
ਡਿਪਟੀ ਮੇਅਰ ਬੇਦੀ ਨੇ ਪਰਿਵਾਰ ਸਮੇਤ ਪਾਈਆਂ ਵੋਟਾਂ: ਸ਼ਹਿਰ ਵਾਸੀਆਂ ਦਾ ਕੀਤਾ ਦਿਲੋਂ ਧੰਨਵਾਦ
ਕਿਹਾ, ਪਿਛਲੀ ਵਾਰ ਦੀ ਜਿੱਤ ਦਾ ਇਸ ਵਾਰ ਰਿਕਾਰਡ ਤੋੜਨਗੇ ਵਿਧਾਇਕ ਬਲਬੀਰ ਸਿੰਘ ਸਿੱਧੂ
ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਸਮੂਹ ਕੌਂਸਲਰਾਂ, ਵਰਕਰਾਂ ਨੇ ਕੀਤੀ ਸਖ਼ਤ ਮਿਹਨਤ: ਬੇਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਪਣੀ ਧਰਮ ਪਤਨੀ ਦਮਨਜੀਤ ਕੌਰ ਅਤੇ ਸਪੁੱਤਰ ਜਸਵਿੰਦਰ ਸਿੰਘ ਦੇ ਨਾਲ ਫੇਜ਼-3ਬੀ2 ਵਿੱਚ ਆਪਣੀਆਂ ਵੋਟਾਂ ਪਾਈਆਂ। ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਦੇ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਮੁਹਾਲੀ ਵਿੱਚ ਪਾਈਆਂ ਹਨ ਅਤੇ ਉਨ੍ਹਾਂ ਦੇ ਬੂਥਾਂ ਉਪਰ 60 ਫੀਸਦੀ ਤੋਂ ਵੱਧ ਪੋਲਿੰਗ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਾਰਡ ਵਿਚਲੇ ਪੋਲਿੰਗ ਬੂਥਾਂ ਵਿੱਚ ਬਲਬੀਰ ਸਿੰਘ ਸਿੱਧੂ ਭਾਰੀ ਗਿਣਤੀ ਵੋਟਾਂ ਹਾਸਲ ਕਰਨਗੇ।
ਉਨ੍ਹਾਂ ਆਪਣੇ ਵਾਰਡ ਦੇ ਸਮੁੱਚੇ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਾਸੀਆਂ ਨੇ ਹਮੇਸ਼ਾਂ ਨਗਰ ਨਿਗਮ ਚੋਣਾਂ ਵਿਚ ਉਨ੍ਹਾਂ ਦੀ ਲੀਡ ਵਧਾ ਕੇ ਉਨ੍ਹਾਂ ਨੇ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਵਾਰਡ ਦੇ ਲੋਕਾਂ ਨੇ ਅੱਜ ਵੋਟਿੰਗ ਕੀਤੀ ਹੈ ਉਸ ਤੋਂ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ ਵਾਰਡ ’ਚੋਂ ਬਲਬੀਰ ਸਿੰਘ ਸਿੱਧੂ ਪਿਛਲੀ ਵਾਰ ਨਾਲੋਂ ਵੀ ਕਿਤੇ ਵੱਧ ਲੀਡ ਨਾਲ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਇਹੀ ਹਾਲ ਸਮੁੱਚੇ ਮੁਹਾਲੀ ਦਾ ਹੈ ਜਿੱਥੇ ਉਨ੍ਹਾਂ ਦੇ ਸਾਥੀ ਕੌਂਸਲਰਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਬਲਬੀਰ ਸਿੰਘ ਸਿੱਧੂ ਨੂੰ ਜਿਤਾਉਣ ਲਈ ਹੱਡ ਤੋੜਵੀਂ ਮਿਹਨਤ ਕੀਤੀ ਹੈ ਅਤੇ ਮੋਹਾਲੀ ਵਿਚ ਇਸ ਵਾਰ ਬਲਬੀਰ ਸਿੱਧੂ ਜਿੱਤ ਦੇ ਫਰਕ ਦਾ ਪਿਛਲਾ ਰਿਕਾਰਡ ਤੋੜਨਗੇ।