
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਰੋਜ਼ ਗਾਰਡਨ ਵਿੱਚ ਟੁੱਟੇ ਟਰੈਕ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ
ਸੈਰ ਕਰਦੇ ਸਮੇਂ ਟੁੱਟੇ ਟਰੈਕ ’ਤੇ ਠੇਡਾ ਲੱਗਣ ਕਾਰਨ ਬਜ਼ੁਰਗ ਨੂੰ ਲੱਗੀਆਂ ਸਨ ਕਾਫ਼ੀ ਸੱਟਾਂ
ਮੁਹਾਲੀ ਦੇ ਸਾਰੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ: ਬੇਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅੱਜ ਇੱਥੋਂ ਦੇ ਫੇਜ਼-3ਬੀ1 ਸਥਿਤ ਰੋਜ਼ ਗਾਰਡਨ ਵਿੱਚ ਟਰੈੱਕ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਪਿਛਲੇ ਦਿਨੀਂ ਇੱਕ 70 ਸਾਲਾ ਬਜ਼ੁਰਗ ਦੇ ਟਰੈਕ ’ਤੇ ਸੈਰ ਕਰਦੇ ਸਮੇਂ ਅਚਾਨਕ ਠੇਡਾ ਵੱਜ ਕੇ ਸੱਟ ਲੱਗ ਗਈ ਸੀ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਮੇਅਰ ਨੇ ਰੋਜ਼ ਗਾਰਡਨ ਵਿੱਚ ਟੁੱਟੇ ਟਰੈਕ ਦੇ ਹਿੱਸੇ ਨੂੰ ਪੁੱਟ ਕੇ ਉੱਥੇ ਨਵੇਂ ਸਿਰਿਓਂ ਟਰੈਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਸ੍ਰੀ ਬੇਦੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਰਹਿੰਦੇ ਭਗਵੰਤ ਸਿੰਘ (70) ਰੋਜ਼ਾਨਾ ਰੋਜ਼ ਗਾਰਡਨ ਵਿੱਚ ਸੈਰ ਕਰਦੇ ਹਨ ਅਤੇ ਪਿਛਲੇ ਦਿਨੀਂ ਸੈਰ ਕਰਦਿਆਂ ਟਰੈਕ ’ਤੇ ਠੇਡਾ ਖਾਣ ਕਾਰਨ ਕਾਫ਼ੀ ਸੱਟਾਂ ਵੱਜੀਆਂ ਸਨ।
ਡਿਪਟੀ ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਨ੍ਹਾਂ ਨੇ ਫੌਰੀ ਤੌਰ ’ਤੇ ਕਾਰਵਾਈ ਕਰਦਿਆਂ ਨਗਰ ਨਿਗਮ ਅਧਿਕਾਰੀਆਂ ਨੂੰ ਰੋਜ਼ ਗਾਰਡਨ ਦੇ ਟੁੱਟੇ ਟਰੈਕ ਦੀ ਮੁਰੰਮਤ ਕਰਨ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਐਕਸ਼ਨ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਪਾਰਕਾਂ ਵਿੱਚ ਬਜ਼ੁਰਗਾਂ ਦੇ ਬੈਠਣ ਲਈ ਵਧੀਆ ਬੈਂਚ ਰੱਖਣ, ਬੱਚਿਆਂ ਦੇ ਖੇਡਣ ਲਈ ਝੁੱਲੇ ਲਾਏ ਜਾਣੇ ਅਤੇ ਟਰੈਕ ਬਣਾਉਣ ਸਮੇਤ ਫੁੱਟ ਲਾਈਟਾਂ ਅਤੇ ਸਟਰੀਟਾਂ ਦੀ ਵਿਵਸਥਾ ਕੀਤੀ ਜਾਵੇਗੀ।