ਮੰਗਾਂ ਦੀ ਨਾ ਮੰਨਣ ਦੀ ਸੂਰਤ ਵਿੱਚ ਜ਼ਿਮਨੀ ਚੋਣ ਵਿੱਚ ਸਰਕਾਰ ਵਿਰੁੱਧ ਭੁਗਤਣਗੇ ਡਿੱਪੂ ਹੋਲਡਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ ਨੇ ਸਰਕਾਰੀ ਧੱਕੇਸ਼ਾਹੀ ਬੰਦ ਨਾ ਕਰਨ ਅਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਕਾਰਨ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਆਪ ਸਰਕਾਰ ਵਿਰੁੱਧ ਭੁਗਤਣਗੇ। ਇਹ ਐਲਾਨ ਅੱਜ ਇੱਥੇ ਡਿੱਪੂ ਹੋਲਡਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕੀਤਾ। ਇਸ ਤੋਂ ਪਹਿਲਾਂ ਡਿੱਪੂ ਹੋਲਡਰਾਂ ਨੇ ਉੱਚ ਪੱਧਰੀ ਵਫ਼ਦ ਨੇ ਮੁੱਖ ਮੰਤਰੀ ਦੀ ਗੈਰਮੌਜੂਦਗੀ ਵਿੱਚ ਉਨ੍ਹਾਂ ਓਐਸਡੀ ਨਾਲ ਮੀਟਿੰਗ ਕੀਤੀ ਅਤੇ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਦੇ ਵੀ ਡਿੱਪੂ ਹੋਲਡਰਾਂ ਦੀ ਸਾਰ ਨਹੀਂ ਲਈ ਪ੍ਰੰਤੂ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਆਸ ਬੱਝੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਵਿੰਦਰ ਕਾਂਝਲਾ, ਜ਼ਿਲ੍ਹਾ ਪ੍ਰਧਾਨ ਰਾਣਾ ਕਰਮਜੀਤ ਸਿੰਘ ਝੰਜੇੜੀ, ਹਾਕਮ ਸਿੰਘ ਧੜਾਕ, ਕਰਨੈਲ ਸਿੰਘ ਬੜਮਾਜਰਾ ਅਤੇ ਨਿਰਮਲ ਸਿੰਘ ਤੂਰ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮੂਹ ਡਿੱਪੂ ਹੋਲਡਰਾਂ ਨੇ ਸਰਕਾਰ ਦੀ ਨਵੀਂ ਆਟਾ ਦੇਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਕਿਉਂਕਿ ਇਸ ਨਾਲ ਡਿੱਪੂ ਹੋਲਡਰਾਂ ਪਾਸੇ ਕਰਕੇ ਆਟੇ ਦੀ ਸਿੱਧੀ ਸਪਲਾਈ ਦੇਣ ਦੀ ਯੋਜਨਾ ਹੈ। ਇਸ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਖੋਰਾ ਲੱਗੇਗਾ ਅਤੇ ਲੋੜਵੰਦਾਂ ਨੂੰ ਗੈਰ ਮਿਆਰੀ ਆਟਾ ਮਿਲੇਗਾ। ਉਨ੍ਹਾਂ ਤੱਥ ਪੇਸ਼ ਕਰਦਿਆਂ ਕਿਹਾ ਕਿ ਕਣਕ ਕਾਫ਼ੀ ਸਮੇਂ ਤੱਕ ਖ਼ਰਾਬ ਨਹੀਂ ਹੁੰਦੀ ਜਦੋਂਕਿ ਆਟਾ ਬਹੁਤ ਜਲਦੀ ਖ਼ਰਾਬ ਹੋ ਜਾਂਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਤਾਮਿਲਨਾਡੂ ਸਰਕਾਰ ਦੀ ਤਰਜ਼ ’ਤੇ ਪੰਜਾਬ ਦੇ ਡਿੱਪੂ ਹੋਲਡਰਾਂ ਨੂੰ ਮਾਣ ਭੱਤਾ (ਤਨਖ਼ਾਹ) ਦਿੱਤੀ ਜਾਵੇ ਅਤੇ ਹਰ ਮਹੀਨੇ ਕਣਕ ਦੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਨਿੱਤ ਵਰਤੋਂ ਵਾਲਾ ਹੋਰ ਘਰੇਲੂ ਸਮਾਨ ਦਿੱਤਾ ਜਾਵੇ। ਕਣਕ ਵੰਡਣ ਲਈ ਈ-ਪੋਸ਼ ਮਸ਼ੀਨਾਂ ਡਿੱਪੂ ਹੋਲਡਰਾਂ ਨੂੰ ਦਿੱਤੀਆਂ ਜਾਣ। ਬਣਦਾ ਕਮਿਸ਼ਨ ਅਤੇ ਸਾਲ 2013 ਤੋਂ ਪੈਂਡਿੰਗ ਪਿਆ ਕਮਿਸ਼ਨ ਅਤੇ ਲੋਡਿੰਗ, ਅਨਲੋਡਿੰਗ ਅਤੇ ਟਰਾਂਸਪੋਰਟ ਦਾ ਖ਼ਰਚਾ ਤੁਰੰਤ ਡਿੱਪੂ ਹੋਲਡਰਾਂ ਨੂੰ ਦਿੱਤਾ ਜਾਵੇ। ਉਨ੍ਹਾਂ ਨੇ ਕੋਵਿਡ ਦੌਰਾਨ ਫੌਤ ਹੋਏ ਡਿੱਪੂ ਹੋਲਡਰਾਂ ਨੂੰ ਕਰੋਨਾ ਯੋਧਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਕੇ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਪਰੋਕਤ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸਮੂਹ ਡਿੱਪੂ ਹੋਲਡਰਾਂ ਵੱਲੋਂ ਸੰਗਰੂਰ ਜ਼ਿਮਨੀ ਚੋਣ ਦੌਰਾਨ ਆਪ ਦੇ ਉਮੀਦਵਾਰ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਜਾਵੇਗਾ।
ਇਸ ਮੌਕੇ ਜਸਪ੍ਰੀਤ ਸਿੰਘ ਲਖਨੌਰ, ਸਰਬਜੀਤ ਸਿੰਘ ਮੌਲੀ ਬੈਦਵਾਨ, ਸਿਮਰਨਜੀਤ ਸਿੰਘ ਭਬਾਤ, ਫਜਲਦੀਨ ਭਬਾਤ, ਅਜਮੇਰ ਸਿੰਘ ਕੁਰਾਲੀ, ਰਣਜੀਤ ਸਿੰਘ, ਸੰਜੇ ਕੁਮਾਰ ਬੈਂਰੋਪੁਰ, ਦਰਬਾਰਾ ਸਿੰਘ ਜਗਤਪੁਰਾ, ਅਸ਼ਵਨੀ ਸੋਹਾਣਾ, ਸੁਖਵਿੰਦਰ ਸਿੰਘ ਡੇਰਾਬੱਸੀ, ਜ਼ੋਰਾਵਰ ਸਿੰਘ ਲਾਲੜੂ, ਹਰਦੇਵ ਸਿੰਘ ਝਾਮਪੁਰ, ਪੁਸ਼ਪਿੰਦਰ ਕੁਮਾਰ ਨੰਗਾਰੀਂ, ਦਰਸ਼ਨ ਸਿੰਘ ਮਾਜਰੀ ਅਤੇ ਹੋਰ ਡਿੱਪੂ ਹੋਲਡਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…