Nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਡੇਂਗੂ ਬੁਖ਼ਾਰ ਦੇ 80 ਫ਼ੀਸਦੀ ਮਾਮਲੇ ਘਟੇ: ਸਿਵਲ ਸਰਜਨ

ਘਰ-ਘਰ ਸਰਵੇ ਅਤੇ ਵਿਆਪਕ ਜਾਗਰੂਕਤਾ ਮੁਹਿੰਮ ਸਦਕਾ ਭਾਰੀ ਕਮੀ ਆਈ: ਡਾ. ਮਨਜੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਇਸ ਸਾਲ ਡੇਂਗੂ ਦੇ ਮਾਮਲਿਆਂ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ। ਪਿਛਲੇ ਸਾਲ ਅੱਜ ਦੀ ਤਰੀਕ ਤਕ ਡੇਂਗੂ ਦੇ 895 ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਸਾਲ ਹੁਣ ਤੱਕ 182 ਜਣਿਆਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਘਰ-ਘਰ ਸਰਵੇ, ਲਾਰਵਾ ਨਸ਼ਟ ਕਰਨ ਅਤੇ ਜਾਗਰੂਕਤਾ ਦੀਆਂ ਵਿਆਪਕ ਗਤੀਵਿਧੀਆਂ ਸਦਕਾ ਇਸ ਵਾਰ ਡੇਂਗੂ ਦੇ ਮਾਮਲਿਆਂ ਵਿਚ 80 ਫ਼ੀਸਦੀ ਤੋਂ ਵਧੇਰੇ ਕਮੀ ਹੋਈ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮਾਮਲਿਆਂ ਵਿਚ ਕਮੀ ਹੋਣ ਦੇ ਕਈ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਅਸੀਂ ਇਸ ਵਾਰ ਉਸਾਰੀ ਵਾਲੀਆਂ ਥਾਵਾਂ ਅਤੇ ਪਰਵਾਸੀ ਆਬਾਦੀ ਵਾਲੀਆਂ ਥਾਵਾਂ ਵੱਲ ਜ਼ਿਆਦਾ ਧਿਆਨ ਦਿੱਤਾ। ਜਿੱਥੇ ਲਾਰਵਾ ਪੈਦਾ ਹੋਣ ਦੀ ਵਧੇਰੇ ਗੁੰਜਾਇਸ਼ ਸੀ। ਘਰਾਂ ਵਿੱਚ ਵਾਰ ਵਾਰ ਸਰਵੇ ਕੀਤਾ, ਭਾਰੀ ਤਾਦਾਦ ਵਿੱਚ ਲਾਰਵਾ ਨਸ਼ਟ ਕੀਤਾ ਅਤੇ ਲੋਕਾਂ ਨੂੰ ਡੇਂਗੂ ਫੈਲਾਉਣ ਵਾਲੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਬਾਰੇ ਵਾਰ-ਵਾਰ ਸਮਝਾਇਆ।’ ਉਨ੍ਹਾਂ ਦੱਸਿਆ ਕਿ ਜਦ ਕਿਤੇ ਵੀ ਕੋਈ ਸ਼ੱਕੀ ਮਾਮਲਾ ਸਾਹਮਣੇ ਆਇਆ ਤਾਂ ਸਿਹਤ ਵਿਭਾਗ ਦੀਆਂ ਲਾਰਵਾ-ਵਿਰੋਧੀ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰਭਾਵਤ ਥਾਂ ਅਤੇ ਆਲੇ ਦੁਆਲੇ ਸਰਵੇ ਕੀਤਾ ਅਤੇ ਲੋੜੀਂਦੀ ਸਪਰੇਅ ਕੀਤੀ। ਇਸ ਤੋਂ ਇਲਾਵਾ, ਸ਼ੱਕੀ ਡੇਂਗੂ ਮਾਮਲਿਆਂ ਬਾਰੇ ਫਟਾਫਟ ਰਿਪੋਰਟਿੰਗ, ਟੀਮਾਂ ਦੀ ਫਟਾਫਟ ਕਾਰਵਾਈ ਅਤੇ ਜ਼ਿਲ੍ਹੇ ਦੇ ਲੋਕਾਂ ਦੇ ਸਹਿਯੋਗ ਨੇ ਵੀ ਡੇਂਗੂ ਦੇ ਕੇਸ ਘਟਾਉਣ ਵਿਚ ਅਹਿਮ ਰੋਲ ਨਿਭਾਇਆ। ਉਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਸ਼ਲਾਘਾ ਕੀਤੀ ਜਿਹੜੀਆਂ ਮੁਹਾਲੀ ਨੂੰ ਡੇਂਗੂ-ਮੁਕਤ ਜ਼ਿਲ੍ਹਾ ਬਣਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੀਆਂ 50 ਟੀਮਾਂ ਜ਼ਿਨ੍ਹਾਂ ਵਿਚ ਬਰੀਡਿੰਗ ਚੈਕਰ, ਮਲਟੀ-ਪਰਪਸ ਹੈਲਥ ਵਰਕਰ ਅਤੇ ਹੈਲਥ ਸੁਪਰਵਾਈਜ਼ਰ ਸ਼ਾਮਲ ਹਨ, ਅਪਰੈਲ ਮਹੀਨੇ ਤੋਂ ਲਗਾਤਾਰ ਕੰਮ ਕਰ ਰਹੀਆਂ ਹਨ। ਟੀਮਾਂ ਨੇ ਹੁਣ ਤਕ ਜ਼ਿਲ੍ਹੇ ਦੇ ਲਗਭਗ ਦੋ ਲੱਖਾਂ ਘਰਾਂ ਵਿਚ ਜਾ ਕੇ ਜਾਂਚ ਕੀਤੀ ਹੈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਜਾਣਕਾਰੀ ਦਿਤੀ ਹੈ। ਜਿਨ੍ਹਾਂ ਘਰਾਂ ਵਿਚ ਮੱਛਰ ਦਾ ਲਾਰਵਾ ਵਾਰ-ਵਾਰ ਮਿਲਿਆ, ਉਨ੍ਹਾਂ ਦੇ ਚਾਲਾਨ ਵੀ ਕੀਤੇ ਗਏ ਗਏ। ਡਾ. ਮਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਮੋਹਾਲੀ ਸ਼ਹਿਰ, ਨਵਾਂਗਾਉਂ, ਜਗਤਪੁਰਾ, ਬਲੌਂਗੀ, ਡੇਰਾਬੱਸੀ ਦੀ ਜ਼ਿਆਦਾ ਖ਼ਤਰੇ ਵਾਲੀਆਂ ਥਾਵਾਂ ਵਜੋਂ ਨਿਸ਼ਾਨਦੇਹੀ ਕੀਤੀ ਅਤੇ ਟੀਮਾਂ ਦੀ ਵੰਡ ਕਰਦਿਆਂ ਇਨ੍ਹਾਂ ਇਲਾਕਿਆਂ ਵਿਚ ਵੱਡੇ ਪੱਧਰ ’ਤੇ ਚੈਕਿੰਗ ਅਤੇ ਜਾਗਰੂਕਤਾ ਦਾ ਕੰਮ ਕੀਤਾ। ਇਸ ਵਾਰ 100 ਤੋਂ ਵੱਧ ਕੇਸ ਸ਼ਹਿਰੀ ਅਤੇ ਸ਼ਹਿਰੀ ਸਲੱਮ ਏਰੀਏ ਵਿਚੋਂ ਸਾਹਮਣੇ ਆਏ ਹਨ।
(ਬਾਕਸ ਆਈਟਮ)
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਦਸੰਬਰ ਮਹੀਨੇ ਦੌਰਾਨ ਵੀ ਸਾਵਧਾਨੀ ਅਤੇ ਚੌਕਸੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜਕਲ ਦਾ 15 ਤੋਂ 30 ਡਿਗਰੀ ਦਾ ਤਾਪਮਾਨ ਏਡੀਜ਼ ਅਜਿਪਟੀ ਨਾਮੀ ਮੱਛਰ ਦੇ ਪੈਦਾ ਹੋਣ ਲਈ ਬਹੁਤ ਜ਼ਿਆਦਾ ਅਨੁਕੂਲ ਹੈ, ਇਸ ਲਈ ਇਸ ਸਮੇਂ ਦੌਰਾਨ ਜ਼ਿਆਦਾ ਸਾਵਧਾਨੀ ਵਰਤੀ ਜਾਵੇ। ਡੇਂਗੂ ਇਲਾਜਯੋਗ ਬੀਮਾਰੀ ਹੈ ਅਤੇ ਡੇਂਗੂ ਹੋਣ ’ਤੇ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ। ਜੇ ਡੇਂਗੂ ਬੁਖ਼ਾਰ ਹੋਣ ਦਾ ਸ਼ੱਕ ਪੈਂਦਾ ਹੈ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਅਪਣੇ ਘਰ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ ਤਾਂ ਇਹ ਮੱਛਰ ਪੈਦਾ ਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਤੋਂ ਆਮ ਤੌਰ ’ਤੇ ਸਰਦੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ, ਇਸ ਲਈ ਅਜਿਹੇ ਕੱਪੜੇ ਪਾਏ ਜਾਣ ਜਿਨ੍ਹਾਂ ਨਾਲ ਪੂਰਾ ਸਰੀਰ ਖ਼ਾਸਕਰ ਬਾਹਾਂ ਅਤੇ ਲੱਤਾਂ ਢੱਕੀਆਂ ਰਹਿਣ।
(ਬਾਕਸ ਆਈਟਮ)
ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿੱਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ’ਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿੱਚ ਪਲਦੇ ਹਨ। ਜਿਵੇਂ ਕੂਲਰਾਂ ਵਿੱਚ, ਪਾਣੀ ਦੀਆਂ ਟੈਕੀਆਂ ਵਿੱਚ, ਫੁੱਲਾਂ ਦੇ ਗਮਲਿਆਂ ਵਿੱਚ, ਫ਼ਰਿੱਜਾਂ ਪਿੱਛੇ ਲੱਗੀ ਟਰੇਅ ਵਿੱਚ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਵਿੱਚ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…