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਨ ਕਿ ਇਸ ਹੱਤਿਆਕਾਂਡ ਵਿੱਚ ਉਸ (ਸਿੱਪੀ ਸਿੱਧੂ) ਦੀ ਦੋਸਤ ਅਤੇ ਜੱਜ ਦੀ ਧੀ ਸਮੇਤ ਪੂਰੇ ਟੱਬਰ ਦਾ ਹੱਥ ਹੈ ਪਰੰਤੂ ਯੂਟੀ ਪੁਲੀਸ ਨੇ ਜੱਜ ਦੇ ਦਬਾਅ ਮਹਿਲਾ ਮਿੱਤਰ ਨੂੰ ਗ੍ਰਿਫਤਾਰ ਕਰਨ ਦੀ ਜੁਅੱਰਤ ਨਹੀਂ ਕੀਤੀ। ਇਹੀ ਨਹੀਂ ਯੂਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਖਾਨਾਪੂਰਤੀ ਕੀਤੀ ਗਈ ਅਤੇ ਬਾਅਦ ਵਿੱਚ ਇਹ ਹਾਈ ਪ੍ਰੋਫਾਈਲ ਮਾਮਲਾ ਪੁਲੀਸ ਦੀਆਂ ਫਾਈਲਾਂ ਵਿੱਚ ਦਫਨ ਹੋ ਕੇ ਰਹਿ ਗਿਆ ਪਰ ਉਹਨਾਂ ਦੇ ਪਰਿਵਾਰ ਨੇ ਹੌਸਲਾ ਨਹੀਂ ਹਾਰਿਆ। ਬਾਅਦ ਵਿੱਚ 22 ਜਨਵਰੀ 2016 ਨੂੰ ਇਹ ਕੇਸ ਸੀਬੀਆਈ ਦੇ ਸਪੁਰਦ ਕੀਤਾ ਗਿਆ। ਲੇਕਿਨ ਹੁਣ ਕਰੀਬ ਪੌਣੇ ਸੱਤ ਬਾਅਦ ਜੱਜ ਦੀ ਧੀ ਕਲਿਆਣੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਲਿਆਣੀ ਪੋਸਟ ਗਰੈਜੂਏਟ ਸਰਕਾਰੀ ਕਾਲਜ (ਲੜਕੀਆਂ) ਸੈਕਟਰ-42 ਵਿੱਚ ਪ੍ਰੋਫੈਸਰ ਦੇ ਅਹੁਦੇ ‘ਤੇ ਹੈ।
ਸਿੱਪੀ ਦੀ ਮਾਂ ਨੇ ਦੱਸਿਆ ਕਿ ਕਲਿਆਣੀ ਉਸ ਦੇ ਪੁੱਤ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਇਸ ਤੋਂ ਪਹਿਲਾਂ ਸਿੱਪੀ ਇਹ ਜਾਣ ਚੁੱਕਾ ਸੀ ਕਿ ਕਲਿਆਣੀ ਦੇ ਹੋਰਨਾਂ ਮੁੰਡਿਆਂ ਨਾਲ ਵੀ ਕਥਿਤ ਸਬੰਧ ਹਨ। ਜਿਸ ਕਾਰਨ ਉਹਨਾਂ ਦੇ ਪਰਿਵਾਰ ਨੇ ਜੱਜ ਦੀ ਧੀ ਨੂੰ ਵਿਆਹ ਤੋਂ ਜਵਾਬ ਦੇ ਦਿੱਤਾ। ਜਿਸ ਕਾਰਨ ਉਸ ਨੇ ਸਿੱਪੀ ਦਾ ਕਤਲ ਕਰਵਾ ਦਿੱਤਾ। ਇਸ ਪੂਰੇ ਘਟਨਾਕ੍ਰਮ ਵਿੱਚ ਉਸ ਦੇ ਪਰਿਵਾਰ ਦੇ ਬਾਕੀ ਮੈਂਬਰ ਅਤੇ ਹੋਰ ਜਾਣਕਾਰ ਸ਼ਾਮਲ ਹੋ ਸਕਦੇ ਹਨ। ਉਹਨਾਂ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਵੇ।
ਜਿਕਰਯੋਗ ਹੈ ਕਿ ਕਰੀਬ ਸੱਤ ਸਾਲ ਪਹਿਲਾਂ ਸਿੱਪੀ ਸਿੱਧੂ ਦਾ ਚੰਡੀਗੜ੍ਹ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਯੂਟੀ ਪੁਲੀਸ ਨੇ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ-27 ਦੇ ਇੱਕ ਪਾਰਕ ‘ਚੋਂ ਲਾਸ਼ ਬਰਾਮਦ ਕੀਤੀ ਗਈ ਸੀ।