ਡਿਪਟੀ ਮੇਅਰ ਕੁਲਜੀਤ ਬੇਦੀ ਨੇ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੂੰ ਸੁਣਾਈਆਂ ਖਰੀਆਂ ਖਰੀਆਂ

ਡਰਾਇੰਗ ਰੂਮ ਵਿੱਚ ਬੈਠ ਕੇ ਬਿਆਨਬਾਜ਼ੀ ਕਰਨ ਵਾਲੇ ਪੈਂਦੀ ਬਰਸਾਤ ਵਿੱਚ ਕਿੱਥੇ ਲੁਕੇ ਹੋਏ ਸਨ: ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਮੁਹਾਲੀ ਵਿਚ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਕਰਨ ਵਾਲੇ ਵਿਰੋਧੀ ਧਿਰ ਦੇ ਸੰਜੀਵ ਵਸ਼ਿਸ਼ਟ ਨੂੰ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਉਹ ਅਚਨਚੇਤ ਆਈ ਬਰਸਾਤ ਕਾਰਨ ਮੁਹਾਲੀ ਵਿੱਚ ਆਏ ਪਾਣੀ ਦੀ ਨਿਕਾਸੀ ਲਈ ਖ਼ੁਦ ਬਰਸਾਤ ਵਿੱਚ ਬੰਦੋਬਸਤ ਕਰਦੇ ਰਹੇ ਪਰ ਸੰਜੀਵ ਵਸ਼ਿਸ਼ਟ ਵਰਗੇ ਲੋਕ ਜੋ ਰਹਿੰਦੇ ਵੀ ਚੰਡੀਗੜ੍ਹ ਹਨ ਆਪਣੇ ਡਰਾਇੰਗ ਰੂਮ ਵਿੱਚ ਬੈਠ ਕੇ ਬਿਆਨਬਾਜ਼ੀ ਕਰਨ ਤੱਕ ਹੀ ਸੀਮਤ ਹਨ। ਇਸ ਮੌਕੇ ਕੁਲਜੀਤ ਬੇਦੀ ਨੇ ਪੱਤਰਕਾਰਾਂ ਨੂੰ ਫੇਜ਼-5 ਦਾ ਕਾਜ਼ਵੇ ਵੀ ਦਿਖਾਇਆ ਅਤੇ ਫੇਜ਼-3ਬੀ2 ਵਿੱਚ ਬਣਾਏ ਅੰਡਰ ਗਰਾਊਂਡ ਟੈਂਕ ਵੀ ਦਿਖਾਏ ਜਿਨ੍ਹਾਂ ਦੇ ਕਾਰਨ ਇਨ੍ਹਾਂ ਦੋਹਾਂ ਇਲਾਕਿਆਂ ਵਿੱਚ ਲੋਕਾਂ ਦਾ ਬਰਸਾਤੀ ਪਾਣੀ ਦੀ ਨਿਕਾਸੀ ਸਮੇਂ ਸਿਰ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਸੰਜੀਵ ਵਸ਼ਿਸ਼ਟ ਨੇ ਮੋਹਾਲੀ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ ਅਤੇ ਹੁਣ ਉਸ ਦੀ ਇਹ ਮਜਬੂਰੀ ਹੈ ਕਿ ਆਪਣੇ ਆਪ ਨੂੰ ਸਿਆਸੀ ਤੌਰ ਤੇ ਜਿੰਦਾ ਰੱਖਣ ਲਈ ਕੋਈ ਨਾ ਕੋਈ ਬਿਆਨਬਾਜ਼ੀ ਕਰਦਾ ਰਹੇ ਕਿਉਂਕਿ ਉਸ ਤੋਂ ਕਿਤੇ ਵੱਡੇ ਕੱਦ ਦੇ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਸੰਜੀਵ ਵਸ਼ਿਸ਼ਟ ਨੂੰ ਆਪਣੀ ਹੋਂਦ ਬਚਾਉਣੀ ਅੌਖੀ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਮਸਲਿਆਂ ਦੇ ਮਾਮਲੇ ਵਿੱਚ ਸਿਆਸਤ ਤੇ ਯਕੀਨ ਨਹੀਂ ਰੱਖਦੇ ਸਗੋਂ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਚ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ ਕਿ ਫੇਜ਼ ਪੰਜ ਵਿਚ ਕਾਜ਼ਵੇ ਬਣਾਇਆ ਜਾਵੇ ਅਤੇ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ।
ਸ੍ਰੀ ਬੇਦੀ ਨੇ ਕਿਹਾ ਕਿ ਫੇਜ਼-3ਬੀ2 ਵਿੱਚ ਉਨ੍ਹਾਂ ਨੇ ਗਲੇ ਤੱਕ ਪਹੁੰਚੇ ਪਾਣੀ ਦੀਆਂ ਤਸਵੀਰਾਂ ਉਦੋਂ ਨਸ਼ਰ ਕੀਤੀਆਂ ਸਨ ਜਦੋਂ ਉਨ੍ਹਾਂ ਦੇ ਵਾਰਡ ਦੇ ਲੋਕ ਸ਼ਿਮਲੇ ਵਿੱਚ ਬੱਦਲ ਹੁੰਦਾ ਸੀ ਤਾਂ ਇੱਥੇ ਰਾਤ ਨੂੰ ਸੋਂਦੇ ਨਹੀਂ ਸਨ ਕਿਉਂਕਿ ਇੱਥੇ ਬਰਸਾਤ ਪੈਣ ਦੀ ਸੂਰਤ ਵਿੱਚ ਉਨ੍ਹਾਂ ਦੇ ਘਰ ਪਾਣੀ ਵੜਦਾ ਸੀ ਅਤੇ ਉਨ੍ਹਾਂ ਦਾ ਕਰੋੜਾਂ ਰੁਪਇਆਂ ਦਾ ਨੁਕਸਾਨ ਹੁੰਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਵਾਰਡ ਵਿਚ ਦੋ ਟੈਂਕ ਬਣਵਾ ਕੇ ਪਾਣੀ ਨੂੰ ਅੱਗੇ ਪੰਪ ਲਵਾ ਕੇ ਕੱਢਣ ਦਾ ਉਪਰਾਲਾ ਕੀਤਾ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਵਾਰਡ ਦੇ ਲੋਕ ਬਰਸਾਤ ਦੇ ਮੌਸਮ ਵਿੱਚ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਉਹ ਕੌਂਸਲਰ ਹੋਣ ਦੇ ਨਾਤੇ ਆਪਣੇ ਵਾਰਡ ਤਕ ਸੀਮਤ ਸਨ ਪਰ ਇਸ ਵਾਰ ਉਨ੍ਹਾਂ ਨੇ ਡਿਪਟੀ ਮੇਅਰ ਹੋਣ ਦੇ ਨਾਤੇ ਪੂਰੇ ਸ਼ਹਿਰ ਵਿਚ ਇਕ ਤਰ੍ਹਾਂ ਨਾਲ ਬਰਸਾਤੀ ਪਾਣੀ ਦਾ ਪਿੱਛਾ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਫੇਜ਼ ਪੰਜ ਵਿਚ ਕਾਜ਼ਵੇ ਦਾ ਨਿਰਮਾਣ ਕਰਵਾਇਆ ਤੇ ਫੇਜ਼-3ਬੀ2 ਵਾਲੀ ਸੜਕ ਨੂੰ ਵੀ ਹੇਠਾਂ ਕਰਵਾਇਆ ਤਾਂ ਕਿ ਪਾਣੀ ਦਾ ਕੁਦਰਤੀ ਵਹਾਅ ਪਾਣੀ ਨੂੰ ਅੱਗੇ ਲੈ ਜਾਵੇ ਅਤੇ ਲੋਕ ਇਸ ਦੀ ਮਾਰ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਇਸ ਪਾਣੀ ਤੋਂ ਕਿਸ ਤਰ੍ਹਾਂ ਬਚਾਅ ਕਰਨਾ ਹੈ ਅਤੇ ਅਮਰੂਤ ਸਕੀਮ ਤਹਿਤ ਕੇਂਦਰੀ ਸਰਕਾਰ ਨੂੰ ਡੇਢ ਸੌ ਕਰੋੜ ਤੋਂ ਵੱਧ ਦਾ ਇੱਕ ਪ੍ਰੋਜੈਕਟ ਬਣਾ ਕੇ ਭੇਜਿਆ ਵੀ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਫੇਜ਼-4, ਫੇਜ਼-5 ਦਾ ਕੁਝ ਹਿੱਸਾ, ਫੇਜ਼-11 ਅਤੇ ਫੇਜ਼-7 ਦਾ ਕੁਝ ਹਿੱਸਾ ਪਾਣੀ ਦੀ ਮਾਰ ਹੇਠ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਵਜ੍ਹਾ ਵੀ ਇਹ ਹੈ ਕਿ ਚੰਡੀਗੜ੍ਹ ਤੋਂ ਪਾਣੀ ਦਾ ਕੁਦਰਤੀ ਵਹਾਅ ਮੁਹਾਲੀ ਵੱਲ ਨੂੰ ਹੈ ਅਤੇ ਚੰਡੀਗੜ੍ਹ ਵਿੱਚ ਬੰਦੋਬਸਤ ਨਾ ਹੋਣ ਕਾਰਨ ਪਾਣੀ ਮੁਹਾਲੀ ਵੱਲ ਨੂੰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਕਰਨ ਵਾਸਤੇ ਉਹ ਅਤੇ ਨਗਰ ਨਿਗਮ ਦੀ ਚੁਣੀ ਹੋਈ ਸਮੁੱਚੀ ਟੀਮ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪੈਂਦੀ ਬਰਸਾਤ ਵਿੱਚ ਮੁਹਾਲੀ ਦੇ ਸਮੂਹ ਕੌਂਸਲਰ ਆਪੋ ਆਪਣੇ ਵਾਰਡਾਂ ਵਿੱਚ ਚੌਕਸ ਰਹੇ ਅਤੇ ਪਾਣੀ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਦਾ ਉਪਰਾਲਾ ਕਰਦੇ ਰਹੇ ਪਰ ਸੰਜੀਵ ਵਸ਼ਿਸ਼ਟ ਵਰਗੇ ਆਗੂ ਡਰਾਇੰਗ ਰੂਮ ਵਿੱਚ ਬੈਠ ਕੇ ਬਿਆਨਬਾਜ਼ੀ ਕਰਨ ਤੱਕ ਸੀਮਤ ਰਹੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਤਾਂ ਐਮਪੀ ਵੀ ਭਾਜਪਾ ਦਾ ਹੈ ਅਤੇ ਨਗਰ ਨਿਗਮ ਵੀ ਭਾਜਪਾ ਦੀ ਹੈ ਤੇ ਚੰਡੀਗੜ੍ਹ ਵਿੱਚ ਮੋਹਾਲੀ ਨਾਲੋਂ ਕਿਤੇ ਮਾੜਾ ਹਾਲ ਬਰਸਾਤੀ ਪਾਣੀ ਨੇ ਕੀਤਾ ਹੈ ਅਤੇ ਇਸੇ ਪਾਣੀ ਨੇ ਮੁਹਾਲੀ ਵਿਚ ਵੀ ਚੱਕ ਥੱਲ ਮਚਾਈ ਜਿਸ ਲਈ ਨਾ ਤਾਂ ਮੁਹਾਲੀ ਦੇ ਮੇਅਰ ਸਿੰਘ ਜੀਤੀ ਸਿੱਧੂ ਦਾ ਕੋਈ ਕਸੂਰ ਹੈ ਤੇ ਨਾ ਹੀ ਨਗਰ ਨਿਗਮ ਦਾ ਕੋਈ ਕਸੂਰ ਹੈ ਸਗੋਂ ਨਗਰ ਨਿਗਮ ਪਾਣੀ ਦੀ ਨਿਕਾਸੀ ਲਈ ਪੂਰੇ ਜ਼ੋਰ ਸ਼ੋਰ ਨਾਲ ਪੈਂਦੀ ਬਰਸਾਤ ਵਿੱਚ ਉਪਰਾਲੇ ਕਰਦੀ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਸੰਜੀਵ ਵਸ਼ਿਸ਼ਟ ਵਰਗੇ ਲੋਕਾਂ ਤੋਂ ਕਿਸੇ ਤਰ੍ਹਾਂ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈ ਸਗੋਂ ਉਹ ਮੁਹਾਲੀ ਦੇ ਲੋਕਾਂ ਲਈ ਕੰਮ ਕਰਦੇ ਹਨ ਅਤੇ ਹਮੇਸ਼ਾ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਹਰ ਉਪਰਾਲਾ ਕਰਦੇ ਰਹਿਣਗੇ।

Load More Related Articles

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…