Nabaz-e-punjab.com

ਡਿਪਟੀ ਮੇਅਰ ਨੇ ਕਮਿਸ਼ਨਰ ਨੂੰ ਘੇਰਿਆ, ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਮੁਹਾਲੀ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਨਗਰ ਨਿਗਮ ਦੀ ਮੀਟਿੰਗ ਦੌਰਾਨ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦਾ ਦੋਸ਼ ਲਾਉਂਦਿਆਂ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਹਾਊਸ ਨੂੰ ਦੱਸਿਆ ਕਿ ਸ਼ਹਿਰ ਵਿੱਚ ਇਸ਼ਤਿਹਾਰਬਾਜ਼ੀ ਕਰਨ ਵਾਲੀ ਇਕ ਨਾਮੀ ਪ੍ਰਾਈਵੇਟ ਕੰਪਨੀ ਤੋਂ ਵਿਆਜ ਸਮੇਤ ਆਪਣੀ ਪੂਰੀ ਬਕਾਇਆ ਰਕਮ ਦੀ ਵਸੂਲੀ ਕਰਨ ਦੀ ਬਜਾਏ ਘੱਟ ਪੈਸੇ ਲੈ ਕੇ ਆਪਸੀ ਸਮਝੌਤਾ ਕੀਤਾ ਗਿਆ ਹੈ। ਜਦੋਂਕਿ ਮੁਹਾਲੀ ਅਦਾਲਤ ਵੱਲੋਂ ਦੋ ਵਾਰ ਨਗਰ ਨਿਗਮ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਕੰਪਨੀ ਤੋਂ 18 ਫੀਸਦੀ ਵਿਆਜ ਅਤੇ ਦੂਜੇ ਫੈਸਲੇ ਵਿੱਚ ਅਗਲੇ ਪੀਰੀਅਡ ਦਾ 6 ਫੀਸਦੀ ਵਿਆਜ ਦਰ ਦੇ ਹਿਸਾਬ ਨਾਲ ਬਕਾਇਆ ਪੈਸਿਆਂ ਦੀ ਵਸੂਲੀ ਕਰਨ ਦੇ ਆਦੇਸ਼ ਦਿੱਤੇ ਗਏ ਸੀ।
ਸ੍ਰੀ ਸੇਠੀ ਨੇ ਕਿਹਾ ਕਿ ਇਸ ਸਬੰਧੀ ਅਧਿਕਾਰੀ ਨੇ ਹਾਊਸ ਨੂੰ ਦੱਸਣ ਜਾਂ ਅਗਾਊਂ ਪ੍ਰਵਾਨਗੀ ਲੈਣ ਦੀ ਵੀ ਲੋੜ ਨਹੀਂ ਸਮਝੀ। ਜਿਸ ਨਾਲ ਨਗਰ ਨਿਗਮ ਨੂੰ ਕਰੀਬ 12 ਲੱਖ ਰੁਪਏ ਦਾ ਵਿੱਤੀ ਘਾਟਾ ਪਿਆ ਲੇਕਿਨ ਜਦੋਂ ਉਨ੍ਹਾਂ ਇਹ ਮੁੱਦਾ ਮੀਡੀਆ ਵਿੱਚ ਚੁੱਕਿਆ ਤਾਂ ਨਿਗਮ ਅਧਿਕਾਰੀਆਂ ਨੇ ਚੁਪ ਚੁਪੀਤੇ ਕੰਪਨੀ ਤੋਂ ਕਰੀਬ ਲੱਖ ਰੁਪਏ ਦਾ ਚੈੱਕ ਲੈ ਕੇ ਉਸ ਨੂੰ ਜਮ੍ਹਾ ਕਰਵਾਉਣ ਲਈ ਐਚਡੀਐਫ਼ਸੀ ਬੈਂਕ ਵਿੱਚ ਨਵਾਂ ਖ਼ਾਤਾ ਖੋਲ੍ਹਿਆ ਗਿਆ। ਜਦੋਂਕਿ ਨਗਰ ਨਿਗਮ ਦੇ ਪਹਿਲਾਂ ਹੀ ਚਾਰ ਖਾਤੇ ਚੱਲਦੇ ਹਨ। ਇਸ ਗੱਲ ਨੂੰ ਲੈ ਕੇ ਡਿਪਟੀ ਮੇਅਰ ਅਤੇ ਕਮਿਸ਼ਨਰ ਵਿੱਚ ਤਲਖ ਕਲਾਮੀ ਹੋ ਗਈ।
(ਬਾਕਸ ਆਈਟਮ)
ਉਧਰ, ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਡਿਪਟੀ ਮੇਅਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਇਹ ਕਾਫੀ ਪੁਰਾਣਾ ਮਾਮਲਾ ਹ। ਉਨ੍ਹਾਂ ਨਗਰ ਨਿਗਮ ਵੱਲੋਂ ਵੀ ਬਕਾਇਆ ਪੈਸੇ ਲੈਣ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ। ਕੰਪਨੀ ਵੱਲੋਂ ਬਕਾਇਆ ਪੈਸਿਆਂ ਦੀ ਅਦਾਇਗੀ ਕਰਨ ਦੀ ਗੱਲ ਮੰਨਣ ਤੋਂ ਬਾਅਦ ਹੀ ਕੇਸ ਵਾਪਸ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਤੋਂ ਮੌਕੇ ’ਤੇ ਹੀ 16 ਲੱਖ ਰੁਪਏ ਲੈ ਕੇ ਨਿਗਮ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੇ ਗਏ ਸਨ। ਇਸ ਤੋਂ ਬਾਅਦ ਕੰਪਨੀ ਨੇ ਦੂਜੇ ਚੈੱਕ ਰਾਹੀਂ ਬਕਾੀ ਰਾਸ਼ੀ ਦਾ ਵੀ ਭੁਗਤਾਨ ਕਰ ਦਿੱਤਾ। ਇਸ ਤਰ੍ਹਾਂ ਕੰਪਨੀ ਕੋਲੋਂ ਵਿਆਜ਼ ਸਮੇਤ 25 ਲੱਖ 98 ਹਜ਼ਾਰ ਰੁਪਏ ਵਸੂਲੇ ਜਾ ਚੁੱਕੇ ਹਨ।
(ਬਾਕਸ ਆਈਟਮ)
ਭਾਜਪਾ ਕੌਂਸਲਰ ਬਲੌਂਗੀ ਕੰਬੋਜ ਨੇ ਪਿੰਡ ਕੁੰਭੜਾ ਦੇ ਪਾਲਤੂ ਪਸ਼ੂਆਂ ਦੇ ਮਾਲਕਾਂ ਵੱਲੋਂ ਸੈਕਟਰ-68 ਵਿੱਚ ਗੰਦਗੀ ਸੁੱਟੀ ਜਾ ਰਹੀ ਹੈ। ਇਸ ਮੁੱਦੇ ’ਤੇ ਉਨ੍ਹਾਂ ਨੇ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਦੇ ਪਿੰਡ ਕੁੱਭੜਾ ਨਾਲ ਸਬੰਧਤ ਦੋ ਕੌਂਸਲਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਵੱਲੋਂ ਸ਼ਰ੍ਹੇਆਮ ਸੈਕਟਰ ਵਿੱਚ ਗੋਹਾ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਗੰਦਗੀ ਕਾਰਨ ਰਿਹਾਇਸ਼ੀ ਖੇਤਰ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਇਸ ਦੇ ਜਵਾਬ ਵਿੱਚ ਮੇਅਰ ਨੇ ਕਿਹਾ ਕਿ ਜੇਕਰ ਤਾਂ ਅਕਾਲੀ ਕੌਂਸਲਰਾਂ ਨੇ ਆਪਣੇ ਘਰ ਪਸ਼ੂ ਰੱਖੇ ਹੋਏ ਹਨ ਅਤੇ ਉਹ ਆਪਣੀ ਗੁਆਂਢੀ ਸੈਕਟਰ-68 ਵਿੱਚ ਗੋਹਾ ਵਗੈਰਾ ਸੁੱਟ ਰਹੇ ਹਨ। ਫਿਰ ਤਾਂ ਉਹ ਕਸੂਰਵਾਰ ਹਨ ਪ੍ਰੰਤੂ ਜਦੋਂ ਦੋਵੇਂ ਕੌਂਸਲਰਾਂ ਕੋਲ ਕੋਈ ਪਸ਼ੂ ਹੀ ਨਹੀਂ ਹੈ ਤਾਂ ਉਨ੍ਹਾਂ ਨੂੰ ਗੰਦਗੀ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਗੱਲ ਨੂੰ ਲੈ ਕੇ ਹਾਊਸ ਵਿੱਚ ਕਾਫੀ ਹਾਸਾ ਠੱਠਾ ਹੋਇਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…