
ਡੇਂਗੂ ਦਾ ਪ੍ਰਕੋਪ: ਮੇਅਰ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਫੌਗਿੰਗ ਕਰਨ ਦੇ ਹੁਕਮ
ਮੁਹਾਲੀ ਦੇ ਪ੍ਰਭਾਵਿਤ ਖੇਤਰਾਂ ਵਿੱਚ ਜਾਂਚ ਦੌਰਾਨ 35 ਘਰਾਂ ਵਿੱਚ ਮਿਲਿਆ ਡੇਂਗੂ ਦਾ ਲਾਰਵਾ
ਮੇਅਰ ਨੇ ਲੋਕਾਂ ਨੂੰ ਕੀਤੀ ਅਪੀਲ ਆਪਣੇ ਘਰ ਤੇ ਆਲਾ ਦੁਆਲਾ ਸਾਫ਼ ਰੱਖਣ ਤੇ ਪਾਣੀ ਖੜ੍ਹਾ ਨਾ ਹੋਣ ਦੇਣ
ਸ਼ਹਿਰੀ ਖੇਤਰ ਵਿੱਚ ਫੌਗਿੰਗ ਸਬੰਧੀ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਮੁਹਾਲੀ ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਹੁਣ ਡੇਂਗੂ ਨੇ ਆਪਣੇ ਪੈਰ ਪਸਾਰ ਲਏ ਹਨ। ਡੇਂਗੂ ਦੇ ਪ੍ਰਕੋਪ ਦੇ ਚੱਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪ੍ਰਭਾਵਿਤ ਖੇਤਰਾਂ ਸਮੇਤ ਸਮੁੱਚੇ ਸ਼ਹਿਰ ਵਿੱਚ ਸਾਫ਼-ਸਫ਼ਾਈ ਅਤੇ ਫੌਗਿੰਗ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਡਾ. ਕਮਲ ਗਰਗ ਵੀ ਹਾਜ਼ਰ ਸਨ। ਮੀਟਿੰਗ ਉਪਰੰਤ ਨਿਗਮ ਟੀਮ ਵੱਲੋਂ ਫੇਜ਼-7 ਦੇ ਪ੍ਰਭਾਵਿਤ ਖੇਤਰ ਵਿੱਚ 350 ਘਰਾਂ ਦਾ ਸਰਵੇ ਕਰਕੇ ਜਾਂਚ ਕੀਤੀ ਗਈ। ਇਸ ਦੌਰਾਨ 35 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਕਰਕੇ ਮੱਛਰ ਪੈਦਾ ਹੋਇਆ ਹੈ। ਜਿਸ ਕਾਰਨ ਬੀਮਾਰੀਆਂ ਵਧ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਮੱਛਰ ਮਾਰ ਦਵਾਈ ਦਾ ਸਪਰੇਅ ਅਤੇ ਫੌਗਿੰਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਧਿਕਾਰੀਆਂ ਨੇ ਮੇਅਰ ਨੂੰ ਦੱਸਿਆ ਕਿ ਫੇਜ਼-7 ਦੇ ਪ੍ਰਭਾਵਿਤ ਖੇਤਰ ਵਿੱਚ ਫੌਗਿੰਗ ਲਈ ਵੱਖ-ਵੱਖ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ ਅਤੇ ਬਾਕੀ ਹਿੱਸਿਆਂ ਵਿੱਚ ਫੌਗਿੰਗ ਸ਼ੁਰੂ ਕਰਵਾ ਦਿੱਤੀ ਗਈ ਹੈ।
ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਅਤੇ ਕੂਲਰਾਂ ਜਾਂ ਗਮਲਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਘਰਾਂ ਦੀਆਂ ਛੱਤਾਂ ਅਤੇ ਕੰਧਾਂ ’ਤੇ ਪੰਛੀਆਂ ਜਾਂ ਜਾਨਵਰਾਂ ਲਈ ਪਾਣੀ ਪਾਉਣ ਵਾਲੇ ਬਰਤਨ ਵਿੱਚ ਰੋਜ਼ਾਨਾ ਪਾਣੀ ਬਦਲਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਮੱਛਰ ਸਾਫ਼ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਹੀ ਕੱਟਦਾ ਹੈ। ਉਨ੍ਹਾਂ ਕਿਹਾ ਕਿ ਬੁਖ਼ਾਰ ਹੋਣ ਦੀ ਸੂਰਤ ਵਿੱਚ ਫੌਰੀ ਤੌਰ ਤੇ ਨੇੜਲੇ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਕਾਰਵਾਈ ਕਰ ਰਹੀ ਹੈ ਪਰ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ। ਇਸ ਮੌਕੇ ਸੰਯੁਕਤ ਕਮਿਸ਼ਨਰ ਹਰਜੀਤ ਸਿੰਘ ਢਿੱਲੋਂ, ਮੈਡੀਕਲ ਅਫ਼ਸਰ ਡਾ. ਤਮੰਨਾ ਅਤੇ ਸਮੂਹ ਚੀਫ਼ ਸੈਨਟਰੀ ਇੰਸਪੈਕਟਰ ਤੇ ਸੈਨੇਟਰੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।