
ਡਿਪਟੀ ਮੇਅਰ ਨੇ ਬੰਦ ਪਏ ਖੇਡ ਸਟੇਡੀਅਮ ਤੁਰੰਤ ਚਾਲੂ ਕਰਨ ਲਈ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਲਿਖਿਆ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਬੰਦ ਪਏ ਖੇਡ ਸਟੇਡੀਅਮ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗਮਾਡਾ ਨੇ ਪਹਿਲਾਂ ਕਰੋੜਾਂ ਰੁਪਏ ਖ਼ਰਚ ਕਰਕੇ ਖੇਡ ਸਟੇਡੀਅਮ ਬਣਾਏ ਅਤੇ ਰੈਨੋਵੇਟ ਕਰਨ ਲਈ ਹੁਣ ਕਰੋੜਾਂ ਰੁਪਏ ਖ਼ਰਚ ਕੀਤੇ ਗਏ। ਜੇਕਰ ਹੁਣ ਵੀ ਖੇਡ ਸਟੇਡੀਅਮ ਨਾ ਖੋਲ੍ਹੇ ਗਏ ਤਾਂ ਉਹ ਗਮਾਡਾ ਦੇ ਖ਼ਿਲਾਫ਼ ਅਦਾਲਤ ਦਾ ਬੂਹਾ ਖੜਕਾਉਣ ਲਈ ਮਜਬੂਰ ਹੋਣਗੇ।
ਕੁਲਜੀਤ ਬੇਦੀ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਮੁਹਾਲੀ ਦੇ ਕਈ ਖੇਡ ਸਟੇਡੀਅਮ ਬੰਦ ਪਏ ਹਨ। ਜਿਸ ਕਾਰਨ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਖੇਡ ਸਟੇਡੀਅਮ ਦੀ ਰੈਨੋਵੇਸ਼ਨ ਲਈ ਖ਼ਰਚੇ ਕਰੋੜਾਂ ਰੁਪਏ ਬੇਅਰਥ ਜਾ ਰਹੇ ਹਨ। ਕਿਉਂਕਿ ਮੌਜੂਦਾ ਸਮੇਂ ਵਿੱਚ ਇਨ੍ਹਾਂ ਖੇਡ ਸਟੇਡੀਅਮਾਂ ਦੀ ਮਾੜੀ ਦੁਰਦਸ਼ਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਇਹ ਖੇਡ ਸਟੇਡੀਅਮ ਲੈਣ ਲਈ ਤਿਆਰ ਸੀ ਪਰ ਫੰਡਾਂ ਦੀ ਘਾਟ ਕਾਰਨ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ। ਉਨ੍ਹਾਂ ਮੰਗ ਕੀਤੀ ਕਿ ਗਮਾਡਾ ਬੰਦ ਪਏ ਖੇਡ ਸਟੇਡੀਅਮਾਂ ਨੂੰ ਤੁਰੰਤ ਚਾਲੂ ਕਰੇ ਅਤੇ ਖਿਡਾਰੀਆਂ ਨੂੰ ਸਾਰੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।