
ਉੱਘੇ ਨਾਟਕਕਾਰ ਪ੍ਰੋ. ਅਜਮੇਰ ਅੌਲਖ ਦੀ ਮੌਤ, ਅੰਤਿਮ ਸਸਕਾਰ ਅੱਜ
ਮੁੱਖ ਮੰਤਰੀ ਤੇ ਮੰਤਰੀ ਮੰਡਲ ਵੱਲੋਂ ਦੁੱਖ ਦਾ ਪ੍ਰਗਟਾਵਾ, ਵਿਛੜੀ ਰੂਹ ਦੀ ਯਾਦ ਵਿੱਚ ਸਦਨ ਨੇ ਦੋ ਮਿੰਟ ਦਾ ਮੌਨ ਰੱਖਿਆ
ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਦੇ 10 ਧਾਰਮਿਕ ਯਾਤਰੀਆਂ ਦੇ ਹਾਦਸੇ ਵਿੱਚ ਮਾਰੇ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਜੂਨ:
ਪੰਜਾਬੀ ਦੇ ਉੱਘੇ ਨਾਟਕਕਾਰ ਤੇ ਰੰਗਕਰਮੀ ਪ੍ਰੋ. ਅਜਮੇਰ ਸਿੰਘ ਅੌਲਖ ਦਾ ਵੀਰਵਾਰ ਨੂੰ ਤੜਕੇ ਸਵੇਰੇ 5 ਵਜੇ ਦੇਹਾਂਤ ਹੋ ਗਿਆ। ਉਹ ਕੈਂਸਰ ਤੋਂ ਪੀੜਤ ਸਨ। ਹਾਲਾਂਕਿ ਕੁੱਝ ਦਿਨ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਰਹਿਣ ਅਤੇ ਸਿਹਤ ਵਿੱਚ ਸੁਧਾਰ ਹੋਣ ਕਾਰਨ ਉਹ ਆਪਣੇ ਘਰ ਚਲੇ ਗਏ ਸੀ ਲੇਕਿਨ ਬੀਤੇ ਦਿਨੀਂ ਉਨ੍ਹਾਂ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਕਾਰਨ ਸਾਹਿਤਕ ਦੇ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਸ੍ਰੀ ਅੌਲਖ ਦਾ ਭਲਕੇ 16 ਜੂਨ ਸ਼ੁੱਕਰਵਾਰ ਨੂੰ ਮਾਨਸਾ ਬੱਸ ਅੱਡੇ ਨੇੜੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋ. ਅੌਲਖ ਦੀ ਮੌਤ ’ਤੇ ਡੂੱਘੇ ਦਾ ਪ੍ਰਗਟਾਵਾ ਕਰਦਿਆਂ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਪ੍ਰੋ. ਅੌਲਖ ਨੂੰ ਪੰਜਾਬੀ ਬੋਲੀ, ਸਾਹਿਤ ਖਾਸ ਕਰਕੇ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਵਿਕਾਸ ਵਿਚ ਪਾਏ ਗਏ ਵਿਲੱਖਣ ਯੋਗਦਾਨ ਬਦਲੇ ਸਦਾ ਲਈ ਯਾਦ ਰੱਖਿਆ ਜਾਵੇਗਾ ਜਿਨ੍ਹਾਂ ਨੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਖਾਸ ਕਰਕੇ ਗਰੀਬ ਕਿਸਾਨਾਂ, ਖੇਤ ਮਜ਼ਦੂਰਾਂ, ਦਿਹਾੜੀਦਾਰ ਕਾਮਿਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਭਾਰਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰੋ. ਅੌਲਖ ਦਾ ਸਮੁੱਚਾ ਕਾਰਜ ਨਾ ਸਿਰਫ ਸਾਹਿਤਕ ਸਿਰਜਣਾ ਸਗੋਂ ਪ੍ਰੇਰਨਾ ਦਾ ਸਰੋਤ ਵੀ ਹੈ ਜੋ ਕਮਜ਼ੋਰ ਵਰਗਾਂ ਨੂੰ ਆਪਣਾ ਜੀਵਨ ਸਵੈ-ਮਾਣ ਨਾਲ ਜਿਉਣ ਦਾ ਸੁਨੇਹਾ ਦਿੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਨ ਨਾਟਕਕਾਰ ਦੇ ਤੁਰ ਜਾਣ ਨਾਲ ਸਾਹਿਤਕ ਸੰਸਾਰ ਵਿੱਚ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਪੂਰਿਆ ਨਹੀਂ ਜਾ ਸਕਦਾ।
ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ। ਅੱਜ ਵਿਧਾਨ ਸਭਾ ਦੇ ਇਜਲਾਸ ਦੇ ਸ਼ੁਰੂ ਵਿੱਚ ਸਪੀਕਰ ਨੇ ਪ੍ਰੋ. ਅੌਲਖ ਦਾ ਸ਼ੋਕ ਮਤਾ ਪੜ੍ਹਿਆ ਅਤੇ ਸਦਨ ਨੇ ਵਿਛੜੀ ਰੂਹ ਦੀ ਯਾਦ ਵਿੱਚ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਧਾਰਿਆ। ਪ੍ਰੋ. ਅੌਲਖ ਦੇ ਪੰਜਾਬੀ ਸਾਹਿਤ ਅਤੇ ਰੰਗਮੰਚ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ ਸਾਹਿਤ ਅਕਾਦਮੀ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਨਾਟਕਕਾਰ ਦੇ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ।
ਉਧਰ, ਪੰਜਾਬ ਮੰਤਰੀ ਮੰਡਲ ਦੇ ਸਮੂਹ ਮੰਤਰੀਆਂ ਵੱਲੋਂ ਪੰਜਾਬੀ ਦੇ ਨਾਮਵਾਰ ਨਾਟਕਕਾਰ ਪ੍ਰੋ.ਅਜਮੇਰ ਸਿੰਘ ਅੌਲਖ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਇਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਸ੍ਰੀ ਬ੍ਰਹਮ ਮਹਿੰਦਰਾ, ਸ੍ਰੀ ਨਵਜੋਤ ਸਿੰਘ ਸਿੱਧੂ, ਸ੍ਰੀ ਮਨਪ੍ਰੀਤ ਸਿੰਘ ਬਾਦਲ, ਸ੍ਰੀ ਸਾਧੂ ਸਿੰਘ ਧਰਮਸੋਤ, ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਸ੍ਰੀ ਚਰਨਜੀਤ ਸਿੰਘ ਚੰਨੀ, ਸ੍ਰੀਮਤੀ ਅਰੁਨਾ ਚੌਧਰੀ ਤੇ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪ੍ਰੋ. ਅੌਲਖ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਅੱਜ ਆਪਣੇ ਪ੍ਰਸਿੱਧ ਸਾਹਿਤਕਾਰ ਤੋਂ ਵਾਂਝਾ ਹੋ ਗਿਆ। ਉਨ੍ਹਾਂ ਕਿਹਾ ਕਿ ਪ੍ਰੋ. ਅੌਲਖ ਨੇ ਆਪਣੇ ਨਾਟਕਾਂ ਨਾਲ ਪੰਜਾਬੀ ਸਾਹਿਤ ਨੂੰ ਅਮੀਰੀ ਬਖਸ਼ੀ ਅਤੇ ਪੰਜਾਬੀ ਸਾਹਿਤ ਦਾ ਦੇਸ਼ ਅਤੇ ਦੁਨੀਆਂ ਵਿੱਚ ਨਾਂ ਰੌਸ਼ਨ ਕੀਤਾ। ਮਾਨਸਾ ਦੇ ਰਹਿਣ ਵਾਲੇ ਪ੍ਰੋ. ਅੌਲਖ ਨੂੰ ਸਾਹਿਤ ਖੇਤਰ ਵਿੱਚ ਸਿਖਰਲਾ ਇਨਾਮ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ। ਪ੍ਰੋ. ਅੌਲਖ ਦੇ ਨਾਟਕਾਂ ਦਾ ਵਿਸ਼ਾ ਹਮੇਸ਼ਾਂ ਪਿੰਡਾਂ, ਪਿੰਡਾਂ ਦੀ ਜੀਵਨ ਸ਼ੈਲੀ, ਕਿਸਾਨੀ, ਕਿਰਤੀਆਂ ਅਤੇ ਆਮ ਲੋਕ ਹੀ ਰਹੇ। ‘ਬੇਗਾਨੇ ਬੋਹੜ ਦੀ ਛਾਂ’, ‘ਅਰਬਦ ਨਰਬਦ ਧੰਦੂਕਾਰਾ’, ‘ਅੰਨੇ ਨਿਸ਼ਾਨਚੀ’ ਸਮੇਤ ਕਈ ਪ੍ਰਸਿੱਧ ਨਾਟਕ ਲਿਖਣ ਵਾਲੇ ਪ੍ਰੋ. ਅੌਲਖ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੂਮਹ ਮੰਤਰੀਆਂ ਨੇ ਅੌਲਖ ਪਰਿਵਾਰ ਨਾਲ ਦੱੁਖ ਸਾਂਝਾ ਕਰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ।
ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਵਿੱਚ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਅੰਮ੍ਰਿਤਸਰ ਦੇ 10 ਧਾਰਮਿਕ ਯਾਤਰੀਆਂ ਦੇ ਮਾਰੇ ਜਾਣ ਅਤੇ 45 ਹੋਰਾਂ ਦੇ ਜ਼ਖਮੀ ਹੋਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਢਲਿਆਰਾ ਨੇੜੇ ਉਸ ਵੇਲੇ ਵਾਪਰਿਆ ਜਦੋਂ ਇਨ੍ਹਾਂ ਧਾਰਮਿਕ ਯਾਤਰੀਆਂ ਨੂੰ ਲਿਜਾ ਰਹੀ ਇੱਕ ਨਿੱਜੀ ਬੱਸ ਤਿੱਖੇ ਮੋੜ ’ਤੇ ਇੱਕ ਡੂੰਘੀ ਖੱਡ ਵਿੱਚ ਜਾ ਡਿੱਗ। ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਇੱਕ ਤਸੀਲਦਾਰ, ਸਹਾਇਕ ਸਿਵਲ ਸਰਜਨ ਅਤੇ ਕੁੱਝ ਪੁਲਿਸ ਮੁਲਾਜ਼ਮਾਂ ਅਧਾਰਿਤ ਆਪਣੀ ਇੱਕ ਟੀਮ ਨਾਲ ਘਟਨਾ ਵਾਲੇ ਸਥਾਨ ’ਤੇ ਪਹੁੰਚ ਗਏ ਹਨ ਤਾਂ ਜੋ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦੇ ਨਾਲ-ਨਾਲ ਜ਼ਖਮੀਆਂ ਦੇ ਵਧੀਆ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਡੇਹਰਾ ਸਬ ਡਵੀਜ਼ਨ ਦੇ ਮੈਜਿਸਟਰੇਟ ਨਾਲ ਲਗਾਤਾਰ ਸੰਪਰਕ ਵਿੱਚ ਹਨ ਜਿਨ੍ਹਾਂ ਨੂੰ ਰਾਹਤ ਅਤੇ ਬਚਾਊ ਕਾਰਜਾਂ ਦਾ ਸਮੁੱਚਾ ਕੰਮ ਸੌਂਪਿਆ ਗਿਆ ਹੈ।