
ਮੁਹਾਲੀ ਦੇ ਸ਼ਹਿਰੀ ਖੇਤਰ ਵਿੱਚ ਡੇਂਗੂ ਪ੍ਰਕੋਪ ਨੇ ਚਿੰਤਾ ਵਧਾਈ, 41 ਮਾਮਲੇ ਸਾਹਮਣੇ ਆਏ
ਡੀਸੀ ਆਸ਼ਿਕਾ ਜੈਨ ਵੱਲੋਂ ਅਧਿਕਾਰੀਆਂ ਨੂੰ ਜੰਗੀ ਪੱਧਰ ’ਤੇ ਕੰਮ ਕਰਨ ਦੇ ਹੁਕਮ
ਏਡੀਸੀ, ਐਸਡੀਐਮ, ਸਿਹਤ ਅਧਿਕਾਰੀਆਂ, ਈਓਜ਼ ਤੇ ਬੀਡੀਪੀਓਜ਼ ਨਾਲ ਮੀਟਿੰਗ ਕਰਕੇ ਲਿਆ ਜਾਇਜ਼ਾ
ਨਬਜ਼-ਏ-ਪੰਜਾਬ, ਮੁਹਾਲੀ, 12 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲਗਾਤਾਰ ਵਧ ਰਹੇ ਡੇਂਗੂ ਦੇ ਪ੍ਰਕੋਪ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਅਗਸਤ ਮਹੀਨੇ ਵਿੱਚ ਹੁਣ ਤੱਕ 41 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ’ਚੋਂ 33 ਕੇਸ ਸ਼ਹਿਰੀ ਖੇਤਰ ਨਾਲ ਸਬੰਧਤ ਹਨ ਜਦੋਂਕਿ ਅੱਠ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਨਿੱਚਰਵਾਰ ਸ਼ਾਮ ਨੂੰ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਪੰਚਾਇਤ ਵਿਭਾਗ, ਨਗਰ ਨਿਗਮ ਅਤੇ ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕਰਕੇ ਸਬੰਧਤ ਅਧਿਕਾਰੀਆਂ ਨੂੰ ਡੇਂਗੂ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਜੰਗੀ ਪੱਧਰ ਉੱਤੇ ਕੰਮ ਕਰਨ ਦੇ ਆਦੇਸ਼ ਦਿੱਤੇ।
ਆਉਣ ਵਾਲੇ ਦਿਨਾਂ ਹੋਰ ਵੀ ਸਾਵਧਾਨ ਰਹਿਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਮੱਛਰ ਦੇ ਲਾਰਵੇ ’ਤੇ ਲਾਰਵੀਸਾਈਡ ਐਕਸ਼ਨ, ਫਿਊਮੀਗੇਸ਼ਨ, ਫੌਗਿੰਗ ਅਤੇ ਸ਼ਹਿਰ ਵਾਸੀਆਂ ਨੂੰ ਖੜ੍ਹੇ ਪਾਣੀ ਦੀ ਨਿਕਾਸੀ ਬਾਰੇ ਜਾਗਰੂਕ ਕਰਨ ਦਾ ਇਹ ਸਹੀ ਸਮਾਂ ਹੈ। ਨਾਗਰਿਕਾਂ ਨੂੰ ਦੱਸਿਆ ਜਾਵੇ ਕਿ ਕੂਲਰਾਂ ਤੇ ਗਮਲਿਆਂ ਵਿੱਚ ਖੜ੍ਹਾ ਪਾਣੀ, ਫਰਿੱਜਾਂ ਦੀਆਂ ਪਿਛਲੀਆਂ ਟਰੇਆਂ ਵਿੱਚ ਖੜ੍ਹਾ ਪਾਣੀ ਅਤੇ ਘਰਾਂ ਦੀਆਂ ਛੱਤਾਂ ’ਤੇ ਫਾਲਤੂ ਬਰਤਨਾਂ ਅਤੇ ਟਾਇਰਾਂ ਵਿੱਚ ਹੀ ਡੇਂਗੂ ਮੱਛਰ ਦੀ ਫੈਕਟਰੀ ਬਣੀ ਹੋ ਸਕਦੀ ਹੈ।
ਡੀਸੀ ਨੇ ਸਮੂਹ ਏਡੀਸੀਜ਼, ਐਸਡੀਐਮਜ਼, ਨਗਰ ਨਿਗਮ ਦੇ ਕਮਿਸ਼ਨਰ, ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ, ਬੀਡੀਪੀਓਜ਼ ਅਤੇ ਐਸਐਮਓਜ਼ ਨੂੰ ਡੇਂਗੂ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਕੇ ‘ਡਰਾਈ ਡੇਅ’ ਦੀਆਂ ਗਤੀਵਿਧੀਆਂ ਕਰਨ ਲਈ ਹਰ ਸ਼ੁੱਕਰਵਾਰ ਫੀਲਡ ਵਿੱਚ ਜਾਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਡੇਂਗੂ ਕੇਸਾਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਲਿਹਾਜ਼ਾ ਸਾਨੂੰ ਵਧੇਰੇ ਸਾਵਧਾਨ ਅਤੇ ਜਾਗਰੂਕ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ’ਚੋਂ ਖਰੜ 17 ਕੇਸਾਂ ਨਾਲ ਸਿਖਰ ’ਤੇ ਹੈ। ਜਿਸ ਤੋਂ ਬਾਅਦ ਮੁਹਾਲੀ ਵਿੱਚ 11, ਜ਼ੀਰਕਪੁਰ ਵਿੱਚ ਤਿੰਨ ਅਤੇ ਡੇਰਾਬੱਸੀ ਵਿੱਚ ਹੁਣ ਤੱਕ ਡੇਂਗੂ ਦੇ ਦੋ ਕੇਸ ਹਨ। ਪੇਂਡੂ ਖੇਤਰ ਵਿੱਚ ਘੜੂੰਆਂ ਬਲਾਕ ਵਿੱਚ 6 ਜਦਕਿ ਬੂਥਗੜ੍ਹ ਅਤੇ ਘੋਲੂਮਾਜਰਾ ਵਿੱਚ ਇੱਕ-ਇੱਕ ਮਰੀਜ਼ ਹੈ। ਉਨ੍ਹਾਂ ਆਮ ਲੋਕਾਂ ਖਾਸ ਕਰਕੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਹਰ ਸ਼ੁੱਕਰਵਾਰ ਡਰਾਈ ਡੇਅ ਵਜੋਂ ਮਨਾਉਣ ਦੇ ਨਾਲ-ਨਾਲ ਆਪਣੇ ਗੁਆਂਢੀਆਂ ਨੂੰ ਵੀ ਜਾਗਰੂਕ ਕਰਨ ਲਈ ਅੱਗੇ ਆਉਣ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਏਡੀਸੀ (ਦਿਹਾਤੀ ਵਿਕਾਸ) ਗੀਤਿਕਾ ਸਿੰਘ, ਐਸਡੀਐਮ ਰਵਿੰਦਰ ਸਿੰਘ, ਸਿਵਲ ਸਰਜਨ ਡਾ. ਮਹੇਸ਼ ਆਹੂਜਾ, ਡੀਡੀਪੀਓ ਅਮਰਿੰਦਰ ਪਾਲ ਸਿੰਘ ਚੌਹਾਨ ਹਾਜ਼ਰ ਸਨ।