nabaz-e-punjab.com

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਨੇ ਵਰ੍ਹਦੇ ਮੀਂਹ ਵਿੱਚ ਦਿੱਤਾ ਵਣ ਭਵਨ ਦੇ ਮੂਹਰੇ ਸੂਬਾ ਪੱਧਰੀ ਧਰਨਾ

ਸੈਂਕੜੇ ਜੰਗਲਾਤ ਮੁਲਾਜ਼ਮਾਂ ਨੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਕੀਤੀ ਆਵਾਜ਼ ਬੁਲੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ਦੀਆਂ ਵੱਖ ਵੱਖ ਰੇਂਜਾਂ ਵਿੱਚੋਂ ਵੱਡੀ ਗਿਣਤੀ ਵਿੱਚ ਪਹੁੰਚੇ ਜੰਗਲਾਤ ਵਰਕਰਾਂ ਵੱਲੋਂ ਸੂਬਾ ਪ੍ਰਧਾਨ ਨਾਨਕ ਦਾਸ ਅਤੇ ਜਨਰਲ ਸਕੱਤਰ ਬਲਬੀਰ ਸਿੰਘ ਸੀਵੀਆ ਦੀ ਅਗਵਾਈ ਹੇਠ ਸਥਾਨਕ ਵਣ ਭਵਨ ਵਿਖੇ ਪ੍ਰਧਾਨ ਮੁੱਖ ਵਣਪਾਲ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ। ਇਕੱਤਰ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਬਲਬੀਰ ਸਿੰਘ ਸਿਵੀਆ, ਬਲਕਾਰ ਸਿੰਘ ਭੱਖੜਾ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐਮ.ਐਫ) ਦੇ ਆਗੂ ਜਰਮਨਜੀਤ ਸਿੰਘ ਅਤੇ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਸੰਬਰ 2016 ਤੱਕ 3 ਸਾਲ ਦੀ ਨੌਕਰੀ ਪੂਰੀ ਕਰ ਚੁੱਕੇ ਕੱਚੇ ਵਰਕਰਾਂ ਨੂੰ ਪੱਕਾ ਕਰਨ ਦਾ ਨੋਟੀਫਿਕੇਸ਼ਨ ਕਰਨ ਦੇ ਬਾਵਜ਼ੂਦ ਵੀ ਜੰਗਲਾਤ ਵਿਭਾਗ ਦੇ ਵਰਕਰ ਪੱਕੇ ਨਹੀਂ ਕੀਤੇ ਜਾ ਰਹੇ। ਇਹ ਵਰਕਰ 25-25 ਸਾਲ ਕੰਮ ਕਰਨ ਤੋਂ ਬਾਅਦ ਵੀ ਕੱਚੇ ਹਨ ਅਤੇ ਸੈਂਕੜੇ ਵਰਕਰ ਓਵਰਏਜ ਹੋ ਚੁੱਕੇ ਹਨ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੈਂਕੜੇ ਜੰਗਲਾਤ ਵਰਕਰਾਂ ਨੂੰ 31 ਮਾਰਚ ਤੋਂ ਬਾਅਦ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਉਹਨਾ ਨੇ ਕਿਹਾ ਕਿ ਵਿਭਾਗ ਵੱਲੋਂ ਕਈ ਡਵੀਜ਼ਨਾਂ ਅੰਦਰ ਵਰਕਰਾਂ ਦੇ ਮਸਟਰੋਲਾਂ ਦੇ ਪੁਰਾਣੇ ਰਿਕਾਰਡ ਨੂੰ ਸਾੜ ਦਿੱਤਾ ਗਿਆ ਸੀ, ਜਿਸ ਦਾ ਖਮਿਆਜਾ ਵਰਕਰਾਂ ਨੂੰ ਭੁਗਤਣਾ ਪਿਆ ਹੈ ਅਤੇ ਸੀਨੀਅਰ ਹੋਣ ਦੇ ਬਾਵਜ਼ੂਦ ਉਹਨਾ ਦੇ ਨਾਮ ਸੀਨੀਆਰਤਾ ਸੂਚੀ ਵਿੱਚ ਨਹੀਂ ਆ ਸਕੇ। ਆਗੂਆਂ ਨੇ ਕਿਹਾ ਕਿ ਵਰਕਰਾਂ ਨੂੰ ਰੈਗੂਲਰ ਕਰਵਾਉਣ ਲਈ ਜੁਲਾਈ ਮਹੀਨੇ ਵਿੱਚ ਪੰਜਾਬ ਦੇ ਸਾਰੇ ਵਣ ਮੰਡਲ ਦਫਤਰਾਂ ਅੱਗੇ ਧਰਨੇ ਲਗਾ ਕੇ ਜੰਗਲਾਤ ਮੰਤਰੀ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਮੰਗ ਪੱਤਰ ਭੇਜਣ ਦੇ ਬਾਵਜੂਦ ਹਾਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆ ਬਲਬੀਰ ਸਿੰਘ ਗਿੱਲਾਂਵਾਲਾ, ਜਗਸੀਰ ਸਿੰਘ ਮੁਕਤਸਰ, ਜਗਦੀਸ਼ ਕੁਮਾਰ ਫਾਜ਼ਿਲਕਾ, ਗੁਰਦੀਪ ਸਿੰਘ ਕਲੇਰ, ਜੋਗਿੰਦਰ ਸਿੰਘ ਨਕੋਦਰ, ਹਰਜੀਤ ਕੌਰ ਸਮਰਾਲਾ ਅਤੇ ਗੁਰਮੇਲ ਸਿੰਘ ਲੰਬੀ ਨੇ ਮੰਗ ਕੀਤੀ ਕਿ ਨੀਤੀ ਅਨੁਸਾਰ 31-12-16 ਤੱਕ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਜੰਗਲਾਤ ਵਰਕਰ ਤੁਰੰਤ ਪੱਕੇ ਕੀਤੇ ਜਾਣ ਅਤੇ ਸੀਨੀਆਰਤਾ ਸੂਚੀ ਤੋਂ ਬਾਹਰ ਰਹਿ ਗਏ ਵਰਕਰਾਂ ਨੂੰ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ। ਵਿਭਾਗ ਅੰਦਰ ਠੇਕੇਦਾਰੀ ਪ੍ਰਬੰਧ ਮੁਕੰਮਲ ਰੱਦ ਕਰਕੇ ਸਾਰਾ ਕੰਮ ਜੰਗਲਾਤ ਵਰਕਰਾਂ ਰਾਹੀਂ ਕਰਵਾਇਆ ਜਾਵੇ। ਸਾਲ ਵਿੱਚ 240 ਦਿਨਾਂ ਤੋਂ ਘੱਟ ਕੰਮ ਕਰਨ ਵਾਲੇੇ ਵਰਕਰਾਂ ਦੇ ਦਿਨ ਪੂਰੇ ਕਰਨ ਲਈ ਅਗਲੇ ਪਿਛਲੇ ਸਾਲਾਂ ਵਿੱਚ ਕੀਤੇ ਕੰਮ ਦੇ ਦਿਨਾਂ ਨੂੰ ਜੋੜ ਕੇ 3 ਸਾਲਾਂ ਨੂੰ ਗਿਣਿਆ ਜਾਵੇ। 240 ਦਿਨ ਤੋਂ ਵੱਧ ਕੰਮ ਕਰ ਚੁੱਕੇ ਵਰਕਰਾਂ ਨੂੰ ਸਕਿੱਲਡ ਰੇਟ ਦਿੱਤਾ ਜਾਵੇ।
ਸਮੂਹ ਕਾਮਿਆਂ ‘ਤੇ ਈ.ਪੀ.ਐਫ. ਅਤੇ ਈ.ਐਸ.ਆਈ. ਸਹੂਲਤਾਂ ਲਾਗੂ ਕੀਤੀਆਂ ਜਾਣ। ਵਰਕਰਾਂ ਨੂੰ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ, ਹਰੇਕ ਕਿਸਮ ਦੀਆਂ ਅਚਨਚੇਤੀ, ਮੈਡੀਕਲ ਅਤੇ ਜਣੇਪਾ ਛੁੱਟੀਆਂ, ਗਜ਼ਟਿਡ ਛੁੱਟੀਆਂ, ਕੌਮੀ ਛੁੱਟੀਆਂ ਅਤੇ ਹਫਤਾਵਰੀ ਰੈਸਟ ਵੀ ਦਿੱਤੀ ਜਾਵੇ। ਛਾਂਟੀ ਕੀਤੇ ਗਏ ਵਰਕਰਾਂ ਨੂੰ ਕੰਮ ’ਤੇ ਲਾਇਆ ਜਾਵੇ ਅਤੇ ਤਨਖਾਹਾਂ ਦੇ ਬਕਾਏ ਦਿੱਤੇ ਜਾਣ। ਧਰਨੇ ਨੂੰ ਰਛਪਾਲ ਸਿੰਘ ਤਰਸਿੱਕਾ, ਕੁਲਦੀਪ ਲਾਲ ਮੱਤੇਵਾੜਾ, ਰਾਜ ਕੁਮਾਰ ਨਵਾਂ ਸ਼ਹਿਰ, ਬਲਦੇਵ ਸਿੰਘ, ਰਣਜੀਤ ਸਿੰਘ, ਸ਼ਿੰਦਰ ਸਿੰਘ ਫ਼ਲੀਆਂਵਾਲਾ, ਦੀਵਾਨ ਸਿੰਘ ਖਡੂਰ ਸਾਹਿਬ, ਰਾਮ ਸਿੰਘ, ਬਖ਼ਸ਼ੀ ਰਾਮ, ਰਾਮ ਕੁਮਾਰ, ਗੁਰਦੀਪ ਸਿੰਘ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਨਛੱਤਰ ਸਿੰਘ ਅਤੇ ਡੀ.ਐਮ.ਐਫ. ਵੱਲੋਂ ਜਸਵਿੰਦਰ ਝੰੰਬੇਲਵਾਲੀ, ਗੁਰਦੇਵ ਸਿੰਘ ਸਮਾਰਾਏ, ਪ੍ਰਵੀਨ ਸ਼ਰਮਾ ਅਤੇ ਪਵਨ ਮੁਕਤਸਰ ਆਦਿ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Agriculture & Forrest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…