ਜੰਗਜੂ ਕਲਾ ਗੱਤਕੇ ਨੂੰ ਮਾਣ ਦਿਵਾਉਣ ਵਾਲੀ ਬਹੁਪੱਖੀ ਸਿੱਖ ਸ਼ਖਸੀਅਤ ਹਨ: ਡਿਪਟੀ ਡਾਇਰੈਕਟਰ ਸ੍ਰ. ਹਰਜੀਤ ਸਿੰਘ ਗਰੇਵਾਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਅਪਰੈਲ:
ਕੁੱਝ ਵਿਅਕਤੀ ਜਦੋਂ ਦੁਨੀਆਂ ‘ਤੇ ਵਿਚਰਦਿਆਂ ਸਮਾਜ, ਕੌਮ ਜਾਂ ਧਰਮ ਲਈ ਕੁੱਝ ਵੱਖਰਾ ਅਤੇ ਸਰਵ-ਪ੍ਰਵਾਨਿਤ ਕਾਰਜ ਕਰ ਰਹੇ ਹੁੰਦੇ ਹਨ ਤਾਂ ਲਾਜ਼ਮੀ ਹੀ ਉਹ ਸੱਜਣ ਵਿਰਲੀਆਂ ਸਖਸ਼ੀਅਤਾਂ ਦੀ ਕਤਾਰ ਵਿੱਚ ਜਾ ਖਲੋਂਦੇ ਹਨ ਅਤੇ ਅਜਿਹੇ ਕਿਰਦਾਰਾਂ ਦਾ ਜ਼ਿਕਰ ਅਕਸਰ ਹੀ ਲੋਕਾਂ ਦੀ ਜ਼ੁਬਾਨ ‘ਤੇ ਮੱਲੋ-ਮੱਲੀ ਆ ਜਾਂਦਾ ਹੈ। ਅੱਜ ਅਸੀਂ ਜਿਸ ਬਹੁ-ਪੱਖੀ ਸਖਸ਼ੀਅਤ ਦੀ ਚਰਚਾ ਕਰਨ ਲੱਗੇ ਹਾਂ ਉਸ ਮਿਕਨਾਤੀਸੀ ਸੱਜਣ ਨੇ ਸਰਕਾਰੀ ਨੌਕਰੀ ਦੀਆਂ ਅੌਖੀਆਂ ਵਲਗਣਾਂ ਵਿੱਚ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਪੰਜਾਬੀ ਸਮਾਜ, ਸਿੱਖ ਕੌਮ ਅਤੇ ਆਪਣੇ ਧਰਮ ਲਈ ਅਜਿਹੇ ਨਿਵੇਕਲੇ ਮਰਹਲੇ ਨੂੰ ਸਦੀਵੀਂ ਕਾਇਮ ਕੀਤਾ ਹੈ ਜਿਸ ਨਾਲ ਕੌਮ ਦਾ ਮਾਣ ਹੋਰ ਉਚਾ ਹੋਇਆ ਹੈ ਅਤੇ ਅਜਿਹੀ ਮਿਸਾਲ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।
ਉਹ ਹਰਦਿਲ ਅਜ਼ੀਜ਼ ਸੱਜਣ ਨੇ ਸਿੱਖੀ ਸਰੂਪ ਵਿੱਚ ਵਿਚਰਦੇ ਸ੍ਰ. ਹਰਜੀਤ ਸਿੰਘ ਗਰੇਵਾਲ, ਜੋ ਅਸਲ ਮਾਅਨਿਆਂ ਵਿੱਚ ਇਕ ਬਹੁਪੱਖੀ, ਨਿਵੇਕਲੀ ਅਤੇ ਰੰਗਲੀ ਸਖਸ਼ੀਅਤ ਦੇ ਮਾਲਕ ਹਨ। ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਪ੍ਰੈਸ ਦੇ ਅਹੁਦੇ ’ਤੇ ਸੇਵਾ ਨਿਭਾਅ ਰਹੇ ਸ੍ਰ. ਗਰੇਵਾਲ ਨੇ ਆਪਣੇ ਜੀਵਨ ਦੌਰਾਨ ਵਿੱਦਿਅਕ, ਪੱਤਰਕਾਰਤਾ ਅਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਨਿਵੇਕਲੇ ਅਤੇ ਵੱਡੇ ਮਾਅਰਕੇ ਮਾਰੇ ਹਨ। ਉਹ ਅੱਛੀ ਖਾਸੀ ਸੂਝਬੂਝ ਸਦਕਾ ਸਰਕਾਰੇ ਦਰਬਾਰੇ ਅਤੇ ਮੀਡੀਆ ਵਿੱਚ ਕਾਫੀ ਹਰਮਨ ਪਿਆਰੇ ਅਫ਼ਸਰ ਮੰਨੇ ਜਾਂਦੇ ਹਨ।
ਗੱਤਕਾ ਖੇਡ ਦੀ ਪ੍ਰਫੁੱਲਤਾ ਵਿਚ ਵੱਡਾ ਯੋਗਦਾਨ
ਕਰੀਬ ਪਿਛਲੇ ਇੱਕ ਦਹਾਕੇ ਤੋਂ ਸ. ਗਰੇਵਾਲ ਨੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਪੁਰਾਤਨ ਸਿੱਖ ਜੰਗਜੂ ਖੇਡ ‘ਗੱਤਕੇ’ ਦੀ ਪੁਨਰ-ਸੁਰਜੀਤੀ, ਇਸ ਨੂੰ ਮਾਨਤਾਪ੍ਰਾਪਤ ਖੇਡ ਵਜੋਂ ਪ੍ਰਫੁੱਲਤ ਕਰਨ ਅਤੇ ਇਸ ਕਲਾ ਦਾ ਦੇਸ਼-ਵਿਦੇਸ਼ ਵਿੱਚ ਪ੍ਰਚਾਰ-ਪਸਾਰ ਕਰਨ ਖਾਤਰ ਵੱਡੀ ਘਾਲਣਾ ਘਾਲੀ ਹੈ। ਕਦੇ ਸਾਰਕ ਸੰਸਥਾ ਅਤੇ ਯੂਨੈਸਕੋ ਵੱਲੋਂ ਲੁਪਤ ਕਰਾਰ ਦਿੱਤੀ ਜਾ ਚੁੱਕੀ ਇਸ ਵਿਰਾਸਤੀ ਅਤੇ ਸੱਭਿਆਚਾਰਕ ਕਲਾ ਨੂੰ ਸ. ਗਰੇਵਾਲ ਨੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਸਮੇਤ ਸਰਕਾਰੀ ਦਰਬਾਰੇ ਬਤੌਰ ਖੇਡ ਵਜੋਂ ਮਾਨਤਾ ਦਿਵਾਕੇ ਵਿਧੀਵਤ ਢੰਗ ਨਾਲ ਖਿਡਾਉਣ ਲਈ ਬਹੁਤ ਅਹਿਮ ਯੋਗਦਾਨ ਪਾਇਆ ਹੈ ਜਿਸ ਨਾਲ 21ਵੀਂ ਸਦੀ ਵਿੱਚ ਗੱਤਕੇ ਦੇ ਨਵੇਂ ਇਤਿਹਾਸ ਦੀ ਸਿਰਜਣਾ ਹੋਈ ਹੈ।
ਗੱਤਕਾ ਖੇਡ ਸੰਸਥਾ ਦੇ ਗਠਨ ਉਪਰੰਤ ਇਸ ਨੂੰ ਖੇਡ ਵਜੋਂ ਸੂਬਾਈ ਅਤੇ ਕੌਮੀ ਪੱਧਰ ’ਤੇ ਪ੍ਰਫੁੱਲਤ ਕਰਨ ਲਈ ਸਾਲ 2008 ਅਤੇ 2009 ਵਿੱਚ ਉਨ੍ਹਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਪਲੇਠੀ ਗੱਤਕਾ ਨਿਯਮਾਂਵਲੀ ਸੰਪਾਦਨ ਕਰਨ ਦਾ ਮਾਣ ਹਾਸਲ ਹੈ। ਇਸ ਵਿਸਥਾਰਿਤ ਨਿਯਮਾਂਵਲੀ ਨੂੰ ਕਈ ਵਾਰ ਸੋਧਣ ਉਪਰੰਤ ਹੁਣ ਇਸ ਦਾ ਦੂਜਾ ਐਡੀਸ਼ਨ 2017 ਵਿਚ ਵਿਸ਼ਵ ਦੇ ਗੱਤਕਾ ਖਿਡਾਰੀਆਂ ਦੀ ਝੋਲੀ ਪਾਇਆ ਹੈ। ਲੋਕ ਸੰਪਰਕ ਅਫ਼ਸਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਤੇ ਡਿਪਟੀ ਡਾਇਰੈਕਟਰ ਵਰਗੇ ਅਹਿਮ ਅਹੁਦਿਆਂ ‘ਤੇ ਵੱਖ-ਵੱਖ ਸਮੇਂ ‘ਤੇ ਬਾਖੂਬੀ ਡਿਊਟੀ ਨਿਭਾਉਂਦਿਆਂ ਉਨ੍ਹਾਂ ਨੇ ਗੱਤਕੇ ਦੀ ਪ੍ਰਫੁੱਲਤਾ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਸੈਂਕੜੇ ਟੂਰਨਾਮੈਟ ਕਰਵਾਏ। ਬਹੁਤ ਸਾਰੀਆਂ ਗੱਤਕਾ ਵਰਕਸ਼ਾਪਾਂ, ਸਿਖਲਾਈ ਕੈਂਪਾਂ, ਰਿਫਰੈਸ਼ਰ ਕੋਰਸਾਂ ਅਤੇ ਸਮਾਗਮਾਂ ਦਾ ਪ੍ਰਬੰਧ ਕਰਦਿਆਂ ਖੁਦ ਹਾਜ਼ਰੀ ਵੀ ਭਰੀ।
ਉਨ੍ਹਾਂ ਦੇ ਮਨ ਵਿੱਚ ਹਰ ਸਮੇਂ ਗੱਤਕੇ ਦੀ ਬਿਹਤਰੀ ਲਈ ਯੋਜਨਾਵਾਂ ਘੜ੍ਹੀਆਂ-ਬੁਣੀਆਂ ਜਾ ਰਹੀਆਂ ਹੁੰਦੀਆਂ ਹਨ ਅਤੇ ਉਹ ਆਪਣੇ ਸਾਥੀਆਂ ਨੂੰ ਇੰਨਾਂ ‘ਸਕੀਮਾਂ’ ਦੀ ਸਫ਼ਲਤਾ ‘ਤੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਸ. ਗਰੇਵਾਲ ਅਤੇ ਉਨਾਂ ਦੀ ਟੀਮ ਦਾ ਟੀਚਾ ਹੈ ਕਿ ਇਸ ਪੁਰਾਤਨ ਕਲਾ ਨੂੰ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਇਆ ਜਾਵੇ ਜਿਸ ਲਈ ਬਤੌਰ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਵਜੋਂ ਉਨਾਂ ਇੱਕ ‘ਵਿਜ਼ਨ ਡਾਕੂਮੈਂਟ’ ਵੀ ਤਿਆਰ ਕੀਤਾ ਹੈ ਜਿਸ ਤਹਿਤ ਸਾਲ 2030 ਤੱਕ ਗੱਤਕਾ ਖੇਡ ਦੇ ਪਸਾਰ ਤੇ ਪ੍ਰਚਾਰ ਹਿੱਤ ਇੱਕ ‘ਰੋਡ ਮੈਪ’ ਉਲੀਕਿਆ ਗਿਆ ਹੈ।
ਸਮਾਜ ਸੇਵਾ ਵਿਚ ਮੋਹਰੀ
ਸਮਾਜ ਸੇਵਾ ਦੇ ਕੰਮਾਂ ਵਿੱਚ ਵਿਚਰਦਿਆਂ ਸ. ਗਰੇਵਾਲ ਕਈ ਵੱਡੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ। ਉਹ ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਹਨ। ਇਸ ਤੋਂ ਇਲਾਵਾ ਮਾਂ-ਬੋਲੀ ਨੂੰ ਵੱਖ-ਵੱਖ ਰਾਜਾਂ ਵਿੱਚ ਬਣਦਾ ਰੁਤਬਾ ਦਿਵਾਉਣ ਅਤੇ ਇਸ ਦੀ ਪ੍ਰਫੁੱਲਤਾ ਲਈ ਉਹ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਅਤੇ ਪੰਜਾਬੀ ਆਰਟਸ ਐਂਡ ਕਲਚਰਲ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਸਰਗਰਮੀ ਨਾਲ ਕਾਰਜਸ਼ੀਲ ਹਨ।
ਸਮਾਜ ਸੇਵਾ ਨੂੰ ਸਮਰਪਿਤ ਸ. ਗਰੇਵਾਲ ਨੇ ਸਵੈਇੱਛਕ ਖੂਨਦਾਨੀ ਵਜੋਂ ਹੁਣ ਤੱਕ 12 ਵਾਰ ਖੂਨਦਾਨ ਕੀਤਾ ਹੈ ਅਤੇ ਉਹ ਬਲੱਡ ਡੋਨਰਜ਼ ਕੌਂਸਲ ਲੁਧਿਆਣਾ ਦੇ ਪ੍ਰਧਾਨ ਵਜੋਂ ਖੂਨਦਾਨ ਮੁਹਿੰਮ ਵਿੱਚ ਵੀ ਯੋਗਦਾਨ ਪਾ ਰਹੇ ਹਨ। ਇਸ ਤੋਂ ਇਲਾਵਾ ਇਹ ਬਹੁ-ਪੱਖੀ ਸਖਸ਼ੀਅਤ ਗਲੋਬਲ ਆਰਗਨ ਡੋਨਰਜ਼ ਫਾਊਂਡੇਸ਼ਨ (ਗਾਡ ਫਾਊਂਡੇਸ਼ਨ) ਦੇ ਮੈਨੇਜਿੰਗ ਡਾਇਰੈਕਟਰ ਵਜੋਂ ਅੰਗ-ਦਾਨ ਅਤੇ ਟਿਸ਼ੂ ਦਾਨ ਦੀ ਚੇਤਨਾ ਫੈਲਾਉਣ ਵਿਚ ਵੀ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ। ਪੰਜਾਬ ਦੇ ਅਹਿਮ ਮਸਲਿਆਂ ਅਤੇ ਮੁੱਦਿਆਂ ‘ਤੇ ਖੋਜ ਵਿਸ਼ਿਆਂ ਲਈ ਉਹ ‘ਸੈਂਟਰ ਫਾਰ ਰਿਸਰਚ ਐਂਡ ਡਿਵੈਲਪਮੈਂਟ ਸਟੱਡੀਜ਼ ਪੰਜਾਬ’ ਦੇ ਚੇਅਰਮੈਨ ਵਜੋਂ ਵੀ ਸਰਗਰਮ ਭੂਮਿਕਾ ਅਦਾ ਕਰ ਰਹੇ ਹਨ। ਕਈ ਸਾਲ ਲੋਕ ਸੰਪਰਕ ਵਿਭਾਗ ਦੀ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਇਸ ਵੇਲੇ ਉਹ ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ ਦੇ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਵੀ ਹਨ।
ਵੱਕਾਰੀ ‘ਸਟੇਟ ਐਵਾਰਡ’ ਨਾਲ ਸਨਮਾਨ
ਗੱਤਕੇ ਦੀ ਪ੍ਰਫੁੱਲਤਾ, ਮਾਂ-ਬੋਲੀ ਅਤੇ ਸਮਾਜ ਸੇਵਾ ਪ੍ਰਤੀ ਬਹੁਮੁੱਲੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਉਨਾਂ ਨੂੰ ਸਾਲ 2010 ਵਿਚ ਵੱਕਾਰੀ ‘ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ। ਸਮਾਜ ਦੀਆਂ ਕਈ ਸੰਸਥਾਵਾਂ ਵੱਲੋਂ ਸ. ਗਰੇਵਾਲ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਨਾਂ ਵਿੱਚ ਯੂ.ਕੇ. ਗੱਤਕਾ ਫੈਡਰੇਸ਼ਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਕਲਾ ਮੰਚ ਸੰਗਰੂਰ, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਆਲ ਇੰਡੀਆ ਪਿੰਗਲਵਾੜਾ ਸੁਸਾਇਟੀ, ਦਾ ਗ੍ਰੀਨ ਸੰਗਰੂਰ, ਅਦਾਰਾ ਜਾਗਰਨ ਗਰੁੱਪ, ਚੀਫ ਖਾਲਸਾ ਦੀਵਾਨ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ, ਗੱਤਕਾ ਫੈਡਰੇਸ਼ਨ ਆਫ ਨਿਪਾਲ ਅਤੇ ਯੂਰਪੀਅਨ ਪੰਜਾਬੀ ਸੱਥ ਆਦਿ ਸਮੇਤ ਹੋਰ ਦੋ ਦਰਜਨ ਸੰਸਥਾਵਾਂ ਸ਼ਾਮਲ ਹਨ। ਸ. ਗਰੇਵਾਲ ਦੇਸ਼-ਦੁਨੀਆਂ ਘੁੰਮਣ ਵਾਲੀ ਸਖਸ਼ੀਅਤ ਹੈ ਅਤੇ ਉਨ੍ਹਾਂ ਕਈ ਦੇਸ਼ਾਂ ਦਾ ਦੌਰਾ ਵੀ ਕੀਤਾ ਹੈ ਜਿਨ੍ਹਾਂ ਵਿਚ ਇੰਗਲੈਂਡ ਆਸਟਰੇਲੀਆ ਅਤੇ ਨਿਪਾਲ ਵਰਗੇ ਮੁਲਕ ਸ਼ਾਮਲ ਹਨ।
ਪੇਸ਼ੇਵਰ ਜ਼ਿੰਦਗੀ ਦੀਆਂ ਪ੍ਰਾਪਤੀਆਂ
ਸਾਇੰਸ ਗ੍ਰੈਜੁਏਟ ਸ. ਗਰੇਵਾਲ ਸਾਲ 1991 ਵਿੱਚ ਵਕਾਲਤ ਦੀ ਡਿਗਰੀ ਪਾਸ ਕਰਨ ਤੋਂ ਬਾਅਦ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਵੀ ਰਹੇ। ਉਪਰੰਤ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਸਾਲ 1992 ਵਿਚ ‘ਪੰਜਾਬੀ ਟਿਬ੍ਰਿਊਨ’ ਤੋਂ ਸਿਖਲਾਈ ਲੈ ਕੇ ਪੱਤਰਕਾਰਤਾ ਦੀਆਂ ਬਾਰੀਕੀਆਂ ਸਿੱਖਣ ਉਪਰੰਤ ਉਹ ਕਰੀਬ ਇੱਕ ਸਾਲ ‘ਰੋਜ਼ਾਨਾ ਚੜ੍ਹਦੀ ਕਲਾ’ (ਪਟਿਆਲਾ) ਵਿਖੇ ਉਪ-ਸੰਪਾਦਕ ਰਹੇ। ਇਨਾਂ ਦਿਨਾਂ ਵਿੱਚ ਹੀ ਉਨ੍ਹਾਂ ਨੇ ‘ਆਲ ਇੰਡੀਆ ਰੇਡੀਓ’ ਪਟਿਆਲਾ ਅਤੇ ਜਲੰਧਰ ਦੇ ਹਫਤਾਵਾਰੀ ਪ੍ਰੋਗਰਾਮਾਂ ਨੂੰ ਬਾਖੂਬੀ ਪੇਸ਼ ਕੀਤਾ। ਨਵੰਬਰ 1993 ਤੋਂ ਉਨ੍ਹਾਂ ‘ਰੋਜ਼ਾਨਾ ਅਜੀਤ’ ਵਿਚ ਉਪ-ਸੰਪਾਦਕ ਵਜੋਂ ਆਪਣੀ ਪੇਸ਼ੇਵਰ ਜ਼ਿੰਦਗੀ ਦਾ ਇਕ ਨਵਾਂ ਅਧਿਆਏ ਸ਼ੁਰੂ ਕੀਤਾ ਅਤੇ ਇਸ ਅਦਾਰੇ ਵਿਚ ਪੂਰੀ ਤਨਦੇਹੀ ਨਾਲ ਅੱਠ ਸਾਲ ਤੱਕ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਪਰੰਤ ਸ. ਗਰੇਵਾਲ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਬਤੌਰ ਲੋਕ ਸੰਪਰਕ ਅਫਸਰ ਭਰਤੀ ਹੋ ਗਏ। ਕਰੀਬ 16 ਸਾਲਾਂ ਦੀ ਇਸ ਬੇਦਾਗ ਨੌਕਰੀ ਦੌਰਾਨ ਉਨਾਂ ਬਹੁਤ ਅਹਿਮ ਜ਼ਿੰਮੇਵਾਰੀਆਂ ‘ਤੇ ਕੰਮ ਕੀਤਾ ਅਤੇ ਹਰ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਸਫਲਤਾਪੂਰਬਕ ਸਰ ਕੀਤਾ ਹੈ। ਉਨਾਂ ਡੀ.ਪੀ.ਆਰ.ਓ ਰੂਪਨਗਰ ਤੋਂ ਇਲਾਵਾ ਵਿਜੀਲੈਂਸ ਬਿਓਰੋ, ਡੀ.ਜੀ.ਪੀ ਪੰਜਾਬ ਸਮੇਤ ਕਈ ਮੰਤਰੀਆਂ ਨਾਲ ਬਤੌਰ ਪੀ.ਆਰ.ਓ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਨੌਕਰੀ ਪ੍ਰਤੀ ਲਗਨ, ਮਿਹਨਤ ਅਤੇ ਸਮਰਪਣ ਦੀ ਭਾਵਨਾ ਨੂੰ ਦੇਖਦਿਆਂ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਪੰਜਾਬ ਨਾਲ ਡਿਪਟੀ ਡਾਇਰੈਕਟਰ ਪ੍ਰੈਸ ਵਜੋਂ ਤਾਇਨਾਤ ਕੀਤਾ ਗਿਆ। ਇੱਥੇ ਵੀ ਉਨ੍ਹਾਂ ਸਿੱਧ ਕੀਤਾ ਕਿ ਆਪਣੇ ਪੇਸ਼ੇ ਪ੍ਰਤੀ ਉਹ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀਂ ਕਰਦੇ।
ਆਪ ਇਕ ਬੇਹਤਰੀਨ ਖਿਡਾਰੀ ਵੀ ਰਹੇ। ਉਨ੍ਹਾਂ 35ਵੀਂ ਸੀਨੀਅਰ ਨੈਸ਼ਨਲ ਮੁੱਕੇਬਾਜੀ ਚੈਂਪੀਅਸ਼ਿਪ ਵਿਚ ਹਿੱਸਾ ਲਿਆ ਅਤੇ 21ਵੀਂ ਪੰਜਾਬ ਸੀਨੀਅਰ ਮੁੱਕੇਬਾਜੀ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਹਾਸਲ ਕੀਤਾ। ਉਨਾਂ ਸਕੂਲ ਅਤੇ ਕਾਲਜ ਦੌਰਾਨ ਹੋਰ ਖੇਡਾਂ ਵਿੱਚ ਵੀ ਆਪਣੀ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਬਹੁਤ ਸਾਰੇ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਉਹ ਆਪਣੀ ਕਲਮ ਰਾਹੀਂ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਅਖਬਾਰਾਂ, ਮੈਗਜ਼ੀਨਾਂ, ਚੈਨਲਾਂ, ਰੇਡੀਓ ਤੇ ਹੋਰ ਮੀਡੀਆ ਸਾਧਨਾਂ ਵਿਚ ਉਨ੍ਹਾਂ ਦੇ ਲੇਖ ਅਤੇ ਵਿਚਾਰ-ਚਰਚਾ ਛਪਦੀ ਅਤੇ ਪ੍ਰਸਾਰਿਤ ਹੁੰਦੀ ਰਹਿੰਦੀ ਹੈ। ਅੱਜ ਦੇ ਤੇਜ਼-ਤਰਾਰ ਅਤੇ ਪਦਾਰਥਵਾਦੀ ਯੁੱਗ ਵਿੱਚ ਸਮਾਜ ਨੂੰ ਅਜਿਹੇ ਮਾਣਮੱਤੇ ਰੰਗਲੇ ਸੱਜਣਾਂ ਦੀ ਬੇਹੱਦ ਲੋੜ ਹੈ ਜਿਨਾਂ ਤੋਂ ਆਉਣ ਵਾਲੀਆਂ ਨਸਲਾਂ ਬਹੁਤ ਕੁੱਝ ਸਿੱਖ ਅਤੇ ਸੇਧ ਲੈ ਸਕਦੀਆਂ ਹਨ। ਸ਼ਾਲਾ, ਸਮਾਜ ਸੇਵਾ ਨੂੰ ਪ੍ਰਣਾਈ ਹੋਈ ਰੁਹਾਨੀਅਤ ਵਿੱਚ ਰੰਗੀ ਇਹ ਸਖਸ਼ੀਅਤ ਲੰਮੀਆਂ ਉਮਰਾਂ ਮਾਣੇ ਅਤੇ ਹੋਰ ਵੱਡੀਆਂ ਪੁਲਾਂਘਾਂ ਪੱੁਟ ਕੇ ਕੌਮ, ਦੇਸ਼, ਪੰਜਾਬ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਦੀ ਰਹੇ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …