Nabaz-e-punjab.com

ਡਿਪਟੀ ਮੇਅਰ ਸੇਠੀ ਵੱਲੋਂ ਨਗਰ ਨਿਗਮ ਸਟਾਫ਼ ’ਤੇ ਸਹੀ ਤਰੀਕੇ ਨਾਲ ਡਿਊਟੀ ਨਾ ਨਿਭਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਮੁਹਾਲੀ ਨਗਰ ਨਿਗਮ ਦੇ ਕਰਮਚਾਰੀ ਆਪਣੀ ਡਿਊਟੀ ਠੀਕ ਢੰਗ ਨਾਲ ਨਿਭਾਉਣ ਦੀ ਥਾਂ ਟਾਲ-ਮਟੋਲ ਕਰਕੇ ਡੰਗ ਟਪਾਉਣ ਨੂੰ ਤਰਜ਼ੀਹ ਦਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਉਨ੍ਹਾਂ ਵੱਲੋਂ ਵਰਤੀ ਗਈ ਅਣਗਹਿਲੀ ਨਾਲ ਕੋਈ ਵੱਡਾ ਦੁਖਾਂਤ ਵਾਪਰ ਸਕਦਾ ਹੈ। ਇਹ ਗੱਲ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਪਿਛਲੇ 15 ਦਿਨਾਂ ਤੋਂ ਉਨ੍ਹਾਂ ਦੇ ਵਾਰਡ ਫੇਜ਼-3ਏ ਵਿੱਚ ਸਟਰੀਟ ਲਾਈਟਾਂ ਦੇ ਖੰਭਿਆਂ ਨਾਲ ਬਿਜਲੀ ਦੀਆਂ ਨੰਗੀਆਂ ਤਾਰਾਂ ਲਮਕ ਰਹੀਆਂ ਹਨ। ਜਿਸ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਉਨ੍ਹਾਂ ਨੂੰ ਵਾਰਡ ਦੇ ਲੋਕਾਂ ਨੇ ਵੀ ਸ਼ਿਕਾਇਤਾਂ ਦਿੱਤੀਆਂ ਹਨ।
ਡਿਪਟੀ ਮੇਅਰ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਨਗਰ ਨਿਗਮ ਦੇ ਸਬੰਧਤ ਜੇਈ ਸੇਵਕਦੀਪ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਸੀ ਪਰ ਕਰਮਚਾਰੀ ਬਹਾਨੇਬਾਜ਼ੀ ਕਰਕੇ ਸਮਾਂ ਲੰਘਾਉਣ ਨੂੰ ਤਰਜੀਹ ਦਿੰਦੇ ਹਨ ਅਤੇ ਵਾਰ-ਵਾਰ ਕਹਿਣ ਦੇ ਬਾਵਜੂਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜੇਕਰ ਇਹ ਅਧਿਕਾਰੀ ਤੇ ਕਰਮਚਾਰੀ ਨਗਰ ਨਿਗਮ ਦੇ ਡਿਪਟੀ ਮੇਅਰ ਦੀ ਹੀ ਗੱਲ ਨਹੀਂ ਮੰਨਦੇ ਤਾਂ ਆਮ ਲੋਕਾਂ ਦੀ ਸੁਣਵਾਈ ਕਿਵੇਂ ਹੋ ਸਕਦੀ ਹੈ।
ਸ੍ਰੀ ਸੇਠੀ ਕਿਹਾ ਕਿ ਫੇਜ਼-3ਏ ਦੇ ਮੰਦਰ ਦੇ ਬਾਹਰ ਅਤੇ ਸਾਹਮਣੇ ਲੱਗੇ ਖੰਭਿਆਂ ਦੀਆਂ ਤਾਰਾਂ ਬੁਰੀ ਤਰ੍ਹਾਂ ਢਿੱਲੀਆਂ ਹੋ ਕੇ ਹੇਠਾਂ ਲਮਕ ਰਹੀਆ ਹਨ ਅਤੇ ਇੱਥੇ ਕਦੇ ਵੀ ਹਾਦਸਾ ਹੋ ਸਕਦਾ। ਇਸ ਤਰ੍ਹਾਂ ਦੀ ਹਾਲਤ ਕੋਠੀ ਨੰਬਰ-114 ਦੇ ਸਾਹਮਣੇ ਵੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬਰਸਾਤੀ ਮੌਸਮ ਦੇ ਚੱਲਦਿਆਂ ਇਹ ਤਾਰਾਂ ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆ ਹਨ। ਪ੍ਰੰਤੂ ਨਿਗਮ ਦੇ ਸਬੰਧਤ ਅਧਿਕਾਰੀ ਬਣਦੀ ਕਾਰਵਾਈ ਕਰਨ ਦੀ ਜਗ੍ਹਾ ਬਹਾਨੇ ਬਾਜੀ ਕਰਨ ਵਿੱਚ ਲੱਗੇ ਹੋਏ ਹਨ। ਡਿਪਟੀ ਮੇਅਰ ਨੇ ਕਿਹਾ ਕਿ ਜਦੋਂ ਉਨ੍ਹਾਂ ਇਸ ਸਬੰਧੀ ਸਟਰੀਟ ਲਾਈਟਾਂ ਸੰਭਾਲਣ ਵਾਲੀ ਕੰਪਨੀ ਦੇ ਨੁਮਾਇੰਦੇ ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਚੇਨੱਈ ਤੋਂ ਕੰਪਨੀ ਦਾ ਇੰਜੀਨੀਅਰ ਆਏਗਾ ਤੱਦ ਹੀ ਨੰਗੀਆਂ ਤਾਰਾਂ ਦੀ ਸਮੱਸਿਆ ਹੱਲ ਹੋ ਸਕੇਗੀ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਦਾ ਰੱਖ-ਰਖਾਓ ਕਰਨ ਵਾਲੀ ਕੰਪਨੀ ਵੱਲੋਂ ਆਪਣੀ ਜਿੰੰਮੇਵਾਰੀ ਤੋਂ ਪੱਲਾ ਝਾੜਦਿਆਂ ਅਜਿਹੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਸਟਾਫ਼ ਦੀ ਲਾਪਰਵਾਹੀ ਕਾਰਨ ਕੋਈ ਹਾਦਸਾ ਵਾਪਰ ਗਿਆ ਤਾਂ ਉਹ ਇਨ੍ਹਾਂ ਨੂੰ ਇਸਦੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਣਗੇ।

Load More Related Articles
Load More By Nabaz-e-Punjab
Load More In General News

Check Also

CM lays foundation stone of expansion of the DAC, Moga by constructing third and fourth floor

CM lays foundation stone of expansion of the DAC, Moga by constructing third and fourth fl…