ਡੇਂਗੂ ਦਾ ਡੰਕ: ਘਰ-ਘਰ ਸਰਵੇਖਣ ਜਾਰੀ, ਡੇਂਗੂ ਲਾਰਵੇ ਦੀ ਜਾਂਚ

ਨਬਜ਼-ਏ-ਪੰਜਾਬ, ਮੁਹਾਲੀ, 1 ਅਗਸਤ:
ਪਿਛਲੇ ਦਿਨਾਂ ਦੌਰਾਨ ਹੜ੍ਹਾਂ ਕਾਰਨ ਮਚੀ ਤਬਾਹੀ ਤੋਂ ਬਾਅਦ ਮੁਹਾਲੀ ਜ਼ਿਲ੍ਹੇ ਵਿੱਚ ਪੇਚਸ਼, ਡੇਂਗੂ ਅਤੇ ਮਲੇਰੀਆ ਫੈਲ ਰਿਹਾ ਹੈ। ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਮੁਹਾਲੀ ਜ਼ਿਲ੍ਹੇ ਨੂੰ ਡੇਂਗੂ ਮੁਕਤ ਕੀਤਾ ਜਾ ਸਕੇ।
ਸਿਵਲ ਸਰਜਨ ਡਾ. ਮਹੇਸ਼ ਆਹੂਜਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਕਿਹਾ ਕਿ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਅਤੇ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਡੇਂਗੂ ਦੀ ਰੋਕਥਾਮ ਲਈ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਨਾਗਰਿਕਾਂ ਦੀ ਮਦਦ ਨਾਲ ਹੀ ਮੁਹਾਲੀ ਨੂੰ ਡੇਂਗੂ-ਮੁਕਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਅਤੇ ਇਲਾਜ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕੋਈ ਡੇਂਗੂ ਬੁਖ਼ਾਰ ਦੀ ਲਪੇਟ ਵਿੱਚ ਆ ਵੀ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਮਰੀਜ਼ ਨੂੰ ਸਰਕਾਰੀ ਹਸਪਤਾਲ ਵਿੱਚ ਜਾ ਕੇ ਡੇਂਗੂ ਦਾ ਮੁਫ਼ਤ ਟੈੱਸਟ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਹਰ ਕਿਸਮ ਦੇ ਬੁਖ਼ਾਰ ਦੌਰਾਨ ਸਰੀਰ ਵਿਚਲੇ ਪਲੇਟਲੈੱਟਸ ਘੱਟ ਜਾਂਦੇ ਹਨ। ਬੱਕਰੀ ਦਾ ਦੁੱਧ, ਕੀਵੀ ਫਲ ਜਾਂ ਨਾਰੀਅਲ ਦਾ ਪਾਣੀ ਪਲੇਟਲੈੱਟਸ ਵਧਾਉਣ ਵਿੱਚ ਸਹਾਈ ਨਹੀਂ ਹੁੰਦੇ। ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ। ਰੋਜ਼ਾਨਾ ਘੱਟੋ-ਘੱਟ ਦੋ ਲੀਟਰ ਪਾਣੀ ਦਾ ਸੇਵਨ ਕੀਤਾ ਜਾਵੇ। ਤਰਲ ਪਦਾਰਥ ਜਿੱਥੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ, ਉੱਥੇ ਸਰੀਰ ਨੂੰ ਜ਼ਰੂਰੀ ਖ਼ੁਰਾਕ ਵੀ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਾਉਣ ਤਾਂ ਜੋ ਡੇਂਗੂ ਮੱਛਰ ਦੇ ਕੱਟਣ ਤੋਂ ਬਚਾਅ ਹੋ ਸਕੇ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…