ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਵਫ਼ਦ ਦੀ ਮੁਲਾਜ਼ਮ ਮੰਗਾਂ ਬਾਰੇ ਪ੍ਰਧਾਨ ਮੁੱਖ ਵਣਪਾਲ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਵਫ਼ਦ ਵੱਲੋਂ ਸੂਬਾਈ ਜਨਰਲ ਸਕੱਤਰ ਬਲਬੀਰ ਸਿੰਘ ਸਿਵੀਆਂ ਦੀ ਅਗਵਾਈ ਹੇਠ ਵਣ ਭਵਨ ਵਿੱਚ ਪ੍ਰਧਾਨ ਮੁੱਖ ਵਣਪਾਲ ਜਤਿੰਦਰ ਸ਼ਰਮਾ ਨਾਲ ਪੈਨਲ ਮੀਟਿੰਗ ਕੀਤੀ ਗਈ। ਇਸ ਦੌਰਾਨ ਸੂਬਾਈ ਆਗੂ ਰਛਪਾਲ ਸਿੰਘ ਅੰਮ੍ਰਿਤਸਰ, ਦੀਵਾਨ ਸਿੰਘ ਖਡੂਰ ਸਾਹਿਬ ਅਤੇ ਹਰਜੀਤ ਕੌਰ ਮੱਤੇਵਾੜਾ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਆਗੂ ਦਵਿੰਦਰ ਸਿੰਘ ਪੂਨੀਆਂ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕੱਚੇ ਵਰਕਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਨਵੰਬਰ 2016 ਵਿੱਚ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਜੰਗਲਾਤ ਵਰਕਰਾਂ ਨੂੰ ਪੱਕਾ ਕਰਨ ਦੀ ਮੰਗ ’ਤੇ ਪ੍ਰਧਾਨ ਮੁੱਖ ਵਣਪਾਲ ਨੇ ਕਿਹਾ ਕਿ ਇਸ ਸਬੰਧੀ ਕੇਸ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਹੋਇਆ ਹੈ ਅਤੇ ਸਰਕਾਰ ਦੇ ਆਦੇਸ਼ਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਸੀਨੀਆਰਤਾ ਸੂਚੀ ਵਿੱਚ ਰਹਿ ਗਈਆਂ ਤਰੁੱਟੀਆਂ ਦੂਰ ਕਰਨ ਅਤੇ ਸੂਚੀ ਤੋਂ ਬਾਹਰ ਰਹਿ ਗਏ ਵਰਕਰਾਂ ਨੂੰ ਸੂਚੀ ਵਿੱਚ ਸ਼ਾਮਲ ਕਰਨ ਬਾਰੇ ਪ੍ਰਧਾਨ ਮੁੱਖ ਵਣਪਾਲ ਨੇ ਮੌਕੇ ‘ਤੇ ਹੀ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਮੁਕਤਸਰ ਦੇ ਵਣ ਮੰਡਲ ਅਫਸਰਾਂ ਨੂੰ ਫੋਨ ਰਾਹੀਂ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਅਤੇ ਇਸ ਸੰਬੰਧੀ ਆਮ ਪੱਤਰ ਜਾਰੀ ਕਰਨ ਦਾ ਵੀ ਭਰੋਸਾ ਦਿੱਤਾ। ਕੱਚੇ ਵਰਕਰਾਂ ਦੀ ਦੁਰਘਟਨਾਂ ਉਪਰੰਤ ਇਲਾਜ ਦਾ ਮੁਕੰਮਲ ਖਰਚਾ ਸਰਕਾਰੀ ਤੌਰ ‘ਤੇ ਅਤੇ ਜਾਨੀ ਨੁਕਸਾਨ ਹੋ ਜਾਣ ’ਤੇ ਰੈਗੂਲਰ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦਿੱਤੇ ਜਾਣ ਦੀ ਮੰਗ ‘ਤੇ ਪ੍ਰਧਾਨ ਮੁੱਖ ਵਣਪਾਲ ਨੇ ਲੇਬਰ ਕਮਿਸ਼ਨਰ ਪੰਜਾਬ ਤੋਂ ਅਗਵਾਈ ਲੈਕੇ ਕਰਵਾਈ ਕਰਨ ਦਾ ਭਰੋਸਾ ਦਿੱਤਾ।
ਜੰਗਲਾਤ ਵਰਕਰਾਂ ਦੀ ਛੁੱਟੀਆਂ ਦੀ ਮੰਗ ‘ਤੇ ਪ੍ਰਧਾਨ ਮੁੱਖ ਵਣਪਾਲ ਨੇ ਕਿਹਾ ਕਿ 7 ਕੌਮੀ ਤੇ ਤਿਉਹਾਰੀ ਛੁੱਟੀਆਂ ਲਾਗੂ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਨ੍ਹਾ ਨੇ ਯੂਨੀਅਨ ਨੂੰ ਇਸ ਸੰਬੰਧੀ ਇੱਕ ਪੱਤਰ ਵੀ ਦਿੱਤਾ। ਪਿਛਲੇ ਮਹੀਨਿਆਂ ਦੀਆਂ ਤਨਖਾਹਾਂ ਦੇ ਬਕਾਇਆਂ ਸੰਬੰਧੀ ਪ੍ਰਧਾਨ ਮੁੱਖ ਵਣਪਾਲ ਨੇ ਕਿਹਾ ਕਿ ਲੋੜੀਂਦਾ ਬਜਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਧਾਨ ਮੁੱਖ ਵਣਪਾਲ ਨੇ ਵਿਭਾਗ ਅੰਦਰ ਠੇਕੇਦਾਰੀ ਪ੍ਰਥਾ ਰਾਹੀਂ ਕਰਵਾਏ ਜਾਂਦੇ ਕੰਮਾਂ ਬਾਰੇ ਭਰੋਸਾ ਦਿੰਦਿਆਂ ਕਿਹਾ ਕਿ ਸਾਰੇ ਵਿਭਾਗੀ ਕੰਮ ਵਿਭਾਗ ਰਾਹੀਂ ਹੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਮੈਡੀਕਲ ਛੁੱਟੀਆਂ, ਜਣੇਪਾ ਛੁੱਟੀਆਂ, ਅਚਨਚੇਤੀ ਛੁੱਟੀਆਂ, ਪ੍ਰਾਵੀਡੈਂਟ ਫੰਡ ਅਤੇ ਈ.ਐਸ.ਆਈ. ਸੰਬੰਧੀ ਮੰਗਾਂ ਬਾਰੇ ਪ੍ਰਧਾਨ ਮੁੱਖ ਵਣਪਾਲ ਨੇ ਨਾਂਹਪੱਖੀ ਜਵਾਬ ਦਿੱਤਾ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…