ਪੰਜਾਬ ਵਿੱਚ ਡੇਂਗੂ ਦਾ ਪ੍ਰਕੋਪ ਜਾਰੀ: ਸੰਸਦ ਮੈਂਬਰ ਮੀਤ ਹੇਅਰ ਡੇਂਗੂ ਤੋਂ ਪੀੜਤ, ਫੋਰਟਿਸ ’ਚ ਦਾਖ਼ਲ

ਪਲੇਟਲੈਟਸ ਘੱਟ ਕੇ 10 ਹਜ਼ਾਰ ਰਹਿ ਗਏ, ਤੜਕੇ 2 ਵਜੇ ਫੋਰਟਿਸ ਹਸਪਤਾਲ ਲੈ ਕੇ ਪੁੱਜਾ ਪਰਿਵਾਰ

ਨਬਜ਼-ਏ-ਪੰਜਾਬ, ਮੁਹਾਲੀ, 26 ਅਕਤੂਬਰ:
ਪੰਜਾਬ ਵਿੱਚ ਡੇਂਗੂ ਦਾ ਪ੍ਰਕੋਪ ਜਾਰੀ ਹੈ ਅਤੇ ਲਗਾਤਾਰ ਡੇਂਗੂ ਪੀੜਤਾਂ ਦੀ ਗਿਣਤੀ ਵਧ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਡੇਂਗੂ ਬੁਖ਼ਾਰ ਦੇ ਲਪੇਟੇ ਵਿੱਚ ਆ ਗਏ ਹਨ। ਪਰਿਵਾਰ ਮੈਂਬਰਾਂ ਨੇ ਸ਼ਨਿਚਰਵਾਰ ਤੜਕੇ ਸਵੇਰੇ ਕਰੀਬ ਦੋ ਵਜੇ ਮੀਤ ਹੇਅਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਸ਼ੁੱਕਰਵਾਰ ਪੂਰੀ ਰਾਤ ਮੀਤ ਹੇਅਰ ਦੀ ਪਤਨੀ ਡਾ. ਗੁਰਵੀਨ ਕੌਰ ਉਨ੍ਹਾਂ ਨਾਲ ਹਸਪਤਾਲ ਵਿੱਚ ਰਹੇ ਅਤੇ ਅੱਜ ਪਿਤਾ ਚਮਕੌਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਵੀ ਦੇਖਭਾਲ ਲਈ ਫੋਰਟਿਸ ਹਸਪਤਾਲ ਪਹੁੰਚ ਗਏ। ਇਸ ਤੋਂ ਇਲਾਵਾ ਮੀਤ ਹੇਅਰ ਦੇ ਦੋਸਤ ਮਿੱਤਰ ਅਤੇ ਹੋਰ ਜਾਣਕਾਰੀ ਵੀ ਸੂਚਨਾ ਮਿਲਦੇ ਹੀ ਅੱਜ ਸਾਰਾ ਦਿਨ ਫੋਰਟਿਸ ਹਸਪਤਾਲ ਵਿੱਚ ਰਹੇ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਨਵਦੀਪ ਸਿੰਘ ਗਿੱਲ ਨੇ ਵੀ ਫੋਰਟਿਸ ਹਸਪਤਾਲ ਪਹੁੰਚ ਕੇ ਮੀਤ ਹੇਅਰ ਦੀ ਖਬਰਸਾਰ ਪੁੱਛੀ ਅਤੇ ਪਰਿਵਾਰ ਨਾਲ ਗੱਲ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਮੀਤ ਹੇਅਰ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਬੀਤੀ 19 ਅਕਤੂਬਰ ਨੂੰ ਉਨ੍ਹਾਂ ਦੀ ਡੇਂਗੂ ਰਿਪੋਰਟ ਪਾਜੇਟਿਵ ਆਉਣ ਕਾਰਨ ਉਹ ਬਰਨਾਲਾ ਸਥਿਤ ਆਪਣੀ ਰਿਹਾਇਸ਼ ਉੱਤੇ ਹੀ ਜੇਰੇ ਇਲਾਜ ਸਨ। ਬੀਤੀ ਸ਼ਾਮ 25 ਅਕਤੂਬਰ ਨੂੰ ਅਚਾਨਕ ਸੰਸਦ ਮੈਂਬਰ ਦੇ ਪਲੇਟਲੈਟਸ ਕਾਫ਼ੀ ਜ਼ਿਆਦਾ ਘੱਟ ਗਏ। ਪਤਾ ਲੱਗਾ ਹੈ ਕਿ ਮੀਤ ਹੇਅਰ ਦੇ ਪਲੇਟਲੈਟਸ ਸਿਰਫ਼ 10 ਹਜ਼ਾਰ ਰਹਿ ਗਏ ਸਨ। ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਂਜ ਮੀਤ ਹੇਅਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਉਹ ਪੂਰੀ ਚੜ੍ਹਦੀ ਕਲਾ ਵਿੱਚ ਹਨ। ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਮੀਤ ਹੇਅਰ ਨੇ ਖ਼ੁਦ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਮੀਤ ਹੇਅਰ ਆਪਣੇ ਬਿਮਾਰ ਹੋਣ ਦੀ ਸੂਚਨਾ ਬਾਰੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਅਪਲੋਡ ਕਰਕੇ ਬਰਨਾਲਾ ਵਾਸੀਆਂ ਖਾਸ ਕਰਕੇ ‘ਆਪ’ ਵਲੰਟੀਅਰਾਂ ਨੂੰ ਬਰਨਾਲਾ ਜ਼ਿਮਨੀ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਖ਼ੁਦ ਸਿਹਤਯਾਬ ਹੋ ਕੇ ਜਲਦੀ ਹੀ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣ ਦੀ ਗੱਲ ਵੀ ਕਹੀ ਹੈ।
ਇਸੇ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਿਤੇਂਦਰ ਕੌਰ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਰਸ਼ਦੀਪ ਕੌਰ ਨੇ ਦੱਸਿਆ ਕਿ ਇਸ ਪੰਜਾਬ ਵਿੱਚ 2572 ਡੇਂਗੂ ਦੇ ਕੇਸ ਹਨ। ਮੁਹਾਲੀ ਵਿੱਚ ਸਭ ਤੋਂ ਵੱਧ ਹਨ। ਮੁਹਾਲੀ ਵਿੱਚ ਹੁਣ ਤੱਕ 958 ਡੇਂਗੂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ੁੱਕਰਵਾਰ ਸ਼ਾਮ ਤੱਕ 130 ਨਵੇਂ ਮਾਮਲੇ ਆਏ ਹਨ। ਲੁਧਿਆਣਾ ਵਿੱਚ 203, ਪਟਿਆਲਾ ਵਿੱਚ 194, ਹੁਸ਼ਿਆਰਪੁਰ ਵਿੱਚ 164, ਪਠਾਨਕੋਟ ਵਿੱਚ 96, ਬਠਿੰਡਾ ਵਿੱਚ 95, ਫਰੀਦਕੋਟ ਵਿੱਚ 87, ਫਾਜ਼ਿਲਕਾ ਵਿੱਚ 86, ਮੋਗਾ ਵਿੱਚ 85, ਜਲੰਧਰ ਵਿੱਚ 82, ਰੂਪਨਗਰ ਵਿੱਚ 63, ਕਪੂਰਥਲਾ ਵਿੱਚ 49, ਫਿਰੋਜ਼ਪੁਰ ਵਿੱਚ 45, ਫਤਹਿਗੜ੍ਹ ਸਾਹਿਬ ਵਿੱਚ 42, ਅੰਮ੍ਰਿਤਸਰ ਵਿੱਚ 29, ਬਰਨਾਲਾ ਵਿੱਚ 21, ਮਲੇਰਕੋਟਲਾ ਵਿੱਚ 17, ਮਾਨਸਾ ਵਿੱਚ 16 ਡੇਂਗੂ ਦੇ ਕੇਸ ਹਨ।
ਉਧਰ, ਸਿਹਤ ਵਿਭਾਗ ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਇਸ ਕਰਕੇ ਸਭ ਤੋਂ ਵੱਧ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਕਿਉਂਕਿ ਇੱਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਿਰੰਤਰ ਡੇਂਗੂ ਜਾਗਰੂਕਤਾ ਅਭਿਆਨ ਚਲਾਇਆ ਗਿਆ ਹੈ ਅਤੇ ਰੋਜ਼ਾਨਾ ਘਰਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ ਅਤੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਜਦੋਂਕਿ ਬਾਕੀ ਸ਼ਹਿਰਾਂ ਵਿੱਚ ਜ਼ਿਆਦਾਤਰ ਅਜਿਹੀਆਂ ਰਿਪੋਰਟਾਂ ਸਾਹਮਣੇ ਨਹੀਂ ਆ ਰਹੀਆਂ। ਜੇਕਰ ਮੁਹਾਲੀ ਵਾਂਗ ਬਾਕੀ ਸ਼ਹਿਰਾਂ ਵਿੱਚ ਰਿਪੋਰਟ ਜਨਤਕ ਹੋਵੇ ਤਾਂ ਡੇਂਗੂ ਕੇਸਾਂ ਦਾ ਸੱਚ ਸਾਹਮਣੇ ਆ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…