ਭਾਜਪਾ ਨਾਲ ਨੇੜਤਾ ਰੱਖਣ ਵਾਲਿਆਂ ਨੂੰ ਪਾਰਟੀ ’ਚੋਂ ਬਾਹਰ ਕਰਨ, ਨਵੇਂ ਚਿਹਰੇ ਲਿਆਉਣ ਦੀ ਮੰਗ ਉੱਠੀ

ਮੁਹਾਲੀ ਦੇ ਕਾਂਗਰਸੀਆਂ ਨੇ ਕੀਤੀ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਆਰੰਭੀਆਂ

ਨਬਜ਼-ਏ-ਪੰਜਾਬ, ਮੁਹਾਲੀ, 11 ਮਾਰਚ:
ਮੁਹਾਲੀ ਦੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਸਰਗਰਮ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਮੁਹਾਲੀ ਦੇ ਫੇਜ਼-11 ਵਿੱਚ ਹੋਈ। ਜਿਸ ਵਿੱਚ ਮੁਹਾਲੀ ਸ਼ਹਿਰ ਨੂੰ ਦਰਪੇਸ਼ ਸਮੱਸਿਆਵਾਂ, ਕਾਂਗਰਸ ਦੀ ਮੁਹਾਲੀ ਦੇ ਵਿਕਾਸ ਲਈ ਵਿਉਂਤਬੰਦੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਹੋਏ। ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ (ਸਾਬਕਾ ਜ਼ਿਲ੍ਹਾ ਪ੍ਰਧਾਨ ਮੁਹਾਲੀ ਕਾਂਗਰਸ) ਦੀ ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ਵਿੱਚ ਹਾਜ਼ਰ ਨਾ ਹੋ ਸਕੇ ਪਰ ਉਨ੍ਹਾਂ ਨੇ ਮੀਟਿੰਗ ਵਿੱਚ ਆਪਣਾ ਸੰਦੇਸ਼ ਭੇਜ ਕੇ ਵਰਕਰਾਂ ਨੂੰ ਹੱਲਾਸ਼ੇਰੀ ਦਿੱਤੀ।
ਮੁਹਾਲੀ ਦੇ ਡਿਪਟੀ ਮੇਅਰ ਅਤੇ ਸੀਨੀਅਰ ਕਾਂਗਰਸ ਆਗੂ ਕੁਲਜੀਤ ਸਿੰਘ ਬੇਦੀ ਨੇ ਮੀਟਿੰਗ ਵਿੱਚ ਪਹੁੰਚੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਕੀਤੇ ਗਏ ਵਿਕਾਸ ਕਾਰਜਾਂ ਦਾ ਸਿਹਰਾ ਖੱਟਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਹਰ ਪੱਖੋਂ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਅੱਜ ਹਰ ਵਰਗ ਦੇ ਲੋਕ ‘ਆਪ’ ਸਰਕਾਰ ਦੇ ਖ਼ਿਲਾਫ਼ ਸੜਕਾਂ ਉੱਤੇ ਸੰਘਰਸ਼ ਕਰ ਰਹੇ ਹਨ ਅਤੇ ਮੁੱਖ ਮੰਤਰੀ ਮਸਲਿਆਂ ਦਾ ਹੱਲ ਕਰਨ ਦੀ ਥਾਂ ’ਤੇ ਲੋਕਾਂ ਨੂੰ ਧਮਕਾ ਰਹੇ ਹਨ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਅਤੇ ਆਮ ਆਦਮੀ ਪਾਰਟੀ ਦਾ ਬੋਰੀਆ ਬਿਸਤਰਾ ਪੱਕੇ ਤੌਰ ’ਤੇ ਪੰਜਾਬ ’ਚੋਂ ਗੋਲ ਕਰ ਦਿੱਤਾ ਜਾਵੇਗਾ।
ਐਨਐਸਯੂਆਈ ਦੇ ਸੂਬਾ ਪ੍ਰਧਾਨ ਈਸ਼ਰਪ੍ਰੀਤ ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਨਾਲ ਨੇੜਤਾ ਵਧਾਉਣ ਵਾਲੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਦਰਕਿਨਾਰ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਜਿਹੇ ਆਗੂ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਖ਼ਤਰਾ ਹਨ ਅਤੇ ਕਦੇ ਵੀ ਮੁੜ ਪਾਲਾ ਬਦਲ ਸਕਦੇ ਹਨ। ਕੌਂਸਲਰ ਐਡਵੋਕੇਟ ਨਰਪਿੰਦਰ ਸਿੰਘ ਰੰਗੀ (ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਮੁਹਾਲੀ) ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਾਲ ਨੇੜਤਾ ਰੱਖਣ ਵਾਲੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਅਤੇ ਨਵੇਂ ਚਿਹਰੇ ਲਿਆਉਣ ਦੀ ਜੋ ਗੱਲ ਆਖੀ ਹੈ, ਉਹ ਸਵਾਗਤਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਇਹ ਸਭ ਤੋਂ ਜ਼ਰੂਰੀ ਕੰਮ ਹੈ।
ਸੀਨੀਅਰ ਕਾਂਗਰਸੀ ਆਗੂ ਜੀਐਸ ਰਿਆੜ ਨੇ ਕਿਹਾ ਕਿ ਸਮੁੱਚੇ ਮੁਹਾਲੀ ਹਲਕੇ ਦੇ ਕਾਂਗਰਸੀ ਆਗੂਆਂ ਨੂੰ ਇਕੱਠੇ ਹੋ ਕੇ ਹਾਈ ਕਮਾਨ ਨਾਲ ਤਾਲਮੇਲ ਕਰਨ ਅਤੇ ਆਪਣੀ ਗੱਲ ਹਾਈ ਕਮਾਨ ਅੱਗੇ ਰੱਖਣ ਦੀ ਲੋੜ ਹੈ ਤਾਂ ਜੋ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੋਰ ਮਜ਼ਬੂਤ ਹੋ ਸਕੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੰਗ ਬਹਾਦਰ ਸਿੰਘ ਕੁੰਭੜਾ, ਐਡਵੋਕੇਟ ਸੁਸ਼ੀਲ ਕੁਮਾਰ ਅੱਤਰੀ, ਅਜੈਬ ਸਿੰਘ ਬਾਕਰਪੁਰ, ਕੌਂਸਲਰ ਪ੍ਰਮੋਦ ਮਿੱਤਰਾ, ਬਲਬੀਰ ਸਿੰਘ ਸੋਹਲ, ਰਾਜਾ ਕੰਵਰਜੋਤ ਸਿੰਘ, ਸੁਰਿੰਦਰ ਸਿੰਘ ਲੱਕੀ ਗੁਲਾਟੀ ਪ੍ਰਧਾਨ ਖੱਤਰੀ ਅਰੋੜਾ ਵੈਲਫੇਅਰ ਸੁਸਾਇਟੀ ਮੁਹਾਲੀ, ਮਾ. ਲਾਭ ਸਿੰਘ ਮਿੱਢੇ ਮਾਜਰਾ, ਗੁਰਮੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਕੌਂਸਲਰ ਕੁਲਵੰਤ ਸਿੰਘ ਕਲੇਰ, ਏਸੀ ਕੌਸ਼ਿਕ, ਜੀਪੀਐਸ ਬਾਗੜੀ, ਗੁਰਦੇਵ ਸਿੰਘ ਚੌਹਾਨ ਗੁਰਮੀਤ ਸਿੰਘ, ਪੁਸ਼ਪਿੰਦਰ ਸ਼ਰਮਾ, ਸੀਤਲ ਸਿੰਘ, ਐਚਐਸ ਕੰਵਰ, ਕੇਜੀ ਜੌਹਰ, ਗੁਰਜੀਤ ਸਿੰਘ ਸ਼ਾਹ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਭੱਟੀ, ਤਲੋਚਨ ਸਿੰਘ, ਭਗਵੰਤ ਸਿੰਘ ਬੇਦੀ, ਹਰਪ੍ਰੀਤ ਸਿੰਘ ਸੋਹਾਣਾ, ਦਪਿੰਦਰ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…