
ਮੁਹਾਲੀ ਵਿੱਚ 7 ਘਰਾਂ ’ਚੋਂ ਮਿਲਿਆ ਡੇਂਗੂ ਦਾ ਲਾਰਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ੁੱਕਰਵਾਰ ਨੂੰ ਇੱਥੋਂ ਦੇ ਫੇਜ਼-4 ਵਿੱਚ ਘਰ-ਘਰੀ ਜਾ ਕੇ ਡੇਂਗੂ ਦੇ ਲਾਰਵਾ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਬੁਖ਼ਾਰ ਬਾਰੇ ਜਾਗਰੂਕ ਕਰਦਿਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਸਿਹਤ ਵਿਭਾਗ ਦੇ ਸੁਪਰਵਾਈਜ਼ਰ ਗੁਰਜੀਤ ਸਿੰਘ, ਭੁਪਿੰਦਰ ਕੁਮਾਰ ਅਤੇ ਗੁਰਜਿੰਦਰ ਸਿੰਘ ਦੀ ਅਗਵਾਈ ਵਾਲੀ ਇਸ ਟੀਮ ਵੱਲੋਂ ਕਰੀਬ 389 ਘਰਾਂ ਦੀ ਚੈਕਿੰਗ ਦੌਰਾਨ 7 ਘਰਾਂ ਵਿੱਚ 9 ਕੰਟੇਨਰਾਂ ’ਚੋਂ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਿਆ। ਜਿਸ ਨੂੰ ਸਿਹਤ ਵਿਭਾਗ ਦੀ ਟੀਮ ਨੇ ਤੁਰੰਤ ਲਾਰਵਾ ਨਸ਼ਟ ਕਰਨ ਵਾਲੀ ਦਵਾਈ ਪਾ ਕੇ ਮੌਕੇ ’ਤੇ ਹੀ ਖ਼ਤਮ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਆਮ ਸ਼ਹਿਰੀਆਂ ਨੂੰ ਡੇਂਗੂ ਬੁਖ਼ਾਰ ਪ੍ਰਤੀ ਜਾਗਰੂਕ ਕੀਤਾ ਅਤੇ ਅਪੀਲ ਕੀਤੀ ਕਿ ਘਰਾਂ ਵਿੱਚ ਰੱਖੇ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟਰੇਆਂ ਨੂੰ ਹਫ਼ਤੇ ਵਿੱਚ ਘੱਟੋ ਘੱਟ ਇੱਕ ਵਾਰ ਖਾਲੀ ਕਰਕੇ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਹੀ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਵੇ ਅਤੇ ਘਰਾਂ ਵਿੱਚ ਅਤੇ ਛੱਤਾਂ ਉੱਤੇ ਟੁੱਟੇ ਬਰਤਨਾਂ, ਡਰੰਮ ਅਤੇ ਟਾਇਰਾਂ ਨੂੰ ਨਸ਼ਟ ਕੀਤਾ ਜਾਵੇ।