ਮੁਹਾਲੀ ਵਿੱਚ ਡੇਂਗੂ ਦਾ ਪ੍ਰਕੋਪ ਜਾਰੀ, ਬਲੌਂਗੀ ਤੋਂ ਬਾਅਦ ਹੁਣ ਕੁੰਭੜਾ ਵਿੱਚ ਫੈਲਿਆ ਡੇਂਗੂ

ਜ਼ਿਲ੍ਹਾ ਮੁਹਾਲੀ ਵਿੱਚ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ 900 ਟੱਪੀ, ਸਵਾਈਨ ਫਲੂ ਦੇ 50 ਮਰੀਜ਼ ਮਿਲੇ, ਲੋਕ ਭੈਅ-ਭੀਤ

ਜ਼ਿਲ੍ਹਾ ਪ੍ਰਸ਼ਾਸਨ ਵਿੱਚ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਫੌਗਿੰਗ ਸਪਰੇਅ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਡੇਂਗੂ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਮੁਹਾਲੀ ਦੀ ਜੂਹ ਵਿੱਚ ਵਸਦੇ ਪਿੰਡ ਬਲੌਂਗੀ ਤੋਂ ਬਾਅਦ ਹੁਣ ਕੁੰਭੜਾ ਵਿੱਚ ਵੀ ਡੇਂਗੂ ਫੈਲ ਗਿਆ ਹੈ। ਮੈਡੀਕਲ ਲੈਬਾਰਟਰੀ ਦੀ ਰਿਪੋਰਟ ਮੁਤਾਬਕ ਕੁੰਭੜਾ ਵਿੱਚ ਦੋ ਦਰਜਨ ਤੋਂ ਵੱਧ ਵਿਅਕਤੀ ਡੇਂਗੂ ਤੋਂ ਪੀੜਤ ਹਨ। ਜਿਨ੍ਹਾਂ ਵਿੱਚ ਅੌਰਤਾਂ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹਨ। ਪਿਛਲੇ ਛੇ ਦਿਨਾਂ ਵਿੱਚ 636 ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 900 ਤੋਂ ਵੱਧ ਟੱਪ ਗਈ ਹੈ। ਹਾਲਾਂਕਿ ਸਿਹਤ ਵਿਭਾਗ ਡੇਂਗੂ ਦੀ ਬਿਮਾਰੀ ਨਾਲ ਨਜਿੱਠਣ ਲਈ ਵੱਡੇ ਪੱਧਰ ’ਤੇ ਦਾਅਵੇ ਕਰ ਰਿਹਾ ਹੈ ਅਤੇ ਇਸ ਸਬੰਧੀ ਸਰਕਾਰੀ ਹਸਪਤਾਲ ਵਿੱਚ ਸਪੈਸ਼ਲ ਵਾਰਡ ਵੀ ਬਣਾਏ ਗਏ ਹਨ ਅਤੇ ਦਵਾਈਆਂ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਦੇ ਬਾਵਜੂਦ ਡੇਂਗੂ ਪੀੜਤ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਐਤਕੀਂ ਵੀ ਮੁਹਾਲੀ ਡੇਂਗੂ ਪੀੜਤ ਮਰੀਜ਼ਾਂ ਦੇ ਮਾਮਲੇ ਵਿੱਚ ਪੰਜਾਬ ’ਚੋਂ ਪਹਿਲੇ ਨੰਬਰ ’ਤੇ ਹੈ। ਇੰਝ ਹੀ 50 ਦੇ ਕਰੀਬ ਸਵਾਈਨ ਫਲੂ ਦੇ ਮਰੀਜ਼ ਵੀ ਮਿਲੇ ਹਨ ਅਤੇ ਹੁਣ ਤੱਕ ਸਵਾਈਨ ਫਲੂ ਨਾਲ ਪੀੜਤ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਮਾਜ ਸੇਵੀ ਤੇ ਸਾਬਕਾ ਕੌਂਸਲਰ ਡਾ. ਪਵਨ ਕੁਮਾਰ ਜੈਨ ਨੇ ਦੱਸਿਆ ਕਿ ਕੁੰਭੜਾ ਵਿੱਚ ਦੂਸ਼ਿਤ ਪਾਣੀ ਅਤੇ ਨਾਲੀਆਂ ਵਿੱਚ ਪਾਣੀ ਖੜਾ ਰਹਿਣ ਕਾਰਨ ਡੇਂਗੂ ਤੇ ਹੋਰ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਨਹੀਂ ਮਿਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਕੁੰਭੜਾ ਸਮੇਤ ਹੋਰਨਾਂ ਇਲਾਕਿਆਂ ਵਿੱਚ ਫੌਗਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਘਰਾਂ ਵਿੱਚ ਸਪਲਾਈ ਹੁੰਦੇ ਪਾਣੀ ਵਿੱਚ ਕਲੋਰੀਨ ਮਿਲਾਈ ਜਾਵੇ। ਇਸ ਤੋਂ ਇਲਾਵਾ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਡੈਮੋਕ੍ਰੇਟਿਕ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਨਗਰ ਨਿਗਮ ਅਤੇ ਜਲ ਸਪਲਾਈ ਵਿਭਾਗ ਆਪਣੀ ਜ਼ਿੰਮੇਵਾਰ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਲਾਪਰਵਾਹੀ ਦੇ ਚੱਲਦਿਆਂ ਪਿੰਡ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਗਏ ਹਨ।
ਉਧਰ, ਪਿੰਡ ਬਲੌਂਗੀ ਵਿੱਚ ਸਿਹਤ ਵਿਭਾਗ ਅਤੇ ਗਰਾਮ ਪੰਚਾਇਤ ਵੱਲੋਂ ਸਰਪੰਚ ਬੀਬੀ ਭਿੰਦਰਜੀਤ ਕੌਰ ਦੀ ਅਗਵਾਈ ਹੇਠ ਮੀਟਿੰਗ ਕਰਕੇ ਪਿੰਡ ਬਲੌਂਗੀ ਅਤੇ ਕਲੋਨੀ ਵਾਸੀਆਂ ਨੂੰ ਡੇਂਗੂ ਤੇ ਸਵਾਈਨ ਫਲੂ ਸਮੇਤ ਹੋਰਨਾਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਾਂਝੀ ਟੀਮ ਨੇ ਕਈ ਮੁਹੱਲਿਆਂ ਵਿੱਚ ਘਰ ਘਰ ਜਾ ਕੇ ਸਰਵੇ ਕਰਕੇ ਡੇਂਗੂ ਪੀੜਤ ਲੋਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਰਪੰਚ ਨੇ ਸਿਹਤ ਵਿਭਾਗ ਦਾ ਚੌਕਸੀ ਵਧਾਉਣ ’ਤੇ ਧੰਨਵਾਦ ਕੀਤਾ।
ਉਧਰ, ਡੇਂਗੂ ਬਾਰੇ ਰਿਪੋਰਟਾਂ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਪਹਿਲਾਂ ਨਾਲੋਂ ਵਧੇਰੇ ਚੋਕੰਨੇ ਹੋ ਗਏ ਹਨ। ਸਿਹਤ ਕਰਮਚਾਰੀਆਂ ਨੂੰ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਡਿਊਟੀ ਸੌਂਪੀ ਗਈ ਹੈ। ਸਿਹਤ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹੇ ਵਿੱਚ ਜ਼ਿਆਦਾਤਰ ਇਲਾਕਿਆਂ ਵਿੱਚ ਕਾਫ਼ੀ ਥਾਵਾਂ ’ਤੇ ਗੰਦਗੀ ਫੈਲੀ ਹੋਈ ਹੈ ਅਤੇ ਥਾਂ-ਥਾਂ ਗੰਦਾ ਪਾਣੀ ਖੜ੍ਹਨ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਸ਼ਹਿਰ ਦੇ ਕਈ ਪਾਰਕਾਂ ਵਿੱਚ ਵੀ ਗੰਦਗੀ ਅਤੇ ਕੂੜਾ ਕਰਕਟ ਪਿਆ ਹੈ। ਉਂਜ ਲੋਕਾਂ ਦੇ ਘਰਾਂ ਵਿੱਚ ਕੂਲਰਾਂ ਅਤੇ ਛੱਤ ’ਤੇ ਪਏ ਸਮਾਨ ਅਤੇ ਟਾਇਰਾਂ ਵਿੱਚ ਵੀ ਪਾਣੀ ਖੜਾ ਰਹਿਣ ਕਾਰਨ ਡੇਂਗੂ ਅਤੇ ਮਲੇਰੀਆ ਦਾ ਮੱਛਰ ਪਲਦਾ ਹੈ।
ਉਧਰ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ਼ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਹੁਣ ਤੱਕ ਸਵਾਈਨ ਫਲੂ ਦੇ 50 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ ਸਵਾਈਨ ਫਲੂ ਨਾਲ 5 ਮੌਤਾਂ ਹੋ ਚੁੱਕੀਆਂ ਹਨ। ਇੰਝ ਹੀ ਹੁਣ ਤੱਕ ਡੇਂਗੂ ਦੇ 900 ਤੋਂ ਵੱਧ ਮਰੀਜ਼ ਮਿਲੇ ਹਨ। ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਦੇ ਮਰੀਜ਼ਾਂ ਦੀ ਗਿਣਤੀ ਵੱਧ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਡੇਂਗੂ ਪੀੜਤ ਦੋ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਅਤੇ ਮਲੇਰੀਆਂ ਅਤੇ ਸਵਾਈਨ ਫਲੂ ਦੇ ਇਲਾਜ ਲਈ ਉਚਿੱਤ ਪ੍ਰਬੰਧ ਕੀਤੇ ਗਏ ਹਨ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਸਪੈਸ਼ਲ ਵਾਰਡ ਬਣਾਏ ਗਏ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਜਾਗਰੂਕ ਕਰਨ ਲਈ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਵੱਖ-ਵੱਖ 40 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਵੱਲੋਂ ਪਿੰਡ ਪੱਧਰ ’ਤੇ ਲੋਕਾਂ ਨੂੰ ਆਪਣੇ ਘਰਾਂ ਤੇ ਆਲੇ ਦੁਆਲੇ ਅਤੇ ਕੂਲਰਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਛੱਤ ’ਤੇ ਪਏ ਫਾਲਤੂ ਸਮਾਨ ਨੂੰ ਪਾਸੇ ਹਟਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਲਾਈਨਜ਼ ਕਲੱਬ, ਰੋਟਰੀ ਕਲੱਬ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਪੱਧਰ ’ਤੇ ਆਮ ਲੋਕਾਂ ਨੂੰ ਆਪਣੇ ਘਰਾਂ ਵਿੱਚ ਕੂਲਰਾਂ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਲਈ ਜਾਗਰੂਕ ਕੀਤਾ ਜਾਵੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …