ਮੁਹਾਲੀ ਵਿੱਚ ਡੇਂਗੂ ਦਾ ਪ੍ਰਕੋਪ ਜਾਰੀ, ਪੀੜਤਾਂ ਦੀ ਗਿਣਤੀ 1262 ’ਤੇ ਪੁੱਜੀ, 13 ਨਵੇਂ ਮਰੀਜ਼ ਆਏ

ਸਿਹਤ ਵਿਭਾਗ ਵੱਲੋ 4197 ਘਰਾਂ ਦਾ ਸਰਵੇ, 58 ਘਰਾਂ ’ਚੋਂ ਮਿਲਿਆ ਡੇਂਗੂ ਦਾ ਲਾਰਵਾ

16,454 ਕੰਟੇਨਰਾਂ ਦੀ ਜਾਂਚ, 63 ’ਚੋਂ ਮਿਲਿਆ ਡੇਂਗੂ ਦਾ ਲਾਰਵਾ, 109 ਸੈਂਪਲ ਜਾਂਚ ਲਈ ਭੇਜੇ

ਨਬਜ਼-ਏ-ਪੰਜਾਬ, ਮੁਹਾਲੀ, 8 ਨਵੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੇਚਸ਼ ਤੋਂ ਬਾਅਦ ਹੁਣ ਡੇਂਗੂ ਦਾ ਪ੍ਰਕੋਪ ਜਾਰੀ ਹੈ। ਅੱਜ 13 ਹੋਰ ਨਵੇਂ ਮਰੀਜ਼ ਆਏ ਹਨ ਅਤੇ ਹੁਣ ਡੇਂਗੂ ਪੀੜਤਾਂ ਦੀ ਗਿਣਤੀ ਵਧ ਕੇ 1262 ’ਤੇ ਪਹੁੰਚ ਗਈ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਬਰਾੜ ਨੇ ਦਾਅਵਾ ਕੀਤਾ ਕਿ ਹੁਣ ਕਾਫ਼ੀ ਹੱਦ ਤੱਕ ਡੇਂਗੂ ’ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ 4197 ਘਰਾਂ ਦਾ ਸਰਵੇ ਕੀਤਾ ਗਿਆ। ਜਿਨ੍ਹਾਂ ’ਚੋਂ ਸਿਰਫ਼ 58 ਘਰਾਂ ਵਿੱਚ ਹੀ ਡੇਂਗੂ ਦਾ ਲਾਰਵਾ ਮਿਲਿਆ ਹੈ। ਇੰਜ ਹੀ ਵੱਖ-ਵੱਖ ਥਾਵਾਂ ’ਤੇ 16 ਹਜ਼ਾਰ 454 ਕੰਟੇਨਰਾਂ ਦੀ ਜਾਂਚ ਕੀਤੀ ਗਈ ਅਤੇ ਸਿਰਫ਼ 63 ਕੰਟੇਨਰਾਂ ਵਿੱਚ ਹੀ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਫੇਜ਼-6 ਵਿੱਚ ਸਪੈਸ਼ਲ ਡੇਂਗੂ ਵਾਰਡ ਬਣਾਇਆ ਗਿਆ ਹੈ, ਜਿੱਥੇ ਡੇਂਗੂ ਪੀੜਤਾਂ ਨੂੰ ਦਾਖ਼ਲ ਕਰਕੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਡੇਂਗੂ, ਚਿਕਨਗੁਣੀਆਂ ਅਤੇ ਮਲੇਰੀਆ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਉਧਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਮੁਹਿੰਮ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਡੇਂਗੂ ਲਾਰਵੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ। ਕਾਰਜਕਾਰੀ ਸਿਵਲ ਸਰਜਨ ਡਾ. ਰੇਨੂ ਸਿੰਘ ਨੇ ਖ਼ੁਦ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਡੇਂਗੂ ਜਾਗਰੂਕਤਾ ਮੁਹਿੰਮ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਡੇਂਗੂ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿੱਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜ੍ਹਿਆਂ ’ਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸਐਮਓ ਡਾ. ਵਿਜੈ ਭਗਤ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਬਰਾੜ, ਡਾ. ਪਰਮਿੰਦਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਹਰਚਰਨ ਸਿੰਘ ਬਰਾੜ ਸਮੇਤ ਹੋਰ ਸਿਹਤ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …