nabaz-e-punjab.com

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਦੇਹਾਂਤ, ਅੰਤਿਮ ਸਸਕਾਰ ਅੱਜ

ਗਿਆਨੀ ਮੱਲ ਸਿੰਘ ਸੋਹਾਣਾ ਹਸਪਤਾਲ ਵਿੱਚ ਬਾਅਦ ਦੁਪਹਿਰ ਲਿਆ ਆਖਰੀ ਸਾਹ, ਸਿੱਖਾਂ ਵਿੱਚ ਸੋਗ ਦੀ ਲਹਿਰ

ਮੁੱਖ ਮੰਤਰੀ ਕੈਪਟਨ ਅਮਰਿੰਦਰ, ਬਾਦਲ ਪਰਿਵਾਰ, ਚੰਦੂਮਾਜਰਾ ਤੇ ਢੀਂਡਸਾ ਵੱਲੋਂ ਗਿਆਨੀ ਮੱਲ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਗਸਤ:
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਅੱਜ ਦੁਪਹਿਰ ਸਮੇਂ ਇੱਥੋਂ ਦੇ ਸੋਹਾਣਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਜਿਸ ਕਾਰਨ ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਗਿਆਨੀ ਮੱਲ ਸਿੰਘ ਪਿਛਲੇ ਇੱਕ ਮਹੀਨੇ ਤੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹਸਪਤਾਲ ਸੋਹਾਣਾ ਵਿੱਚ ਦਾਖ਼ਲ ਸਨ ਅਤੇ ਅੱਜ ਦੁਪਹਿਰ ਵੇਲੇ ਉਹਨਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੱਸਿਆ ਕਿ ਗਿਆਨੀ ਜੀ ਦਾ ਅੰਤਿਮ ਸਸਕਾਰ ਭਲਕੇ 16 ਅਗਸਤ ਨੂੰ ਸਵੇਰੇ 11:30 ਵਜੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੀਤਾ ਜਾਵੇਗਾ।
ਹਸਪਤਾਲ ਦੇ ਟਰੱਸਟੀ ਸਕੱਤਰ ਭਾਈ ਗੁਰਮੀਤ ਸਿੰਘ ਨੇ ਦੱਸਿਆ ਕਿ ਗਿਆਨੀ ਮੱਲ ਸਿੰਘ ਨੂੰ ਬੀਤੀ 21 ਜੁਲਾਈ ਨੂੰ ਸੋਹਾਣਾ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ ਸੀ। ਉਹਨਾਂ ਦੱਸਿਆ ਕਿ ਗਿਆਨੀ ਮੱਲ ਸਿੰਘ ਦੇ ਦਿਮਾਗ ਵਿੱਚ ਟਿਊਮਰ ਸੀ ਅਤੇ ਡੇਢ ਸਾਲ ਪਹਿਲਾਂ ਵੀ ਉਹਨਾਂ ਦੀ ਸਰਜਰੀ ਹੋਈ ਸੀ। ਜਿਸ ਤੋਂ ਬਾਅਦ ਉਹ ਠੀਕ ਹੋ ਗਏ ਸਨ ਪ੍ਰੰਤੂ ਪਿਛਲੇ ਸਮੇਂ ਦੌਰਾਨ ਇਹ ਬਿਮਾਰੀ ਦੁਬਾਰਾ ਵੱਧ ਗਈ। ਉਹਨਾਂ ਦੱਸਿਆ ਕਿ ਗਿਆਨੀ ਮੱਲ ਸਿੰਘ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਸੀ। ਜਿੱਥੇ ਉਹਨਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਉਹਨਾਂ ਨੂੰ ਛਾਤੀ ਵਿੱਚ ਇੰਨਫੈਕਸ਼ਨ ਦੀ ਸ਼ਿਕਾਇਤ ਵੀ ਸੀ ਅਤੇ ਪਿਛਲੇ ਦਿਨੀਂ ਉਹਨਾਂ ਨੂੰ ਨਿਮੂਨੀਏ ਦੀ ਸ਼ਿਕਾਇਤ ਵੀ ਹੋਈ ਸੀ ਅਤੇ ਇੰਨਫੈਕਸ਼ਨ ਵੱਧ ਜਾਣ ਕਾਰਨ ਹੀ ਉਹਨਾਂ ਦੀ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਅੱਜ ਦੁਪਹਿਰ ਸਵਾ ਦੋ ਵਜੇ ਦੇ ਕਰੀਬ ਗਿਆਨੀ ਮੱਲ ਸਿੰਘ ਦੇ ਸਵਾਸ ਉਹਨਾਂ ਦਾ ਸਾਥ ਛੱਡ ਗਏ। ਉਹ ਪਿਛਲੇ ਕਈ ਦਿਨਾਂ ਤੋਂ ਅਚੇਤ ਅਵਸਥਾ ਵਿੱਚ ਹੀ ਸਨ।ਗਿਆਨੀ ਮੱਲ ਸਿੰਘ ਦੀ ਮੌਤ ਵੇਲੇ ਉਹਨਾਂ ਦੀ ਪਤਨੀ, ਪੁੱਤਰ ਅਤੇ ਹੋਰ ਪਰਿਵਾਰਵਕ ਮੈਂਬਰ ਵੀ ਹਸਪਤਾਲ ਵਿੱਚ ਹੀ ਮੌਜੂਦ ਸਨ।
ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਅੱਜ ਸੰਖੇਪ ਬਿਮਾਰੀ ਮਗਰੋਂ ਚੱਲ ਵਸੇ। ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਗਿਆਨੀ ਮੱਲ ਸਿੰਘ ਨੂੰ ਮਹਾਨ ਸਿੱਖ ਵਿਦਵਾਨ ਅਤੇ ਧਰਮ ਸ਼ਾਸਤਰੀ ਦੱਸਿਆ ਜੋ ਗੁਰਮਤਿ, ਗੁਰਬਾਣੀ ਅਤੇ ਸਿੱਖ ਸਿਧਾਂਤਾਂ ਦੀ ਡੂੰਘੀ ਸਮਝ ਰੱਖਦੇ ਸਨ। ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ, ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਯੂਥ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ, ਐਸਜੀਪੀਸੀ ਦੀ ਮੈਂਬਰ ਪਰਮਜੀਤ ਸਿੰਘ ਲਾਂਡਰਾਂ ਸਮੇਤ ਹੋਰਨਾਂ ਆਗੂਆਂ ਨੇ ਗਿਆਨੀ ਜੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਸਿੱਖ ਪੰਥ ਲਈ ਵੱਡਾ ਘਾਟਾ ਦੱਸਿਆ। ਯੂਥ ਅਕਾਲੀ ਆਗੂ ਅਮਨਦੀਪ ਸਿੰਘ ਅਬਿਆਨਾ ਨੇ ਗਿਆਨੀ ਮੱਲ ਸਿੰਘ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਕੌਮ ਇੱਕ ਵਿਦਵਾਨ ਸ਼ਖ਼ਸੀਅਤ ਤੋਂ ਵਾਂਝੀ ਹੋ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …