ਸਾਬਕਾ ਐਮਪੀ ਸਤਨਾਮ ਸਿੰਘ ਕੈਂਥ ਦੀ ਮੌਤ, ਦਲਿਤ ਸਮਾਜ ਵਿੱਚ ਸੋਗ ਦੀ ਲਹਿਰ

ਦਿਮਾਗ ਵਿੱਚ ਜ਼ਿਆਦਾ ਸੋਜਿਸ ਆਉਣ ਕਾਰਨ ਡਾਕਟਰਾਂ ਨੂੰ ਕਰਨਾ ਪਿਆ ਸੀ ਦਿਮਾਗ ਦਾ ਅਪਰੇਸ਼ਨ

ਡੇਢ ਮਹੀਨੇ ਤੋਂ ਆਈਵੀ ਹਸਪਤਾਲ ਮੁਹਾਲੀ ਵਿੱਚ ਜੇਰੇ ਇਲਾਜ ਸਨ ਸਤਨਾਮ ਕੈਂਥ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਪੰਜਾਬ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਤਨਾਮ ਸਿੰਘ ਕੈਂਥ ਦੀ ਐਤਵਾਰ ਨੂੰ ਮੌਤ ਹੋ ਗਈ। ਉਹ ਪਿਛਲੇ ਕਰੀਬ ਡੇਢ ਮਹੀਨੇ ਤੋਂ ਇੱਥੋਂ ਦੇ ਸੈਕਟਰ-71 ਸਥਿਤ ਆਈਵੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਜੇਰੇ ਇਲਾਜ ਸਨ। ਅੱਜ ਦੇਰ ਸ਼ਾਮ ਕਰੀਬ 8:30 ਵਜੇ ਸ੍ਰੀ ਕੈਂਥ ਨੇ ਆਖ਼ਰੀ ਸਾਹ ਲਿਆ। ਇਸ ਗੱਲ ਦੀ ਪੁਸ਼ਟੀ ਹਸਪਤਾਲ ਦੇ ਨੁਮਾਇੰਦੇ ਅਸ਼ੋਕ ਖੰਨਾ ਨੇ ਕੀਤੀ। ਕੈਂਥ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਿਆਸੀ ਹਲਕਿਆਂ ਖ਼ਾਸ ਕਰਕੇ ਦਲਿਤ ਸਮਾਜ ਵਿੱਚ ਸੋਗ ਫੈਲ ਲਿਆ।
ਜਾਣਕਾਰੀ ਅਨੁਸਾਰ ਸਤਨਾਮ ਸਿੰਘ ਕੈਂਥ ਕਾਫੀ ਸਮਾਂ ਬਹੁਜਨ ਸਮਾਜ ਪਾਰਟੀ ਵਿੱਚ ਰਹੇ ਹਨ ਅਤੇ ਉਹ ਬਸਪਾ ਦੇ ਸੁਪਰੀਮੋ ਬਾਬਾ ਕਾਂਸੀ ਰਾਮ ਦੇ ਨੇੜਲੇ ਸਾਥੀਆਂ ’ਚੋਂ ਸਨ। ਉਹ ਸਾਲ 1992 ਤੋਂ 97 ਤੱਕ ਬੰਗਾ ਤੋਂ ਬਸਪਾ ਦੇ ਵਿਧਾਇਕ ਰਹੇ। ਇਸ ਤੋਂ ਬਾਅਦ 1998 ਵਿੱਚ ਫਿਲੋਰ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ। ਉਨ੍ਹਾਂ ਨੇ ਆਪਣੇ ਰਾਜਨੀਤਿਕ ਜੀਵਨ ਵਿੱਚ ਦਲਿਤ ਸਮਾਜ ਦੇ ਵਿਕਾਸ ਲਈ ਵੱਡੀ ਪੱਧਰ ’ਤੇ ਉਪਰਾਲੇ ਕੀਤੇ ਗਏ ਅਤੇ ਹਮੇਸ਼ਾ ਹੀ ਦਲਿਤਾਂ ਉੱਤੇ ਹੋਏ ਅੱਤਿਆਚਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਕਈ ਮਾਮਲਿਆਂ ਵਿੱਚ ਮੂਹਰੇ ਹੋ ਕੇ ਸੰਘਰਸ਼ ਵਿੱਢਿਆ ਗਿਆ। ਜਿਸ ਕਾਰਨ ਉਹ ਦਲਿਤਾਂ ਦੇ ਹਰਮਨਪਿਆਰੇ ਆਗੂ ਸਨ। ਪਿਛਲੇ ਕੁੱਝ ਤੋਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ ਅਤੇ ਮੌਜੂਦਾ ਸਮੇਂ ਵਿੱਚ ਉਹ ਪੰਜਾਬ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਦੇ ਅਹੁਦੇ ’ਤੇ ਤਾਇਨਾਤ ਸਨ।
ਮਿਲੀ ਜਾਣਕਾਰੀ ਅਨੁਸਾਰ ਬੀਤੀ 29 ਨਵੰਬਰ ਨੂੰ ਸ੍ਰੀ ਕੈਂਥ ਨੂੰ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਆਈਵੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਅਨੁਸਾਰ ਸਾਬਕਾ ਸੰਸਦ ਮੈਂਬਰ ਦੇ ਦਿਮਾਗ ਵਿੱਚ ਸੋਗ ਆਈ ਸੀ। ਉਨ੍ਹਾਂ ਨੂੰ ਕਈ ਦਿਨ ਆਈਸੀਯੂ ਵਾਰਡ ਵਿੱਚ ਭਰਤੀ ਕਰਕੇ ਰੱਖਿਆ। ਕਾਂਗਰਸ ਆਗੂ ਦੇ ਦਿਮਾਗ ਵਿੱਚ ਸੋਜਿਸ ਜ਼ਿਆਦਾ ਵਧਣ ਕਾਰਨ ਨਿਊਰੋ ਸਰਜਨ ਡਾ. ਵਨੀਤ ਸਾਗਰ ਦੀ ਅਗਵਾਈ ਵਾਲੀ ਮੈਡੀਕਲ ਟੀਮ ਵੱਲੋਂ ਕੈਂਥ ਦੇ ਦਿਮਾਗ ਦਾ ਅਪਰੇਸ਼ਨ ਕੀਤਾ ਗਿਆ ਅਤੇ ਅਪਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਕਈ ਦਿਨ ਵੈਂਟੀਲੇਟਰ ’ਤੇ ਰੱਖਿਆ ਗਿਆ। ਸਿਹਤ ਵਿੱਚ ਸੁਧਾਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਨਰਲ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ ਸੀ ਲੇਕਿਨ ਅੱਜ ਉਨ੍ਹਾਂ ਨੇ ਦਮ ਤੋੜ ਦਿੱਤਾ।
ਸ੍ਰੀ ਕੈਂਥ ਆਪਣੇ ਪਿੱਛੇ ਆਪਣੀ ਬਿਮਾਰ ਪਤਨੀ ਸ੍ਰੀਮਤੀ ਰਾਜ ਕੁਮਾਰੀ ਜੋ ਕਿ ਗੱਠੀਆ ਦੀ ਬਿਮਾਰੀ ਤੋਂ ਪੀੜਤ ਹਨ ਸਮੇਤ ਦੋ ਬੇਟੇ ਡਾਕਟਰ ਹਰਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਨੂੰ ਛੱਡ ਗਏ ਹਨ। ਦੋਵੇਂ ਬੇਟੇ ਆਪਣੇ ਪਿਤਾ ਦੀਆਂ ਉਮੀਦਾਂ ’ਤੇ ਖ਼ਰਾਂ ਉੱਤਰਨ ਲਈ ਮੌਜੂਦਾ ਸਮੇਂ ਵਿੱਚ ਆਈਏਐਸ ਦੀ ਕੋਸ਼ਿਸ਼ ਲੈ ਰਹੇ ਹਨ। ਸ੍ਰੀ ਕੈਂਥ ਦੇ ਛੋਟੇ ਭਰਾ ਸੁਰਜੀਤ ਕੈਂਥ ਅਮਰੀਕਾ ਵਿੱਚ ਹਨ। ਜਿਨ੍ਹਾਂ ਦੀ ਸ੍ਰੀ ਕੈਂਥ ਦੀ ਮੌਤ ਬਾਰੇ ਸੂਚਨਾ ਦੇ ਦਿੱਤੀ ਹੈ। ਉਹ ਸੋਮਵਾਰ ਨੂੰ ਇੰਡੀਆ ਭਾਰਤ ਆਉਣ ਲਈ ਫਾਇਲਟ ਵਿੱਚ ਬੈਠਣਗੇ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਕਾਂਗਰਸ ਆਗੂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਉਧਰ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਓਐਸਡੀ ਕੈਪਟਨ ਸੰਦੀਪ ਸਿੰਘ ਸੰਧੂ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਬਲਜਿੰਦਰ ਸਿੰਘ ਚੰਗਾਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਆਦਮਪੁਰ ਤੋਂ ਵਿਧਾਇਕ ਪਵਨ ਟੀਨੂ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ ਅਨੁਸੂਚਿਤ ਜਾਤੀ ਤੇ ਜਨਜਾਤੀ ਕਮਿਸ਼ਨ ਦੇ ਮੈਂਬਰ ਪ੍ਰਭ ਦਿਆਲ ਸਿੰਘ, ਸੇਵਾਮੁਕਤ ਆਈਏਐਸ ਗੁਰਪਾਲ ਸਿੰਘ ਭੱਟੀ, ਟੀ.ਆਰ. ਸਾਰੰਗਲ, ਸਡਿਊਲ ਕਾਸਟ ਅਲਾਇੰਸ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ, ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ, ਬਸਪਾ ਆਗੂ ਰਜਿੰਦਰ ਸਿੰਘ ਨਨਹੇੜੀਆਂ,ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਵਤਾਰ ਸਿੰਘ ਲਟੌਰ, ਜੱਟ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਪੁਨੀਆਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਟਿਵਾਣਾ, ਯੂਥ ਵਿੰਗ ਦੇ ਪ੍ਰਧਾਨ ਜੱਸੀ ਬੱਲੋਮਾਜਰਾ, ਐਸ.ਈ. ਸੈੱਲ ਦੇ ਸੂਬਾ ਕਨਵੀਨਰ ਰਾਜਵਿੰਦਰ ਸਿੰਘ ਭੱਲਮਾਜਰਾ, ਬਲਾਕ ਸੰਮਤੀ ਬੰਗਾ ਦੇ ਵਾਈਸ ਚੇਅਰਮੈਨ ਡਾ. ਦੇਸ਼ ਰਾਜ ਅਤੇ ਡਾ. ਬਖ਼ਸ਼ੀਸ਼ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਸ੍ਰੀ ਕੈਂਥ ਦੀ ਮੌਤ ’ਤੇ ਦੁੱਖ ਪ੍ਰਗਟਾਉਂਦਿਆਂ ਕੈਂਥ ਪਰਿਵਾਰ ਨਾਲ ਹਮਦਰਦੀ ਜਾਹਰ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…