ਅਵੇਅਰਨੈਸ ਰਾਹੀਂ ਹੀ ਡੇਂਗੂ ਬਿਮਾਰੀ ਦਾ ਖਾਤਮਾ ਸੰਭਵ: ਬ੍ਰਹਮ ਮਹਿੰਦਰਾ

ਪੰਜਾਬ, ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦਾ ਲਾਈਵ ਪੋਰਟਲ ਜਾਰੀ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ

ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ’ਤੇ ਜ਼ੋਰ, ਸਰਕਾਰੀ ਹਸਪਤਾਲਾਂ ’ਚ ਡੇਂਗੂ ਤੇ ਚਿਕਨਗੁਨੀਆਂ ਦੇ ਟੈਸਟ ਤੇ ਇਲਾਜ ਮੁਫਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਸਿਹਤ ਵਿਭਾਗ ਪੰਜਾਬ, ਰਾਜ ਦੇ ਲੋਕਾਂ ਦੇ ਸਹਿਯੋਗ ਨਾਲ ਸੂਬੇ ਨੂੰ ਡੇਂਗੂ ਮੁਕਤ ਕਰਨ ਲਈ ਆਪਣੀ ਪੂਰੀ ਵਾਹ ਲਾਵੇਗਾ ਅਤੇ ਰਾਜ ਵਿੱਚ ਡੇਂਗੂ ਸਬੰਧੀ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂਕ ਕੀਤਾ ਜਾਵੇਗਾ। ਜਾਗਰੂਕਤਾ ਦੁਆਰਾ ਹੀ ਡੇਂਗੂ ਦਾ ਖਾਤਮਾ ਸੰਭਵ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਸਿਹਤ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਡੇਂਗੂ ਦਿਵਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਡੇਂਗੂ ਪ੍ਰਤੀ ਜਾਗਰੂਕਤਾ ਲਈ ਬੱਚਿਆਂ ਦੀ ਸਾਈਕਲ ਰੈਲੀ, ਮਾਈਕਿੰਗ ਆਟੋ ਰਿਕਸ਼ਾ ਅਤੇ ਜੁਆਇੰਟ ਇੰਸਪੈਕਸ਼ਨ ਟੀਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਿਹਤ ਮੰਤਰੀ ਪੰਜਾਬ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੇਂਗੂ ਇੱਕ ਅਜਿਹੀ ਬਿਮਾਰੀ ਹੈ ਜਿਸ ਨੂੰ ਕੇਵਲ ਸਾਫ-ਸੁਥਰੇ ਮਾਹੌਲ ਅਤੇ ਜਾਗਰੁਕਤਾ ਦੁਆਰਾ ਹੀ ਖਤਮ ਕੀਤਾ ਜਾ ਸਕਦਾ ਹੈ।
ਇਸ ਲਈ ਸ਼ੋਸ਼ਲ ਮੀਡੀਆ, ਸੈਮੀਨਾਰ, ਵਰਕਸ਼ਾਪ ਅਤੇ ਵਿਗਿਆਪਨ ਆਦਿ ਦੇ ਜ਼ਰੀਏ ਪੰਜਾਬ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰੌਗਰਾਮ ਜਾਂ ਐਕਸ਼ਨ ਪਲਾਨ ਨੂੰ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਲਾਗੂ ਕੀਤਾ ਜਾਣਾ ਜਰੂਰੀ ਹੈ ਪਰ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਸਥਿਤੀ ਹੱਥ ਵਿਚੋਂ ਨਿਕਣ ਤੋਂ ਬਾਅਦ ਹੀ ਅਸੀਂ ਹਦਾਇਤਾਂ ਜਾਰੀ ਕਰਦੇ ਹਾਂ। ਇਸ ਲਈ ਸਿਹਤ ਵਿਭਾਗ ਦੇ ਸਾਰੇ ਅਧਿਕਾਰੀ ਸੁਚੇਤ ਹੋ ਕੇ ਜਿੰਮੇਵਾਰੀ ਅਤੇ ਇਮਾਨਦਾਰੀ ਨਾਲ ਸਿਹਤ ਵਿਭਾਗ ਦੀਆਂ ਵਿਭਿੰਨ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ। ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੇਵਲ ਸਮਾਰੋਹਾਂ ਦੇ ਆਯੋਜਨਾਂ ਨਾਲ ਹੀ ਲੋਕਾਂ ਵਿਚ ਜ੍ਰਾਗਤੀ ਨਹੀ ਆਉਂਦੀ, ਸਾਨੂੰ ਲੋਕਾਂ ਵਿਚ ਜਾ ਕੇ ਵਿਚਰਨਾ ਪਵੇਗਾ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਦੇ ਤੱਥਾਂ ਬਾਰੇ ਜਾਣੂ ਕਰਵਾਉਣਾ ਪਵੇਗਾ ਤਾਂ ਹੀ ਅਸੀਂ ਸਿਹਤ ਵਿਭਾਗ ਦੇ ਮੰਤਵ ਨੂੰ ਪੂਰਾ ਕਰ ਸਕਦੇ ਹਾਂ। ਉਨਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਸਿਹਤ ਵਿਭਾਗ ਸਬੰਧੀ ਅਹਿਮ ਫੈਸਲਿਆਂ ਅਤੇ ਯੌਜਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਹੁਣ ਸਿਹਤ ਵਿਭਾਗ ਵਿੱਚ ਵੱਡੇ ਪੱਧਰ ’ਤੇ ਸੁਧਾਰ ਕੀਤਾ ਜਾ ਰਿਹਾ ਹੈ। ਆਮ ਲੋਕਾਂ ਨੂੰ ਪੰਜਾਬ ਸਰਕਾਰ ਤੋਂ ਬਹੁਤ ਉਮੀਦਾਂ ਹਨ ਅਤੇ ਸਿਹਤ ਵਿਭਾਗ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜਿਆ ਹੋਇਆ ਹੈ ਇਸ ਲਈ ਸਿਹਤ ਵਿਭਾਗ ਦੇ ਉੱਚ-ਅਧਿਕਾਰੀ ਹਰ ਪੱਧਰ ’ਤੇ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪਹੁੰਚਾਉਣ ਨੂੰ ਯਕੀਨੀ ਬਣਾਉਣ। ਇਸ ਮੌਕੇ ਸ਼੍ਰੀ ਬ੍ਰਹਮ ਮਹਿੰਦਰਾ ਨੇ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਲਾਈਵ ਪੋਰਟਲ ਦੀ ਵੀ ਸ਼ੁਰੂਆਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਿਕ ਵਿਧਾਇਕ ਸ੍ਰ:ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਡੇਂਗੂ ਅਤੇ ਚਿਕੁਨਗੁਨੀਆਂ ਸਬੰਧੀ ਉਲੀਕੀ ਗਈ ਰੂਪ-ਰੇਖਾ ਨੂੰ ਜਮੀਨੀ ਪੱਧਰ ’ਤੇ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਸਿਹਤ ਮੰਤਰੀ ਅਤੇ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਅਸੀਂ ਸਿਹਤ ਵਿਭਾਗ ਦੀ ਹਰ ਮੁਹਿੰਮ ਵਿਚ ਪੂਰਾ ਸਾਥ ਦੇਵਾਂਗੇ ਅਤੇ ਪੇਂਡੂ ਪੱਧਰ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਡੇਂਗੂ ਦੇ 80 ਫੀਸਦੀ ਕੇਸ ਸ਼ਹਿਰੀ ਖੇਤਰਾਂ ਵਿੱਚ ਹੁੰਦੇ ਹਨ ਅਤੇ ਮੁਹਾਲੀ ਵਿੱਚ ਪਿਛਲੇ ਸਾਲ ਰਾਜ ਵਿੱਚ ਸਭ ਤੋਂ ਵੱਧ ਕੇਸ ਹੋਏ ਜੋ ਸਾਡੇ ਲਈ ਚਿੰਤਾਂ ਦਾ ਵਿਸ਼ਾ ਹੈ। ਇਸ ਲਈ ਡੇਂਗੂ ਪ੍ਰਤੀ ਸਾਨੂੰ ਹੁਣ ਤੋਂ ਹੀ ਸੁਚੇਤ ਹੋਣਾ ਪਵੇਗਾ। ਉਨ੍ਹਾਂ ਸਿਹਤ ਮੰਤਰੀ ਪੰਜਾਬ ਨੂੰ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਅਤੇ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਵੀ ਕੀਤੀ।
ਸਿਹਤ ਵਿਭਾਗ ਦੇ ਡਾਇਰੈਕਟਰ ਐਚ.ਐਸ.ਬਾਲੀ ਨੇ ਦੱਸਿਆ ਕਿ ਪੰਜਾਬ ਪਹਿਲਾ ਅਜਿਹਾ ਰਾਜ ਹੈ, ਜਿਥੇ ਡੇਂਗੂ-ਫ੍ਰੀ ਪੰਜਾਬ ਦੇ ਨਾਮ ਤੇ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ। ਜਿਸ ਵਿਚ ਡੇਂਗੂ ਤੋਂ ਬੱਚਣ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਹੀ ਨਹੀਂ ਇਸ ਐਪਲੀਕੇਸ਼ਨ ਦੇ ਜ਼ਰਿਏ ਟੋਲ ਫ੍ਰੀ ਐਂਬੂਲੈਂਸ ਨੰਬਰ 108 ਅਤੇ ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰਬਰ 104 ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਅਤੇ ਚਿਕੁਨਗੁਨੀਆਂ ਦੇ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸਾਰੀਆਂ ਕਮਿਉਨਿਟੀ ਹੈਲਥ ਸੈਂਟਰਾਂ ਵਿੱਚ ਵਿਸ਼ੇਸ਼ ਡੇਂਗੂ ਵਾਰਡ ਬਣਾਏ ਗਏ ਹਨ। ਇਸੇ ਤਰ੍ਹਾਂ ਜਿਨ੍ਹਾਂ ਇਲਾਕਿਆਂ ਵਿੱਚ ਡੇਂਗੂ ਦੇ ਮਾਮਲੇ ਸਾਹਮਣੇ ਆਉਂਦੇ ਹਨ, ਉੱਥੇ ਸਪਰੇ ਕਰਵਾਈ ਜਾਂਦੀ ਹੈ। ਪੰਜਾਬ ਵਿੱਚ ਲਾਰਵਾਸਾਈਡਸ ਅਤੇ ਇੰਸੈਕਟੀਸਾਈਡ ਲਈ ਰੇਟ ਕੰਟਰੈਕਟ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਪ੍ਰੈਕਟਿਸ਼ਨਰਾਂ ਵੱਲੋਂ ਸਿਹਤ ਵਿਭਾਗ ਨੂੰ ਹਰੇਕ ਡੇਂਗੂ ਦੇ ਮਾਮਲੇ ਦੀ ਜਾਣਕਾਰੀ ਦੇਣਾ ਲਾਜਮੀ ਕੀਤਾ ਗਿਆ ਹੈ ਤਾਂ ਜੋ ਸਮਾਂ ਰਹਿੰਦੇ ਮਰੀਜਾਂ ਨੂੰ ਸਹੀ ਇਲਾਜ ਉਪਲਬੱਧ ਕਰਵਾਇਆ ਜਾ ਸਕੇ। ਡਾ: ਬਾਲੀ ਨੇ ਕਿਹਾ ਕਿ ਡੇਂਗੂ ਤੋਂ ਬਚਣ ਲਈ ਹਰ ਸ਼ੁੱਕਰਵਾਰ ਡ੍ਰਾਈ-ਡੇ ਮਨਾਇਆ ਜਾਂਦਾ ਹੈ ਜਿਸ ਅਧੀਨ ਦਫ਼ਤਰਾਂ ਅਤੇ ਰਿਹਾਇਸ਼ੀ ਇਮਾਰਤਾਂ ਵਿੱਚ ਲੱਗੇ ਕੂਲਰਾਂ, ਗਮਲਿਆਂ, ਫਰਿੱਜਾਂ ਦੀ ਟ੍ਰੇਆਂ ਅਤੇ ਹੋਰ ਪਾਣੀ ਦੇ ਬਰਤਨਾਂ ਨੂੰ ਹਰੇਕ ਸ਼ੁਕਰਵਾਰ ਨੂੰ ਸਾਫ ਕਰਨਾ ਲਾਜਮੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹੀ ਅਜਿਹੀਆਂ ਥਾਵਾਂ ਹਨ ਜਿਥੇ ਡੇਂਗੂ ਦੇ ਮੱਛਰ ਦੀ ਸ਼ੁਰਆਤ ਹੁੰਦੀ ਹੈ। ਮੇਅਰ ਨਗਰ ਨਿਗਮ ਸ੍ਰੀ ਕੁਲਵੰਤ ਸਿੰਘ ਨੇ ਇਸ ਮੌਕੇ ਵਿਸ਼ਵਾਸ ਦਿਵਾਇਆ ਕਿ ਨਗਰ ਨਿਗਮ ਮੁਹਾਲੀ ਡੇਂਗੂ ਦੇ ਖਾਤਮੇ ਲਈ ਸਿਹਤ ਵਿਭਾਗ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਇਸ ਮੌਕੇ ’ਤੇ ਡਿਪਟੀ ਕਮਿਸ਼ਨਰ ਸ੍ਰੀ ਗੁਰਪ੍ਰੀਤ ਕੌਰ ਸਪਰਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਧਰਮਪਾਲ, ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੇਸ਼ ਧੀਮਾਨ, ਸਿਵਲ ਸਰਜਨ ਡਾ: ਜੈ ਸਿੰਘ, ਪ੍ਰੋਗਰਾਮ ਅਫਸਰ ਡੇਂਗੂ ਤੇ ਚਿਕੁਨਗੁਨੀਆਂ ਡਾ: ਗਗਨਦੀਪ ਸਿੰਘ ਗਰੋਵਰ, ਸਿਆਸੀ ਸਕੱਤਰ ਸਥਾਨਿਕ ਵਿਧਾਇਕ ਸ੍ਰੀ ਹਰਕੇਸ ਸ਼ਰਮਾਂ ਮੱਛਲੀ ਕਲਾਂ, ਕੌਂਸਲਰ ਅਮਰੀਕ ਸਿੰਘ ਸੋਮਲ, ਸੁਰਿੰਦਰ ਸਿੰਘ ਰਾਜਪੂਤ, ਜਸਵੀਰ ਸਿੰਘ ਮਠਾਰੂ, ਨਰਾਇਣ ਸਿੰਘ ਸਿੱਧੂ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਪੰਤਵੰਤੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …