ਖੇਡ ਸਟੇਡੀਅਮਾਂ ਦੇ ਬੂਹੇ ਖੋਲ੍ਹਣ ਲਈ ਡਿਪਟੀ ਮੇਅਰ ਨੇ ਪੁੱਡਾ ਮੰਤਰੀ ਨੂੰ ਲਿਖਿਆ ਪੱਤਰ

ਖੇਡ ਸਟੇਡੀਅਮ ਨਾ ਖੋਲ੍ਹੇ ਜਾਣ ’ਤੇ ਅਦਾਲਤ ਦਾ ਬੂਹਾ ਖੜਕਾਵਾਂਗਾ: ਕੁਲਜੀਤ ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਮੁਹਾਲੀ ਸ਼ਹਿਰ ਵਿੱਚ ਬੰਦ ਪਏ ਖੇਡ ਸਟੇਡੀਅਮਾਂ ਦੇ ਬੂਹੇ ਨਾ ਖੋਲ੍ਹਣ ਦਾ ਮਾਮਲਾ ਹੁਣ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ (ਪੁੱਡਾ) ਮੰਤਰੀ ਅਮਨ ਅਰੋੜਾ ਕੋਲ ਪਹੁੰਚ ਗਿਆ ਹੈ। ਇਸ ਸਬੰਧੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੁੱਡਾ ਮੰਤਰੀ ਅਮਨ ਅਰੋੜਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸ਼ਹਿਰ ਵਿੱਚ ਪਿਛਲੇ ਦੋ ਸਾਲਾਂ ਤੋਂ ਫੇਜ਼-11, ਫੇਜ਼-7, ਸੈਕਟਰ-71 ਅਤੇ ਫੇਜ਼-5 ਵਿੱਚ ਬੰਦ ਪਏ ਖੇਡ ਸਟੇਡੀਅਮ ਫੌਰੀ ਖੋਲ੍ਹੇ ਜਾਣ। ਫੇਜ਼-5 ਅਤੇ ਸੈਕਟਰ-71 ਦੇ ਖੇਡ ਸਟੇਡੀਅਮ ਵਿੱਚ ਸਵੀਮਿੰਗ ਪੂਲ ਵੀ ਹਨ। ਜਿਥੇ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਸਨ। ਉਨ੍ਹਾਂ ਆਪਣੇ ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਜੇਕਰ ਗਮਾਡਾ ਨੇ ਖੇਡ ਸਟੇਡੀਅਮਾਂ ਦੇ ਬੂਹੇ ਨਾ ਖੋਲ੍ਹੇ ਤਾਂ ਉਹ ਅਦਾਲਤ ਦੀ ਸ਼ਰਨ ਵਿੱਚ ਜਾਣ ਲਈ ਮਜਬੂਰ ਹੋਣਗੇ। ਇਸ ਤੋਂ ਪਹਿਲਾਂ ਵੀ ਬੇਦੀ ਨੇ ਕਜੌਲੀ ਵਾਟਰ ਵਰਕਸ ਤੋਂ ਸਿੱਧੇ ਪਾਣੀ ਦੀ ਸਪਲਾਈ, ਕਮਿਊਨਿਟੀ ਸੈਂਟਰਾਂ ਤੋਂ ਜ਼ਿਲ੍ਹਾ ਅਦਾਲਤ ਅਤੇ ਪੁਲੀਸ ਦੇ ਕਬਜ਼ੇ ਛੁਡਾਉਣ ਲਈ ਕਾਨੂੰਨੀ ਚਾਰਾਜੋਈ ਕੀਤੀ ਗਈ ਸੀ।
ਕੁਲਜੀਤ ਬੇਦੀ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਗਮਾਡਾ ਅਧੀਨ ਆਉਂਦੇ ਸਾਰੇ ਖੇਡ ਸਟੇਡੀਅਮ ਬੰਦ ਪਏ ਹਨ। ਹਾਲਾਂਕਿ ਨਗਰ ਨਿਗਮ ਵੱਲੋਂ ਪਹਿਲਾਂ ਖੇਡ ਸਟੇਡੀਅਮ ਚਲਾਉਣ ਦੀ ਤਜਵੀਜ ਦਿੱਤੀ ਗਈ ਸੀ ਪਰ ਵਿੱਤੀ ਪ੍ਰਬੰਧਾਂ ਦੀ ਘਾਟ ਦੇ ਕਾਰਨ ਇਹ ਤਜਵੀਜ਼ ਰੱਦ ਕਰਨੀ ਪਈ ਲੇਕਿਨ ਗਮਾਡਾ ਨੇ ਵੀ ਫੰਡ ਦੇਣ ਤੋਂ ਹੱਥ ਪਿੱਛੇ ਖਿੱਚ ਲਏ। ਜਦੋਂਕਿ ਗਮਾਡਾ ਖੇਡ ਸਟੇਡੀਅਮਾਂ ਦੀ ਰੈਨੇਵੇਸ਼ਨ ’ਤੇ ਕਰੋੜਾਂ ਰੁਪਏ ਖ਼ਰਚ ਚੁੱਕਾ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਹੁਣ ਖੇਡ ਸਟੇਡੀਅਮਾਂ ਨੂੰ ਰੈਨੋਵੇਸ਼ਨ ਕਰਕੇ ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਪਹਿਲਾਂ ਬੰਦ ਪਏ ਹਨ। ਜੇਕਰ ਹੁਣ ਇਨ੍ਹਾਂ ਨੂੰ ਵਰਤੋਂ ਵਿੱਚ ਨਾ ਲਿਆਂਦਾ ਗਿਆ ਤਾਂ ਇਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਸਟੇਡੀਅਮਾਂ ਵਿੱਚ ਕਬੂਤਰਾਂ ਨੇ ਆਪਣਾ ਬਸੇਰਾ ਬਣਾ ਲਿਆ ਹੈ। ਜਿਸ ਮੰਤਵ ਨਾਲ ਇਹ ਖੇਡ ਸਟੇਡੀਅਮ ਬਣਾਏ ਗਏ ਸਨ, ਉਹ ਮੰਤਵ ਗੁਆਚਿਆ ਹੋਇਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਕਸਰਤ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਦੂਜੇ ਪਾਸੇ ਖੇਡ ਸਟੇਡੀਅਮਾਂ ਦੇ ਬੂਹੇ ਬੰਦ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਨੌਜਵਾਨ ਖੇਡ ਸਟੇਡੀਅਮ ਖੋਲ੍ਹਣ ਦੀ ਲਗਾਤਾਰ ਮੰਗ ਕਰਦੇ ਆ ਰਹੇ ਹਨ ਪਰ ਗਮਾਡਾ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਬੇਦੀ ਨੇ ਪੁੱਡਾ ਮੰਤਰੀ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਬੰਦ ਪਏ ਵੱਖ-ਵੱਖ ਖੇਡ ਸਟੇਡੀਅਮਾਂ ਦੇ ਬੂਹੇ ਨੌਜਵਾਨਾਂ ਲਈ ਖੋਲ੍ਹੇ ਜਾਣ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…