nabaz-e-punjab.com

ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਲਈ ਜਾਰੀ ਕੀਤੀ ਰੈਸਨੇਲਾਈਜੇਸ਼ਨ ਨੀਤੀ

ਗਿਆਰ੍ਹਵੀਂ ਤੇ ਬਾਰ੍ਹਵੀਂ ਸ਼ੇ੍ਰਣੀ ਦੇ ਕੁੱਲ 20 ਵਿਦਿਆਰਥੀਆਂ ਤੇ ਸਕੂਲ ਵਿੱਚ ਵਿਸ਼ਾ ਪੜ੍ਹਾਉਣਾ ਰਹੇਗਾ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਸਿੱਖਿਆ ਵਿਭਾਗ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਰੈਸਨੇਲਾਈਜੇਸ਼ਨ ਨੀਤੀ ਜਾਰੀ ਕਰ ਦਿੱਤੀ ਹੈ। ਸਕੂਲਾਂ ਵਿੱਚ ਲੋੜ ਅਨੁਸਾਰ ਅਧਿਆਪਕ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦਿਆਂ 30 ਜੂਨ 2018 ਦੇ ਆਧਾਰ ’ਤੇ ਵਿਦਿਆਰਥੀਆਂ ਦੀ ਗਿਣਤੀ ਨੂੰ ਮੁੱਖ ਰੱਖਦੇ ਹੋਏ ਅਧਿਆਪਕਾਂ ਦੀ ਤਾਇਨਾਤੀ ਨੂੰ ਤਰਕਸੰਗਤ ਬਣਾਉਣ ਲਈ ਰੈਸ਼ਨੇਲਾਈਜ਼ੇਸ਼ਨ ਨੀਤੀ ਜਾਰੀ ਕੀਤੀ ਗਈ ਹੈ। ਇਸ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ’ਤੇ ਗੌਰ ਕਰੀਏ ਤਾਂ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਵੱਧ ਤੋਂ ਵੱਧ ਅਧਿਆਪਕ ਮੁਹੱਈਆ ਕਰਵਾਉਣਾ ਅਤੇ ਸਾਧਨਾਂ ਦਾ ਉਚਿੱਤ ਉਪਯੋਗ ਕਰਨਾ ਹੈ।
ਜਾਣਕਾਰੀ ਅਨੁਸਾਰ ਇੱਕ ਸੈਕਸ਼ਨ ਵਿੱਚ ਛੇਵੀਂ ਤੋਂ ਅੱਠਵੀਂ ਤੱਕ 35, ਨੌਵੀਂ ਅਤੇ ਦਸਵੀਂ 40 ਅਤੇ ਗਿਆਰ੍ਹਵੀਂ ਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ 45 ਵਿਦਿਆਰਥੀ ਹੋਣਗੇ। ਗਿਆਰ੍ਹਵੀਂ ਤੇ ਬਾਰ੍ਹਵੀਂ ਦੀ ਜਮਾਤਾਂ ਦਾ ਗਰੁੱਪ ਜਾਰੀ ਰੱਖਣ ਲਈ ਦੋਵੇਂ ਜਮਾਤਾਂ ਵਿੱਚ 10-10 ਵਿਦਿਆਰਥੀ ਜਾਂ ਦੋਵੇਂ ਜਮਾਤਾਂ ਦੇ ਵਿਦਿਆਰਥੀਆਂ ਦਾ ਕੁੱਲ ਜੋੜ 20 ਹੋਵੇਗਾ ਤਾਂ ਵੀ ਗਰੁੱਪ ਦਾ ਵਿਸ਼ਾ ਜਾਰੀ ਰੱਖਿਆ ਜਾਵੇਗਾ। ਰੈਸ਼ਨਲਾਈਜ਼ੇਸ਼ਨ ਪਾਲਿਸੀ ਅਨੁਸਾਰ ਪ੍ਰਿੰਸੀਪਲ ਦੇ 6 ਪੀਰੀਅਡ, ਹੈੱਡ ਮਾਸਟਰ ਦੇ 15, ਲੈਕਚਰਾਰ ਦੇ 27-30, ਮਾਸਟਰ ਕਾਡਰ ਦੇ 30-33, ਕੰਪਿਊਟਰ ਟੀਚਰ ਅਤੇ ਸੀ.ਐੱਡ.ਵੀ ਕਾਡਰ 33-36 ਪੀਰੀਅਡ ਨਿਰਧਾਰਿਤ ਕੀਤੇ ਗਏ ਹਨ। ਵਿਦਿਆਰਥੀਆਂ ਅੰਦਰ ਕਿਤਾਬਾਂ ਪੜ੍ਹਨ ਦੀ ਆਦਤ ਨੂੰ ਵਧਾਉਣ ਲਈ ਇੱਕ ਪੀਰੀਅਡ ਲਾਇਬ੍ਰੇਰੀ ਦਾ ਵੀ ਰੱਖਿਆ ਗਿਆ ਹੈ।
ਕੰਪਿਊਟਰ ਟੀਚਰ ਅਤੇ ਸੀ.ਐੱਡ.ਵੀ ਕਾਡਰ ਦੇ ਅਧਿਆਪਕਾਂ ਦੇ ਪੀਰੀਅਡ ਜੇਕਰ ਪੂਰੇ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ/ਹਾਈ ਸਕੂਲਾਂ ਨਾਲ ਜੁੜੇ ਹੋਏ ਮਿਡਲ ਸਕੂਲਾਂ ਦੇ ਵਿੱਚ ਲੋੜ ਅਨੁਸਾਰ ਪੀਰੀਅਡ ਦਿੱਤੇ ਜਾਣਗੇ। ਰੈਸਨਲਾਈਜ਼ੇਸ਼ਨ ਕਰਨ ਦੇ ਮਕਸਦ ਨਾਲ ਸਰਕਾਰੀ ਸਕੂਲਾਂ/ਐਸਐਸਏ/ਰਮਸਾ ਅਧੀਨ ਚਲਾਏ ਰਹੇ ਸਕੂਲਾਂ ਅਤੇ ਵਿਭਾਗੀ/ਐਸਐਸਏ/ਰਮਸਾ/ਪਿਕਟਸ ਅਧੀਨ ਭਰਤੀ ਹੋਏ ਅਧਿਆਪਕਾਂ ਦੀ ਤਾਇਨਾਤੀ ਸਮੇਂ ਕੋਈ ਵੀ ਵਖਰੇਵਾਂ ਨਹੀਂ ਰੱਖਿਆ ਜਾਵੇਗਾ। ਜੇਕਰ ਕਰਮਚਾਰੀ ਕੈਂਸਰ ਦੀ ਬਿਮਾਰੀ ਜਾਂ ਗੁਰਦਾ ਰੋਗ (ਜੋ ਕਿ ਲਗਾਤਾਰ ਡਾਇਲੈਸਿਸ ‘ਤੇ ਹੋਵੇ) ਤੋਂ ਪੀੜਤ ਹੈ, ਤਾਂ ਉਸ ਨੂੰ ਸ਼ਿਫ਼ਟ ਨਹੀਂ ਕੀਤਾ ਜਾਵੇਗਾ। ਜਿਹੜੇ ਸਕੂਲਾਂ ਵਿੱਚ ਪ੍ਰਿੰਸੀਪਲ ਵੋਕੇਸ਼ਨਲ ਮਾਸਟਰ ਤੋਂ ਪਦ-ਉੱਨਤ ਹੋਏ ਹਨ, ਉਹ ਅਗਲੇ ਵਿੱਦਿਅਕ ਵਰ੍ਹੇ ਭਾਵ 1-4-2019 ਤੋਂ ਆਪਣੇ ਸਕੂਲ ਵਿੱਚ ਵੋਕੇਸ਼ਨਲ ਗਰੁੱਪ ਚਾਲੂ ਕਰਨਾ ਯਕੀਨੀ ਬਣਾਉਣਗੇ। ਪ੍ਰਾਇਮਰੀ ਸਕੂਲਾਂ ਵਿੱਚ ਰੈਸਨੇਲਾਈਜ਼ੇਸ਼ਨ ਕਰਦੇ ਸਮੇਂ ਜੇਕਰ ਕਿਸੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 51 ਤੋਂ ਘੱਟ ਹੈ ਅਤੇ ਸਕੂਲ ਵਿੱਚ ਹੈੱਡ ਟੀਚਰ ਦੀ ਆਸਾਮੀ ਭਰੀ ਹੋਈ ਹੈ, ਤਾਂ ਹੈੱਡ ਟੀਚਰ ਨੂੰ ਆਸਾਮੀ ਸਮੇਤ ਉਸ ਸਕੂਲ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇਗਾ। ਜਿਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 51 ਜਾਂ ਇਸ ਤੋਂ ਵੱਧ ਹੈ। ਰੈਸਨੇਲਾਈਜੇਸ਼ਨ ਕਰਦੇ ਸਮੇਂ ਕਿਸੇ ਜ਼ਿਲ੍ਹੇ ਵਿੱਚ ਹੈੱਡ ਟੀਚਰ ਦੀ ਅਸਾਮੀ ਉਸ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਘਟਦੇ ਕ੍ਰਮ ਅਨੁਸਾਰ ਸਕੂਲਾਂ ਵਿੱਚ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…