nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਡੇਂਗੂ ਦਾ ਪ੍ਰਕੋਪ ਜਾਰੀ, ਲਗਾਤਾਰ ਵੱਧ ਰਹੀ ਹੈ ਮਰੀਜ਼ਾਂ ਦੀ ਗਿਣਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਅਤੇ ਡੇਂਗੂ ਦੇ ਮਰੀਜਾਂ ਦੀ ਗਿਣਤੀ ਦੇ ਮਾਮਲੇ ਵਿੱਚ ਮੁਹਾਲੀ ਜ਼ਿਲ੍ਹਾ ਪੂਰੇ ਪੰਜਾਬ ਵਿੱਚ ਮੋਹਰੀ ਬਣਿਆ ਹੋਇਆ ਹੈ। ਹਾਲਾਤ ਇਹ ਹਨ ਕਿ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਲੱਖ ਯਤਨਾਂ ਦੇ ਬਾਵਜੂਦ ਇਹ ਬਿਮਾਰੀ ਕਾਬੂ ਵਿੱਚ ਆਉਂਦੀ ਨਹੀਂ ਦਿਖ ਰਹੀ ਹੈ।
ਸਾਡੇ ਸ਼ਹਿਰ ਵਿੱਚ ਰੋਜ਼ਾਨਾ ਹੀ 2 ਦਰਜਨ ਦੇ ਕਰੀਬ ਵਿਅਕਤੀ ਇਸ ਬਿਮਾਰੀ ਦੀ ਚਪੇਟ ਵਿੱਚ ਆ ਰਹੇ ਹਨ ਅਤੇ ਇਸ ਨਾਲ ਇਸਦੀ ਗੰਭੀਰਤਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਇਹ ਉਹਨਾਂ ਮਰੀਜਾਂ ਦਾ ਅੰਕੜਾ ਹੈ ਜਿਹੜੇ ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਵਿੱਚ ਇਲਾਜ ਲਈ ਪਹੁੰਚੇ ਹਨ ਅਤੇ ਇਸ ਤੋਂ ਇਲਾਵਾ ਅਜਿਹੇ ਵੱਡੀ ਗਿਣਤੀ ਮਰੀਜ਼ ਹਨ ਜਿਹੜੇ ਪ੍ਰਾਈਵੇਟ ਹਸਪਤਾਲਾਂ ਜਾਂ ਚੰਡੀਗੜ੍ਹ ਦੇ ਹਸਪਤਾਲਾਂ ਵਿਚ ਜਾਂਦੇ ਹਨ ਅਤੇ ਉਹਨਾਂ ਦੀ ਗਿਣਤੀ ਵੱਖਰੀ ਹੈ।
ਸਥਾਨਕ ਫੇਜ਼-11 ਵਿੱਚ ਪਿਛਲੇ ਕੁੱਝ ਦਿਨਾਂ ਦੌਰਾਨ ਅਚਾਨਕ ਹੀ ਡੇਂਗੂ ਦੀ ਬਿਮਾਰੀ ਦਾ ਪ੍ਰਕੋਪ ਵੱਧ ਗਿਆ ਹੈ। ਇੱਥੇ ਕੋਠੀ ਨੰਬਰ 300 ਤੋਂ 325 ਦੇ ਖੇਤਰ ਵਿੱਚ ਲਗਭਗ ਇੱਕ ਦਰਜਨ ਘਰ ਅਜਿਹੇ ਹਨ। ਜਿਹਨਾਂ ਵਿੱਚ ਕੋਈ ਨਾ ਕੋਈ ਵਿਅਕਤੀ ਇਸ ਬਿਮਾਰੀ ਦਾ ਸ਼ਿਕਾਰ ਹੈ। ਮਿਉਂਸਪਲ ਕੌਂਸਲਰ ਅਮਰੀਕ ਸਿੰਘ (ਤਹਿਸੀਲਦਾਰ) ਜੋ ਕੋਠੀ ਨੰਬਰ 316 ਦੇ ਵਸਨੀਕ ਹਨ, ਖ਼ੁਦ ਵੀ ਡੇਂਗੂ ਦਾ ਸ਼ਿਕਾਰ ਹੋ ਚੁੱਕੇ ਹਨ। ਉਹਨਾਂ ਦੇ ਖ਼ੁਦ ਦੇ ਘਰ ਵਿੱਚ ਡੇਂਗੂ ਦੇ ਤਿੰਨ ਮਰੀਜ ਹਨ। ਇਸ ਤੋਂ ਇਲਾਵਾ ਉਹਨਾਂ ਦੇ ਆਸ ਪੜੋਸ ਦੇ ਜ਼ਿਆਦਾਤਰ ਘਰਾਂ ਵਿੱਚ ਕਈ ਵਿਅਕਤੀ ਡੇਂਗੂ ਦੇ ਸ਼ਿਕਾਰ ਹੋ ਚੁੱਕੇ ਹਨ।
ਸਾਬਕਾ ਤਹਿਸਲੀਦਾਰ ਦੇ ਬੇਟੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਇਸ ਖੇਤਰ ਵਿੱਚ ਅਚਾਨਕ ਹੀ ਡੇਂਗੂ ਦੇ ਮਾਮਲੇ ਵੱਧ ਗਏ ਹਨ ਜਿਸ ਨਾਲ ਪਤਾ ਚਲਦਾ ਹੈ ਕਿ ਇਸ ਖੇਤਰ ਵਿੱਚ ਜਾਂ ਇਸ ਦੇ ਆਸਪਾਸ ਕਿਤੇ ਨਾ ਕਿਤੇ ਡੇਂਗੂ ਮੱਛਰ ਦਾ ਲਾਰਵਾ ਪਲ ਰਿਹਾ ਹੈ ਅਤੇ ਇਸ ਕਾਰਣ ਇਹ ਬਿਮਾਰੀ ਇੰਨੀ ਵੱਧ ਗਈ ਹੈ। ਉਹਨਾਂ ਮੰਗ ਕੀਤੀ ਕਿ ਸਿਹਤ ਵਿਭਾਗ ਦੀ ਟੀਮ ਵੱਲੋੱ ਇਸ ਖੇਤਰ ਵਿੱਚ ਡੇੱਗੂ ਦੇ ਸਰੋਤ ਦੀ ਜਾਂਚ ਕੀਤੀ ਜਾਵੇ ਅਤੇ ਇਸ ਦੀ ਰੋਕਥਾਮ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਡੇਂਗੂ ਦੀ ਬਿਮਾਰੀ ਤੇ ਕਾਬੂ ਕਰਨ ਲਈ ਤਾਇਨਾਤ ਡਾ. ਅਵਤਾਰ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਫੇਜ਼-11 ਵਿੱਚ ਇੱਕ ਹਿੱਸੇ ਵਿੱਚ ਡੇਂਗੂ ਦੀ ਬਿਮਾਰੀ ਦੇ ਵੱਧ ਮਾਮਲੇ ਹੋਣ ਦੀ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉੱਥੇ ਸਿਹਤ ਵਿਭਾਗ ਦੀ ਟੀਮ ਭੇਜ ਕੇ ਜਾਂਚ ਕੀਤੀ ਜਾਵੇਗੀ ਅਤੇ ਡੇਂਗੂ ਦੇ ਲਾਰਵਾ ਨੂੰ ਖ਼ਤਮ ਕਰਨ ਲਈ ਸਪਰੇਅ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਵੀ ਨਗਰ ਨਿਗਮ ਨੂੰ ਸ਼ਹਿਰ ਵਿੱਚ ਮੱਛਰ ਮਾਰ ਦਵਾਈ ਦੇ ਸਪਰੇਅ ਲਈ ਲਿਖਿਆ ਜਾਂਦਾ ਰਿਹਾ ਹੈ ਅਤੇ ਜਿਹਨਾਂ ਖੇਤਰਾਂ ਵਿੱਚ ਡੇਂਗੂ ਦੇ ਵੱਧ ਮਾਮਲੇ ਆ ਰਹੇ ਹਨ ਉੱਥੇ ਵੱਧ ਸਪਰੇਅ ਕਰਨ ਲਈ ਲਿਖਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …