nabaz-e-punjab.com

ਡੇਂਗੂ ਦਾ ਕਹਿਰ: ਬਲੌਂਗੀ ਕਲੋਨੀ ਵਿੱਚ 9 ਸਾਲ ਦੇ ਬੱਚੇ ਦੀ ਡੇਂਗੂ ਨਾਲ ਮੌਤ?

ਇਲਾਜ ਦੌਰਾਨ ਪੀਜੀਆਈ ਹਸਪਤਾਲ ਵਿੱਚ ਹੋਈ ਬੱਚੇ ਦੀ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਕਤੂਬਰ:
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਦੇ ਮੁਹਾਲੀ ਖੇਤਰ ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਹੁਣ ਡੇਂਗੂ ਨੇ ਆਪਣੇ ਪੈਰ ਪਸਾਰ ਲਏ ਹਨ। ਬਲੌਂਗੀ ਦੀ ਆਦਰਸ਼ ਕਲੋਨੀ ਵਿੱਚ ਇਕ ਮਾਸੂਮ ਬੱਚੇ ਦੀ ਡੇਂਗੂ ਨਾਲ ਮੌਤ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਸਬੰਧੀ ਅਜੇ ਤਾਈਂ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ ਪ੍ਰੰਤੂ ਪਰਿਵਾਰ ਦਾ ਕਹਿਣਾ ਹੈ ਕਿ ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਬੱਚਾ ਡੇਂਗੂ ਪੀੜਤ ਦੱਸਿਆ ਗਿਆ ਸੀ। ਮ੍ਰਿਤਕ ਬੱਚੇ ਦੀ ਪਛਾਣ ਪਵਨ ਕੁਮਾਰ (9) ਵਜੋਂ ਹੋਈ ਹੈ। ਇਹ ਬੱਚਾ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸੀ ਅਤੇ ਉਸ ਨੂੰ ਦੋ ਦਿਨ ਪਹਿਲਾਂ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਉਸ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਪ੍ਰੰਤੂ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਬੱਚੇ ਦੇ ਦਾਦਾ ਸਰਜੂ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਦਾ ਪੋਤਾ ਸਕੂਲ ਗਿਆ ਸੀ ਅਤੇ ਸਕੂਲ ’ਚੋਂ ਵਾਪਸ ਆਉਣ ਮਗਰੋਂ ਉਸ ਨੂੰ ਬੁਖ਼ਾਰ ਹੋ ਗਿਆ। ਉਨ੍ਹਾਂ ਨੇ ਪਵਨ ਨੂੰ ਬਲੌਂਗੀ ਵਿੱਚ ਹੀ ਇਕ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ ਸੀ। ਹਾਲਾਂਕਿ ਅਗਲੇ ਦਿਨ ਉਹ ਪਵਨ ਨੂੰ ਸਕੂਲ ਛੱਡਣ ਗਏ ਸੀ ਪ੍ਰੰਤੂ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਹ ਵਾਪਸ ਘਰ ਲੈ ਆਏ ਅਤੇ ਆਪ ਕੰਮ ’ਤੇ ਚਲੇ ਗਏ। ਇਸ ਦੌਰਾਨ ਉਸ ਦੇ ਬੇਟੇ ਰਾਜਿੰਦਰ ਕੁਮਾਰ ਦਾ ਫੋਨ ਆਇਆ ਕਿ ਪਵਨ ਦੀ ਤਬੀਅਤ ਖ਼ਰਾਬ ਹੈ ਅਤੇ ਉਹ ਤੁਰੰਤ ਕੰਪਨੀ ਤੋਂ ਵਾਪਸ ਘਰ ਪਹੁੰਚੇ ਅਤੇ ਆਪਣੇ ਪੋਤੇ ਨੂੰ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ ਗਿਆ ਪ੍ਰੰਤੂ ਜਦੋਂ ਦਵਾਈ ਤੋਂ ਕੋਈ ਫਰਕ ਨਹੀਂ ਪਿਆ ਤਾਂ ਉਹ ਪਵਨ ਨੂੰ ਸਰਕਾਰੀ ਹਸਪਤਾਲ ਫੇਜ਼-6 ਦੇ ਐਮਰਜੈਂਸੀ ਬਲਾਕ ਵਿੱਚ ਲੈ ਗਏ। ਜਿੱਥੇ ਪਵਨ ਦਾ ਇਲਾਜ ਕੀਤਾ ਗਿਆ ਪਰ ਉਸ ਦੇ ਪੇਟ ਦਾ ਦਰਦ ਬੰਦ ਨਹੀਂ ਹੋਇਆ ਅਤੇ ਉਸ ਨੂੰ ਉਲਟੀਆਂ ਵੀ ਸ਼ੁਰੂ ਹੋ ਗਈਆਂ।
ਸਰਜੂ ਨੇ ਕਿਹਾ ਕਿ ਡਾਕਟਰਾਂ ਵੱਲੋਂ ਉਸ ਨੂੰ ਦੱਸਿਆ ਗਿਆ ਕਿ ਪਵਨ ਨੂੰ ਡੇਂਗੂ ਹੈ ਅਤੇ ਉਸਦੇ ਬਚਣ ਦੀ ਉਮੀਦ 10 ਕੁ ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਵਿੱਚ ਇਲਾਜ ਦੌਰਾਨ ਵੀਰਵਾਰ ਦੇਰ ਸ਼ਾਮ ਪਵਨ ਦੀ ਮੌਤ ਹੋ ਗਈ। ਪਰਿਵਾਰ ਪਵਨ ਦੀ ਲਾਸ਼ ਲੈ ਕੇ ਯੂਪੀ ਚਲੇ ਗਏ। ਜਿੱਥੇ ਅੱਜ ਬੱਚੇ ਦਾ ਅੰਤਿਮ ਸਸਕਾਰ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…