
ਡੇਂਗੂ ਦੀ ਦਸਤਕ: 278 ਘਰਾਂ ਦਾ ਸਰਵੇ, 14 ਕੰਟੇਨਰਾਂ ਵਿੱਚ ਮਿਲਿਆ ਡੇਂਗੂ ਦਾ ਲਾਰਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦੇ ਨਾਲ-ਨਾਲ ਹੁਣ ਡੇਂਗੂ ਬੁਖ਼ਾਰ ਨੇ ਵੀ ਦਸਤਕ ਦੇ ਦਿੱਤੀ ਹੈ। ਹੁਣ ਤੱਕ ਪੀਸੀਐਸ ਅਧਿਕਾਰੀ, ਮਹਿਲਾ ਡਾਕਟਰ ਸਮੇਤ 19 ਵਿਅਕਤੀਆਂ ਨੂੰ ਡੇਂਗੂ ਆਪਣੇ ਲਪੇਟੇ ਵਿੱਚ ਲੈ ਚੁੱਕਾ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਅਫ਼ਸਰ ਡਾ. ਰੇਨੂ ਸਿੰਘ ਅਤੇ ਡਾ. ਹਰਮਨਦੀਪ ਕੌਰ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਵਿੱਢੀ ਗਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਇੱਥੋਂ ਦੇ ਫੇਜ਼-2 ਦੇ ਰਿਹਾਇਸ਼ੀ ਖੇਤਰ ਵਿੱਚ ਘਰ-ਘਰ ਜਾਗਰੂਕਤਾ ਦਾ ਹੋਕਾ ਦਿੱਤਾ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਸੁਪਰਵਾਈਜ਼ਰ ਗੁਰਜੀਤ ਸਿੰਘ ਅਤੇ ਭੁਪਿੰਦਰ ਕੁਮਾਰ ਦੀ ਅਗਵਾਈ ਹੇਠ ਕਰੀਬ 278 ਤੋਂ ਵੱਧ ਘਰਾਂ ਵਿੱਚ ਕੂਲਰਾਂ, ਫਰਿੱਜ਼ਾਂ ਅਤੇ ਗਮਲਿਆਂ ਵਿੱਚ ਖੜੇ ਪਾਣੀ ਦੀ ਜਾਂਚ ਕੀਤੀ ਗਈ।
ਸਿਹਤ ਵਿਭਾਗ ਦੀ ਟੀਮ ਨੂੰ 14 ਘਰਾਂ ਵਿੱਚ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਿਆ ਅਤੇ ਮੌਕੇ ’ਤੇ ਸਬੰਧਤ ਘਰਾਂ ਦੇ ਚਲਾਨ ਕੀਤੇ ਗਏ। ਇਨ੍ਹਾਂ 14 ਕੰਟੇਨਰਾਂ ਵਿੱਚ ਲਾਰਵਾ ਨਸ਼ਟ ਕਰਨ ਲਈ ਮੌਕੇ ’ਤੇ ਹੀ ਦਵਾਈ ਦਾ ਛਿੜਕਾਅ ਕੀਤਾ ਗਿਆ। ਸੁਪਰਵਾਈਜ਼ਰ ਗੁਰਜੀਤ ਸਿੰਘ ਅਤੇ ਭੁਪਿੰਦਰ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਡੇਂਗੂ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਹਫ਼ਤੇ ਵਿੱਚ ਘੱਟੋ-ਘੱਟ ਇਕ ਦਿਨ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਵੇ। ਇਸ ਦੌਰਾਨ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟਰੇਆਂ ਨੂੰ ਖਾਲੀ ਕਰਕੇ ਸੁਕਾਉਣ ਉਪਰੰਤ ਹੀ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਵੇ। ਘਰਾਂ ਦੇ ਵਿਹੜਿਆਂ ਅਤੇ ਛੱਤਾਂ ਉੱਤੇ ਪਏ ਟੁੱਟੇ ਬਰਤਨਾਂ, ਡਰੰਮ ਅਤੇ ਟਾਇਰਾਂ ਨੂੰ ਨਸ਼ਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤੇਜ਼ ਬੁਖ਼ਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਚੈੱਕਅਪ ਕਰਵਾਇਆ ਜਾਵੇ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।