
ਖੇਤੀਬਾੜੀ ਵਿਭਾਗ ਵੱਲੋਂ ਕੀੜੇਮਾਰ ਦਵਾਈਆਂ ਦੀ ਦੁਕਾਨ ਸੀਲ
ਖਰੜ ਸਿਟੀ ਪੁਲੀਸ ਵੱਲੋਂ ਮਾਮਲਾ ਦਰਜ, ਦੁਕਾਨਦਾਰ ਅਜੇ ਕੁਮਾਰ ਫਰਾਰ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਜੂਨ:
ਜ਼ਿਲ੍ਹਾ ਖੇਤੀਬਾੜੀ ਵਿਭਾਗ ਵੱਲੋਂ ਕੀੜੇਮਾਰ ਦਵਾਈਆਂ ਦੀ ਆਨਲਾਈਨ ਖਰੀਦ ਕਰਕੇ ਅੱਗੇ ਵੇਚਣ ਸਬੰਧੀ ਖਰੜ ਦੀ ਛੱਜੂਮਾਜਰਾ ਰੋਡ ਤੇ ਖੇਤੀਬਾੜੀ ਐਗਰੋ ਨਾਮ ਦੀ ਦੁਕਾਨ ਨੂੰ ਖਰੜ ਦੇ ਡਿਊਟੀ ਮੈਜਿਸਟੇ੍ਰਟ ਵਿਵੇਕ ਨਿਰਮੋਹੀ ਦੀ ਨਿਗਰਾਨੀ ਥੱਲੇ ਖੇਤੀਬਾੜੀ ਵਿਭਾਗ ਵਲੋਂ ਸੀਲ ਕਰ ਦਿੱਤਾ ਗਿਆ ਇਸ ਮੌਕੇ ਸਿਟੀ ਪੁਲਿਸ ਖਰੜ ਦੇ ਕਰਮਚਾਰੀ ਵੀ ਮੌਕਾ ਪਰ ਮੌਜ਼ੂਦ ਸਨ। ਮੁਹਾਲੀ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ਼ੇਸ ਕੁਮਾਰ ਰਹੇਜ਼ਾ ਨੇ ਦੱਸਿਆ ਕਿ ਖੇਤੀਬਾੜੀ ਕੰਪਨੀਆਂ ਸੇਜੰਟਾ, ਡੋਅ, ਐਫ਼ਐਮਸੀ ਵੱਲੋਂ ਨਕਲੀ ਦਵਾਈਆਂ ਬਣਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਦਿੱਲੀ ਦੀ ਇੱਕ ਜਾਸੂਸੀ ਕੰਪਨੀ ਨੂੰ ਹਾਇਰ ਕੀਤਾ ਗਿਆ ਸੀ।
ਇਸ ਕੰਪਨੀ ਦੇ ਅਧਿਕਾਰੀ ਵੱਲੋਂ ਐਸਐਸਪੀ ਨੂੰ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਮੁਹਾਲੀ ਦੇ ਇਲਾਕੇ ਵਿੱਚ ਖੇਤੀਬਾੜੀ ਦੀਆਂ ਨਕਲੀ ਦਵਾਈਆਂ ਡੀਲਰਾਂ ਵੱਲੋਂ ਮਹਿੰਗੇ ਭਾਅ ਵੇਚ ਕੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਕਲੀ ਦਵਾਈਆਂ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਪ੍ਰਦੀਪ ਸ਼ਰਮਾ ਨੂੰ ਫਰਜ਼ੀ ਗਾਹਕ ਬਣਾਇਆ ਗਿਆ ਅਤੇ ਉਨ੍ਹਾਂ ਛੱਜੂਮਾਜਰਾ-ਨਿੱਝਰ ਰੋਡ ਤੇ ਖੇਤੀਬਾੜੀ ਐਗਰੋ ਦੇ ਮਾਲਕ ਨੂੰ ਦਵਾਈਆਂ ਦਾ ਆਰਡਰ ਲੈਣ ਉਪਰੰਤ ਕਿਹਾ ਕਿ ਤੁਸੀ ਯਮੁਨਾ ਅਪਾਰਟਮੈਂਟ ਖਰੜ ਨੇੜੇ ਲੈਣ ਲਈ ਆ ਜਾਓ। ਖੇਤੀਬਾੜੀ ਵਿਭਾਗ ਅਤੇ ਕੰਪਨੀ, ਸਿਟੀ ਪੁਲੀਸ ਖਰੜ ਦੀ ਸਾਂਝੀ ਟੀਮ ਯੁਮਨਾ ਅਪਾਰਟਮੈਂਟ ਨੇੜੇ ਪੁੱਜੀ ਤਾਂ ਦੋ ਆਟੋਆਂ ਵਿੱਚ ਕੀੜੇਮਾਰ ਦਵਾਈਆਂ ਰੱਖੀਆਂ ਹੋਈਆਂ ਸਨ, ਜਿਨ੍ਹਾਂ ਨੂੰ ਮੌਕੇ ’ਤੇ ਕਾਬੂ ਕਰਕੇ ਪੁਲੀਸ ਦੇ ਹਵਾਲੇ ਕੀਤਾ ਗਿਆ।
ਮੌਕੇ ’ਤੇ ਫੜੀਆਂ ਗਈਆਂ ਕੀੜੇਮਾਰ ਦਵਾਈਆਂ ਦੇ ਸੈਪਲ ਲਏ ਗਏ ਹਨ ਅਤੇ ਲੈਬਰ ਤੋਂ ਰਿਪੋਰਟ ਆਉਣ ’ਤੇ ਪਤਾ ਲੱਗੇਗਾ ਕਿ ਇਹ ਦਵਾਈਆਂ ਨਕਲੀਆਂ ਹਨ ਜਾਂ ਨਹੀ। ਉਨ੍ਹਾਂ ਦੱਸਿਆ ਕਿ ਉਕਤ ਦੁਕਾਨ ਦਾ ਮਾਲਕ ਕਿਸਾਨਾਂ ਨੂੰ ਦਵਾਈਆਂ ਦੀ ਡਲੀਵਰੀ ਕਰਨ ਸਮੇ ਕਦੇ ਕਿਤੇ ਬੁਲਾਉਦਾ ਸੀ ਅਤੇ ਕਦੇ ਕਿਤੇ ਅਤੇ ਖਰੀਦਦਾਰ ਨੂੰ ਦੁਕਾਨ ਤੇ ਨਹੀਂ ਬੁਲਾਉਦਾ ਸੀ। ਉਨ੍ਹਾਂ ਦੱਸਿਆ ਕਿ ਡਿਊਟੀ ਮੈਜਿਸਟੇ੍ਰਟ ਖਰੜ ਵਿਵੇਕ ਨਿਰਮੋਹੀ ਦੀ ਹਾਜ਼ਰੀ ਵਿੱਚ ਦੁਕਾਨ ਨੂੰ ਅੱਜ ਸੀਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੀੜੇਮਾਰ ਦਵਾਈਆਂ ਦੀ ਵਿਕਰੀ ਲਈ ਖੇਤੀਬਾੜੀ ਵਿਭਾਗ ਤੋਂ ਲਾਇਸੈਂਸ ਜਾਰੀ ਕਰਵਾਉਣਾ ਜ਼ਰੂਰੀ ਹੈ। ਥਾਣਾ ਸਿਟੀ ਖਰੜ ਦੇ ਏਐਸਆਈ ਲਖਵਿੰਦਰ ਸਿੰਘ ਨੇ ਦਸਿਆ ਕਿ ਪੁਲੀਸ ਵੱਲੋਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਗਈ ਹੈ।