Nabaz-e-punjab.com

ਸਰਕਾਰੀ ਹਸਪਤਾਲ ’ਚ ਦੰਦਾਂ ਦਾ ਪੰਦਰਵਾੜਾ ਸਮਾਪਤ, ਬਜ਼ੁਰਗਾਂ ਨੂੰ 155 ਡੈਂਚਰ ਵੰਡੇ

ਦੰਦਾਂ ਦੀ ਸਮੇਂ ਸਿਰ ਜਾਂਚ ਤੇ ਇਲਾਜ ਬਹੁਤ ਜ਼ਰੂਰੀ: ਸਿਵਲ ਸਰਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਸਿਹਤ ਵਿਭਾਗ ਵੱਲੋਂ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਲਗਾਇਆ ਦੰਦਾਂ ਦੀ ਜਾਂਚ ਦਾ ਪੰਦਰਵਾੜਾ ਕੈਂਪ ਅੱਜ ਸਮਾਪਤ ਹੋ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਲੋੜਵੰਦ ਬਜ਼ੁਰਗਾਂ ਨੂੰ 55 ਡੈਂਚਰ (ਦੰਦਾਂ ਦੀ ਬੀੜ) ਵੰਡੇ ਗਏ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਦੇਸ਼ ਦਾ ਕੀਮਤੀ ਸਰਮਾਇਆ ਹਨ। ਜਿਨ੍ਹਾਂ ਦੀ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਆਮ ਤੌਰ ’ਤੇ ਦੰਦਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦਾ ਸਮੇਂ ਸਿਰ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਕਈ ਵਾਰ ਬਜ਼ੁਰਗ ਸਿਹਤ ਸੰਸਥਾਵਾਂ ਵਿੱਚ ਆਉਣ ਦੇ ਸਮਰੱਥ ਨਹੀਂ ਹੁੰਦੇ। ਇਸ ਲਈ ਪਰਿਵਾਰਕ ਮੈਂਬਰਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਜ਼ੁਰਗਾਂ ਦਾ ਸਮੇਂ ਸਿਰ ਇਲਾਜ ਕਰਾਉਣਾ ਯਕੀਨੀ ਬਣਾਉਣ। ਡੈਂਚਰ ਦੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਿਵਲ ਸਰਜਨ ਨੇ ਕਿਹਾ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਬੀੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪਾਣੀ ਵਿੱਚ ਪਾ ਕੇ ਰੱਖਿਆ ਜਾਵੇ ਅਤੇ ਰੋਜ਼ਾਨਾ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਕਰਨ ਦੀ ਆਦਤ ਪਾਈ ਜਾਵੇ। ਉਨ੍ਹਾਂ ਕਿਹਾ ਕਿ ਦੰਦਾਂ ਦੀ ਸੰਭਾਲ ਬਚਪਨ ਤੋਂ ਹੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਅੌਸਤਨ ਹਰ ਤਿੰਨ ਮਹੀਨਿਆਂ ਮਗਰੋਂ ਦੰਦਾਂ ਦੀ ਜਾਂਚ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਦੰਦਾਂ ’ਚ ਪੀੜ ਨੂੰ ਮਾਮੂਲੀ ਗੱਲ ਸਮਝ ਕੇ ਅਣਡਿੱਠ ਕਰ ਦਿੰਦੇ ਹਾਂ ਪ੍ਰੰਤੂ ਬਾਅਦ ਇਹ ਤਕਲੀਫ਼ ਜ਼ਿਆਦਾ ਵੱਧ ਜਾਂਦੀ ਹੈ। ਇਸ ਨਾਲ ਦੰਦ ਖ਼ਰਾਬ ਹੋ ਸਕਦੇ ਹਨ।
ਜ਼ਿਲ੍ਹਾ ਡੈਂਟਲ ਅਫ਼ਸਰ ਡਾ. ਗੁਰਜੋਤ ਕੌਰ ਨੇ ਦੱਸਿਆ ਕਿ ਦੰਦਾਂ ਦੀ ਜਾਂਚ ਦੇ ਪੰਦਰਵਾੜੇ ਦੌਰਾਨ ਸਮੁੱਚੇ ਜ਼ਿਲ੍ਹੇ ਵਿੱਚ 155 ਡੈਂਚਰ (ਦੰਦਾਂ ਦੀ ਬੀੜ) ਵੰਡੇ ਗਏ ਹਨ। ਮੁਹਾਲੀ ਹਸਪਤਾਲ ਵਿੱਚ 55, ਡੇਰਾਬੱਸੀ ਦੇ ਹਸਪਤਾਲ ਵਿੱਚ 30, ਖਰੜ ਵਿੱਚ 25, ਬਨੂੜ ਵਿੱਚ 20 ਅਤੇ ਕੁਰਾਲੀ ਵਿੱਚ 25 ਡੈਂਚਰ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਦੰਦਾਂ ਦੀ ਕੱਚੀ ਅਤੇ ਪੱਕੀ ਭਰਾਈ, ਦੰਦਾਂ ਦੀ ਸਫ਼ਾਈ, ਖ਼ਰਾਬ ਦੰਦਾਂ ਦੀ ਕਢਾਈ, ਸਕੇਲਿੰਗ ਅਤੇ ਦੰਦਾਂ ਦੀਆਂ ਹੋਰ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ। ਸਮਾਗਮ ਵਿੱਚ ਐਸਐਮਓ ਡਾ. ਅਰੀਤ ਕੌਰ, ਡਾ. ਕੀਰਤੀ ਅਰੋੜਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …