Nabaz-e-punjab.com

ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਪੰਜਾਬ ਦਾ ਵਫ਼ਦ ਸਿੱਖਿਆ ਸਕੱਤਰ ਨੂੰ ਮਿਲਿਆ

ਸਿੱਖਿਆ ਮੰਤਰੀ ’ਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼, ਬੀਏ ਪਾਸ ਕੁੱਕ ਬੀਬੀਆਂ ਨੂੰ ਸਹਾਇਕ ਮੈਨੇਜਰ ਵਜੋਂ ਤਰੱਕੀ ਦੇਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਡੈਮੋਕ੍ਰੇਟਿਕ ਮਿਡ-ਡੇਅ-ਮੀਲ ਕੁੱਕ ਫਰੰਟ ਪੰਜਾਬ ਦੇ ਵਫ਼ਦ ਨੇ ਮਿਡ-ਡੇਅ-ਮੀਲ ਕੁੱਕ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਸਕੱਤਰ ਕਿਸ਼ਨ ਕੁਮਾਰ ਅਤੇ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨਾਲ ਮੁਲਾਕਾਤ ਕੀਤੀ। ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਦੱਸਿਆ ਕਿ ਵਫ਼ਦ ਨੇ ਸਿੱਖਿਆ ਸਕੱਤਰ ਦੇ ਧਿਆਨ ਵਿੱਚ ਲਿਆਂਦਾ ਕਿ ਸਿੱਖਿਆ ਮੰਤਰੀ ਵੱਲੋਂ ਉਨ੍ਹਾਂ ਦੀ ਤਨਖ਼ਾਹ 1700 ਰੁਪਏ ਤੋਂ ਦੁਗਣੀ ਕਰਕੇ 3400 ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਸੀ ਲੇਕਿਨ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਮਿਡ ਡੇਅ ਮੀਲ ਕੁੱਕ ਬੀਬੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਦੋਂਕਿ ਗੁਆਂਢੀ ਸੂਬੇ ਹਰਿਆਣੇ ਵਿੱਚ 4500 ਰੁਪਏ, ਤਾਮਿਲਨਾਡੂ ਵਿੱਚ 6500 ਰੁਪਏ ਮਹੀਨਾ ਅਤੇ ਕੇਰਲਾ ਵਿੱਚ 9000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਿੱਖਿਆ ਸਕੱਤਰ ਨੇ ਵਫ਼ਦ ਨੂੰ ਦੱਸਿਆ ਕਿ ਮਿਡ ਡੇ ਮੀਲ ਕੁੱਕ ਦੀ ਤਨਖ਼ਾਹ ਅਤੇ ਹੋਰ ਮੰਗਾਂ ਲਈ ਤਿਆਰ ਕੀਤੀ ਫਾਈਲ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ ਜਿਸ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ। ਵਫ਼ਦ ਨੇ ਮੰਗ ਕੀਤੀ ਕਿ ਮਿਡ ਡੇਅ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਧੀਨ ਲਿਆ ਕੇ ਤਨਖ਼ਾਹਾਂ ਵਿੱਚ ਵਾਧਾ ਕੀਤਾ ਜਾਵੇ, ਮਿਡ ਡੇ ਮੀਲ ਕੁੱਕ ਦੀ ਸਾਲ ਵਿੱਚ 2 ਮਹੀਨੇ ਛੁੱਟੀਆਂ ਦੀ ਤਨਖ਼ਾਹ ਕੱਟਣੀ ਬੰਦ ਕਰਕੇ ਪੂਰੇ ਸਾਲ ਦੀ ਤਨਖ਼ਾਹ ਦਿੱਤੀ ਜਾਵੇ, ਅੱਗ ਅਤੇ ਗੈਸ ਦੇ ਨਾਲ ਜੋਖ਼ਮ ਭਰਿਆ ਕੰਮ ਕਰਨ ਦੇ ਕਾਰਨ ਹਰ ਕੁੱਕ ਦਾ ਪੰਜ ਲੱਖ ਦਾ ਬੀਮਾ ਵਿਭਾਗ ਵੱਲੋਂ ਕਰਵਾਇਆ ਜਾਵੇ, 25 ਬੱਚਿਆਂ ਤੇ ਇੱਕ ਕੁੱਕ ਰੱਖਣ, ਉਸ ਤੋਂ ਬਾਅਦ 100 ਬੱਚਿਆਂ ਤੱਕ ਦੂਜੇ ਕੁੱਕ ਰੱਖਣ ਅਤੇ ਅਗਲੇ ਹਰ 100 ਬੱਚਿਆਂ ਤੇ ਇੱਕ-ਇੱਕ ਕੁੱਕ ਰੱਖਣ ਦੇ ਬਣਾਏ ਨਿਯਮ ਵਿੱਚ ਤਬਦੀਲੀ ਕੀਤੀ ਜਾਵੇ, ਪ੍ਰੀ-ਪ੍ਰਾਇਮਰੀ ਕਲਾਸ ਦੇ ਬੱਚਿਆਂ ਦੀ ਗਿਣਤੀ ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਬੱਚਿਆਂ ਦੀ ਗਿਣਤੀ ਘਟਣ ਦੇ ਆਧਾਰ ਤੇ ਪਿਛਲੇ 10-10 ਸਾਲਾਂ ਤੋਂ ਕੰਮ ਕਰਦੀ ਕੁੱਕ ਨੂੰ ਸਕੂਲਾਂ ’ਚੋਂ ਕੱਢਣਾ ਬੰਦ ਕੀਤਾ ਜਾਵੇ।
ਆਗੂਆਂ ਨੇ ਮੰਗ ਕੀਤੀ ਕਿ ਜੋ ਮਿਡ ਡੇਅ ਮੀਲ ਕੁੱਕ ਬੀਏ ਪਾਸ ਹਨ। ਉਨ੍ਹਾਂ ਨੂੰ ਬਲਾਕ ਦਫ਼ਤਰਾਂ ਵਿੱਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ ਅਤੇ ਸਕੂਲਾਂ ਵਿੱਚ ਖਾਣਾ ਬਣਾਉਣ ਸਮੇਂ ਜਿਨ੍ਹਾਂ ਮਿਡ ਡੇਅ ਮੀਲ ਕੁੱਕ ਬੀਬੀਆਂ ਨਾਲ ਹਾਦਸੇ ਵਾਪਰ ਚੁੱਕੇ ਜਾਂ ਵਾਪਰ ਰਹੇ ਹਨ। ਸਰਕਾਰ ਉਨ੍ਹਾਂ ਦੀ ਫੌਰੀ ਮਦਦ ਕਰੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਕੌਰ ਅੱਚਲ, ਜ਼ਿਲ੍ਹਾ ਪ੍ਰਧਾਨ ਸੁਖਜੀਤ ਕੌਰ ਲਚਕਾਣੀ, ਜ਼ਿਲ੍ਹਾ ਪ੍ਰਧਾਨ ਕੁਲਵੀਰ ਕੌਰ ਸਰਹਿੰਦ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…