ਸਰਕਾਰੀ ਹਸਪਤਾਲ ਦੀ ਡਿੱਗਦੀ ਰੈਂਕਿੰਗ ’ਤੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਚੁੱਕੇ ਸਵਾਲ
ਪੰਜਾਬ ਦੀ ‘ਆਪ’ ਸਰਕਾਰ ਸਿਹਤ ਸੇਵਾਵਾਂ ਪ੍ਰਤੀ ਗੰਭੀਰ ਨਹੀਂ: ਕੁਲਜੀਤ ਬੇਦੀ
ਨਬਜ਼-ਏ-ਪੰਜਾਬ, ਮੁਹਾਲੀ, 6 ਫਰਵਰੀ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੇ ਮੁੱਦੇ ’ਤੇ ਵੱਡੇ ਸਵਾਲ ਚੁੱਕੇ ਹਨ। ਪੰਜਾਬ ਸਰਕਾਰ ਦੀ ਸਿਹਤ ਸੇਵਾਵਾਂ ਪ੍ਰਤੀ ਅਣਦੇਖੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਦੀ ਮੌਜੂਦਾ ਹਾਲਤ ਅਤੇ ਤਾਜ਼ਾ ਰੈਂਕਿੰਗ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨੇ ਸਾਧੇ ਹਨ। ਅੱਜ ਇੱਥੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਕੇਵਲ ਸ਼ਹਿਰ ਦੇ ਲੋਕ ਹੀ ਨਹੀਂ ਬਲਕਿ ਚੰਡੀਗੜ੍ਹ ਅਤੇ ਖਰੜ ਅਤੇ ਆਸਪਾਸ ਇਲਾਕਿਆਂ ’ਚੋਂ ਮਰੀਜ਼ ਇਲਾਜ ਲਈ ਆਉਂਦੇ ਹਨ ਪ੍ਰੰਤੂ ਇਹ ਹਸਪਤਾਲ ਰੈਂਕਿੰਗ ਵਿੱਚ ਅਪਣੀ ਥਾਂ ਬਣਾਉਣ ਵਿੱਚ ਅਸਫਲ ਰਿਹਾ ਹੈ। ਹਸਪਤਾਲ ਦੀ ਰੈਂਕ 14ਵੇਂ ਸਥਾਨ ’ਤੇ ਆ ਗਈ ਹੈ, ਜੋ ਪਿਛਲੇ ਦਰਜਿਆਂ ਨਾਲੋਂ ਕਾਫ਼ੀ ਹੇਠਾਂ ਹੈ।
ਡਿਪਟੀ ਮੇਅਰ ਨੇ ਹਸਪਤਾਲ ਦੀ ਰੈਂਕਿੰਗ 100 ’ਚੋਂ ਸਿਰਫ਼ 64.61 ਆਈ, ਜਦਕਿ ਰੈਂਕਿੰਗ ਵਿੱਚ ਥਾਂ ਬਣਾਉਣ ਲਈ ਘੱਟੋ-ਘੱਟ 70 ਅੰਕ ਲਾਜ਼ਮੀ ਹਨ। ਉਨ੍ਹਾਂ ਨੇ ਇਸ ਨੂੰ ‘ਬਹੁਤ ਹੀ ਦੁਖਦਾਈ’ ਦੱਸਦਿਆਂ ਪੰਜਾਬ ਸਰਕਾਰ ਦੀ ਸਿਹਤ ਢਾਂਚੇ ਪ੍ਰਤੀ ਅਣਗਹਿਲੀ ਦਾ ਨਤੀਜਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ, ਜੋ ਇੱਕ ਸਮੇਂ ਭਰੋਸੇਯੋਗ ਇਲਾਜ ਕੇਂਦਰ ਸੀ, ਹੁਣ ਸਿਰਫ਼ ਇੱਕ ਰੈਫ਼ਰਲ ਸੈਂਟਰ ਬਣ ਗਿਆ ਹੈ। ਜ਼ਿਆਦਾਤਰ ਮਰੀਜ਼ਾਂ ਨੂੰ ਪੀਜੀਆਈ, ਸੈਕਟਰ-16 ਅਤੇ ਸੈਕਟਰ-32 ਦੇ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਹੈ, ਕਿਉਂਕਿ ਇੱਥੇ ਢੁਕਵੇਂ ਇਲਾਜ ਅਤੇ ਸਹੂਲਤਾਂ ਦੀ ਘਾਟ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਨਵੇਂ ਮੈਡੀਕਲ ਕਾਲਜ ਖੋਲ੍ਹਣ ਅਤੇ ਹਸਪਤਾਲਾਂ ਦੀ ਅਪਗਰੇਡੇਸ਼ਨ ਦੀਆਂ ਗੱਲਾਂ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਜਦੋਂ ਸਰਕਾਰ ਪੰਜਾਬ ਦੀ ਸਿਹਤ ਸੇਵਾਵਾਂ ਨੂੰ ਨੰਬਰ 1 ਬਣਾਉਣ ਦੀ ਗੱਲ ਕਰਦੀ ਹੈ, ਇਹ ਰਿਪੋਰਟ ਉਨ੍ਹਾਂ ਦੇ ਝੂਠੇ ਦਾਅਵਿਆਂ ਨੂੰ ਬੇਨਕਾਬ ਕਰਦੀ ਹੈ। ਹਸਪਤਾਲ ਦੀ ਮਾੜੀ ਹਾਲਤ ਸਰਕਾਰ ਦੀ ਅਣਗਹਿਲੀ ਦਾ ਨੰਗਾ ਚਿੱਟਾ ਸਬੂਤ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਵੀ ਸਫੇਦ ਹਾਥੀ ਬਣ ਕੇ ਰਹਿ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਮੁਹੱਲਾ ਕਲੀਨਿਕਾਂ ਨੂੰ ਆਪਣੇ ਆਗੂ ਦੀਆਂ ਤਸਵੀਰਾਂ ਲਗਾਉਣ ਵਿੱਚ ਹੀ ਵਰਤਿਆ ਹੈ।