ਦੰਦਾਂ ਦੇ ਪੰਦਰਵਾੜੇ ਦੌਰਾਨ ਮੁਫਤ ਵੰਡੇ ਜਾਣਗੇ 155 ਦੰਦਾਂ ਦੇ ਬੀੜ: ਡਾ. ਜੈ ਸਿੰਘ

ਦੰਦਾਂ ਦੇ ਪੰਦਵਾੜੇ ਦਾ ਸਿਵਲ ਸਰਜਨ ਵੱਲੋਂ ਕੀਤਾ ਗਿਆ ਆਗਾਜ਼

ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 16 ਫਰਵਰੀ:
ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਦੰਦਾਂ ਦੇ ਵਿਸ਼ੇਸ਼ ਪੰਦਰਵਾੜੇ ਦੌਰਾਨ ਲੋੜਵੰਦਾਂ ਨੂੰ 155 ਦੰਦਾਂ ਦੇ ਬੀੜ ਮੁਫਤ ਵੰਡੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸਿਵਲ ਸਰਜਨ ਡਾ. ਜੈ ਸਿੰਘ ਨੇ ਸਿਵਲ ਹਸਪਤਾਲ ਡੇਰਾਬੱਸੀ ਵਿੱਚ ਜ਼ਿਲੇ੍ਹ ਵਿੱਚ ਮਨਾਏ ਜਾ ਰਹੇ ਦੰਦਾਂ ਦੇ ਵਿਸ਼ੇਸ਼ ਪੰਦਰਵਾੜੇ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਪੰਦਰਵਾੜੇ ਦੌਰਾਨ ਦੰਦਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਲੋੜੀਂਦੀ ਦਵਾਈ ਵੀ ਦਿੱਤੀ ਜਾਵੇਗੀ।
ਇਸ ਮੌਕੇ ਡਾ. ਜੈ ਸਿੰਘ ਨੇ ਮਰੀਜ਼ਾਂ ਨੂੰ ਦੰਦਾਂ ਦੀਆਂ ਬੀਮਾਰੀਆਂ ਤੋਂ ਦੰਦਾਂ ਦਾ ਬਚਾਓ ਕਰਨ ਲਈ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਹਰ 6 ਮਹੀਨੇ ਵਿਚ ਆਪਣੇ ਦੰਦਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਦੰਦਾਂ ਦੀਆਂ ਬੀਮਾਰੀਆਂ ਸ਼ੁਰੂ ਹੋਣ ਸਮੇਂ ਕੋਈ ਦਰਦ ਜਾਂ ਤਕਲੀਫ ਨਹੀਂ ਹੁੰਦੀ ਅਤੇ ਮਰੀਜ਼ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਅਜਿਹਾ ਭੋਜਨ ਕਰਨਾ ਚਾਹੀਦਾ ਹੈ ਜਿਸ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੋਣ। ਹਰੀਆਂ ਸਬਜ਼ੀਆਂ, ਫਲ, ਦੁੱਧ ਆਦਿ ਪਦਾਰਥਾਂ ਦੀ ਖਾਣੇ ਵਿਚ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ ਅਤੇ ਹਰ ਖਾਣੇ ਤੋਂ ਬਾਅਦ ਬੁਰਸ਼ ਕਰਨਾ ਚਾਹੀਦਾ ਹੈ। ਅਸੀਂ ਸਵੇਰ ਵੇਲੇ ਤਾਂ ਬੁਰਸ਼ ਕਰਦੇ ਹਾਂ ਪਰ ਰਾਤ ਨੂੰ ਸੌਣ ਸਮੇਂ ਵੀ ਬੁਰਸ਼ ਕਰਨਾ ਬਹੁਤ ਜਰੂਰੀ ਹੈ।
ਇਸ ਮੌਕੇ ਡਾ. ਦੀਪਤੀ ਡੀਡੀਐਚਓ ਨੇ ਦੱਸਿਆ ਕਿ ਪਲਾਕ ਹਟਾਣੇ, ਦੰਦਾਂ ਨੂੰ ਕੀੜਾ ਲੱਗਣ ਤੋਂ ਰੋਕਣ ਅਤੇ ਸਾਹ ਦੀ ਬਦਬੂ ਹਟਾਉਣ ਲਈ ਹਮੇਸ਼ਾ ਭਰੋਸੇਮੰਦ ਟੁਥ ਬੁਰਸ਼ ਅਤੇ ਟੁਥ ਪੇਸਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ 3 ਮਹੀਨੇ ਬਾਅਦ ਟੂਥ ਬੁਰਸ਼ ਨੂੰ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਖ਼ਰਾਬ ਟੂਥ ਬੁਰਸ਼ ਨਾਲ ਦੰਦਾਂ ਅਤੇ ਮਸੂੜਿਆਂ ਦਾ ਨੁਕਸਾਨ ਹੋਣ ਦਾ ਖਤਰਾ ਬਣ ਜਾਂਦਾ ਹੈ। ਉਨ੍ਹਾਂ ਨੇ ਬਨਾਉਟੀ ਦੰਦਾਂ ਦੀ ਸੰਭਾਲ ਬਾਰੇ ਦੱਸਿਆ ਕਿ ਡੈਂਚਰ ਨੂੰ ਨਰਮ ਬੁਰਸ਼ ਨਾਲ ਸਾਫ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਸਾਫ ਕੀਤਾ ਜਾਵੇ। ਡੈਂਚਰ ਨੂੰ ਗਰਮ ਪਾਣੀ ਵਿਚ ਨਹੀਂ ਪਾਉਣਾ ਅਤੇ ਸਾਫ ਕਰਦੇ ਸਮੇਂ ਦਬਾਓ ਨਹੀਂ ਪਾਉਣਾ ਚਾਹੀਦਾ। ਜਦੋਂ ਡੈਂਚਰ ਮੂੰਹ ਵਿਚ ਨਾ ਹੋਵੇ ਤਾਂ ਠੰਢੇ ਪਾਣੀ ਵਿਚ ਪਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਹੀ ਸਮੇਂ ਤੇ ਸਹੀ ਇਲਾਜ ਕਰਵਾਉਣ ਨਾਲ ਦੰਦ ਕਢਾਉਣ ਤੋਂ ਬਚਾਅ ਹੋ ਸਕਦਾ ਹੈ। ਦੰਦ ਬਚਾਉਣ ਲਈ ਸਿਗਰੇਟ ਅਤੇ ਤੰਬਾਕੂ ਦਾ ਸੇਵਨ ਵੀ ਬੰਦ ਕਰਨਾ ਚਾਹੀਦਾ ਹੈ। ਇਸ ਮੌਕੇ ਐਸਐਮਓ ਡਾ. ਮਹਿੰਦਰ ਸਿੰਘ, ਡਾ. ਰਾਜ ਸੰਦੀਪ, ਡਾ.ਅਨੀਲ ਕੁਮਾਰ, ਡਾ. ਪੂਜਾ ਸਮੇਤ ਹੋਰ ਸ਼ਹਿਰੀ ਪੰਤਵੰਤੇ ਅਤੇ ਦੰਦਾਂ ਦੀ ਬੀਮਾਰੀ ਤੋਂ ਪੀੜਤ ਮਰੀਜ਼ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …