ਆਖਕਾਰਰ ਨੇਪਰੇ ਚੜ੍ਹੀ ਡੇਰਾਬਸੀ ਮਿਉਂਸਪਲ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ

ਮੁਕੇਸ਼ ਗਾਂਧੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਟੋਨੀ ਰਾਣਾ ਨੂੰ ਮੀਤ ਪ੍ਰਧਾਨ ਚੁਣਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 19 ਜਨਵਰੀ:
ਡੇਰਾਬਸੀ ਮਿਉੱਸਪਲ ਕੌਂਸਲ ਦੀ ਲੰਬੇ ਸਮੇੱ ਤੋੱ ਉਡੀਕੀ ਜਾ ਰਹੀ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦਾ ਅਮਲ ਅਖੀਰਕਾਰ ਅੱਜ ਮੁਕੰਮਲ ਹੋ ਹੀ ਗਿਆ ਅਤੇ ਇਸ ਦੌਰਾਨ ਹੋਈ ਚੋਣ ਵਿੱਚ ਮੁਕੇਸ਼ ਗਾਂਧੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮਨਵਿੰਦਰਪਾਲ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਚੋਣ ਲਈ ਐਸਡੀਐਮ ਪਰਮਦੀਪ ਸਿੰਘ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਚੋਣ ਕਰਕੇ ਦੋਵਾਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ।
ਇਸ ਸਬੰਧੀ ਅੱਜ ਸਵੇਰੇ ਡੇਰਾਬਸੀ ਮਿਉਂਸਪਲ ਕੌਂਸਲ ਦੇ ਪ੍ਰਧਾਨ ਭੁਪਿੰਦਰ ਸੈਣੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ। ਜਿਸ ਤੋਂ ਬਾਅਦ ਐਸਡੀਐਮ ਪਰਮਦੀਪ ਸਿੰਘ ਦੀ ਨਿਗਰਾਨੀ ਹੇਠ ਹੋਈ ਮੀਟਿੰਗ ਵਿੱਚ ਦੋਵਾਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਵਾਰਡ ਨੰਬਰ-14 ਦੇ ਕੌਂਸਲਰ ਨਰੇਸ਼ ਕੁਮਾਰ ਓਪਨੇਜਾ ਨੇ ਵਾਰਡ ਨੰਬਰ-15 ਦੇ ਕੌਂਸਲਰ ਮੁਕੇਸ਼ ਗਾਂਧੀ ਦਾ ਨਾਮ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਪੇਸ਼ ਕੀਤਾ। ਜਿਸ ਦੀ ਪੁਸ਼ਟੀ ਵਾਰਡ ਨੰਬਰ-16 ਦੇ ਕੌਂਸਲਰ ਹਰੀ ਓਮ ਧੀਮਾਨ ਵੱਲੋਂ ਕੀਤੀ ਗਈ ਅਤੇ ਮੈਂਬਰਾਂ ਵੱਲੋਂ ਹੱਥ ਖੜ੍ਹੇ ਕਰਕੇ ਸੀਨੀਅਰ ਮੀਤ ਪ੍ਰਧਾਨ ਵਜੋਂ ਸ੍ਰੀ ਮੁਕੇਸ਼ ਗਾਂਧੀ ਦੀ ਚੋਣ ਨੂੰ ਸਹਿਮਤੀ ਦਿੱਤੀ ਗਈ। ਮੀਤ ਪ੍ਰਧਾਨ ਲਈ ਵਾਰਡ ਨੰਬਰ-1 ਦੇ ਕੌਂਸਲਰ ਮਨਿੰਦਰ ਪਾਲ ਸਿੰਘ ਦੇ ਨਾਂ ਦੀ ਤਜਵੀਜ ਵਾਰਡ ਨੰਬਰ-14 ਦੇ ਕੌਂਸਲਰ ਹਰਜਿੰਦਰ ਸਿੰਘ ਵੱਲੋਂ ਕੀਤੀ ਗਈ ਜਿਸਦੀ ਪੁਸ਼ਟੀ ਵਾਰਡ ਨੰਬਰ 2 ਦੇ ਕੌਂਸਲਰ ਸ੍ਰੀ ਸੁਰਿੰਦਰ ਜੈਨ ਵੱਲੋਂ ਕੀਤੀ ਗਈ ਅਤੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਉਹਨਾਂ ਦੀ ਚੋਣ ਨੂੰ ਵੀ ਸਹਿਮਤੀ ਦਿੱਤੀ ਗਈ।
ਇੱਥੇ ਇਹ ਜਿਕਰਯੋਗ ਹੈ ਕਿ ਡੇਰਾਬਸੀ ਮਿਉੱਸਪਲ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦਾ ਅਮਲ ਪਿਛਲੇ ਕਾਫੀ ਸਮੇੱ ਤੋੱ ਲਮਕ ਬਸਤੇ ਵਿੱਚ ਪਿਆ ਹੋਇਆ ਸੀ। ਇਸਤੋੱ ਪਹਿਲਾਂ ਪ੍ਰਸ਼ਾਸ਼ਨ ਵਲੋੱ ਇਸ ਚੋਣ ਲਈ ਪਿਛਲੀ 27 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਸੀ ਪਰੰਤੂ ਬਾਅਦ ਵਿੱਚ ਇਸਨੂੰ ਐਨ ਮੌਕੇ ਤੇ ਮੁਲਤਵੀ ਕੀਤੇ ਜਾਣ ਦੇ ਵਿਰੋਧ ਵਿੱਚ ਡੇਰਾਬਸੀ ਹਲਕੇ ਦੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਦੀ ਅਗਵਾਈ ਵਿੱਚ ਡੇਰਾਬਸੀ ਦੇ 19 ’ਚੋਂ 18 ਕੌਂਸਲਰਾਂ ਅਤੇ ਹੋਰਨਾਂ ਆਗੂਆਂ ਵੱਲੋਂ ਪਿਛਲੇ ਸਾਲ 27 ਦਸੰਬਰ ਨੂੰ ਐਸਏਐਸ ਨਗਰ ਵਿਖੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਮੰਗ ਕੀਤੀ ਗਈ ਸੀ ਕਿ ਇਹ ਚੋਣ ਤੁਰੰਤ ਕਰਵਾਈ ਜਾਵੇ।
ਅਕਾਲੀ ਦਲ ਦੇ ਵਿਧਾਇਕ ਸ੍ਰੀ ਐਨ.ਕੇ. ਸ਼ਰਮਾ ਨੇ ਕਿਹਾ ਕਿ ਡੇਰਾਬੱਸੀ ਮਿਉਂਸਪਲ ਕੌਂਸਲ ਵਿੱਚ 19 ’ਚੋਂ 18 ਕੌਂਸਲਰ ਅਕਾਲੀ ਭਾਜਪਾ ਗੱਠਜੋੜ ਨਾਲ ਸਬੰਧਤ ਹੋਣ ਕਾਰਨ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨੂੰ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਸੀ ਅਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਝਗੜਾ ਹੋਣ ਦੀ ਸ਼ੰਕਾ ਜਤਾਉਂਦਿਆਂ ਇਹ ਚੋਣ ਮੁਲਤਵੀ ਕੀਤੀ ਜਾ ਰਹੀ ਸੀ। ਜਿਸਦੇ ਵਿਰੋਧ ਵਿੱਚ ਉਹਨਾਂ ਨੂੰ ਆਪਣੇ ਸਾਥੀ ਕੌਂਸਲਰਾਂ ਦੇ ਨਾਲ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨਾ ਵੀ ਦੇਣਾ ਪਿਆ ਸੀ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਮਾਣਯੋਗ ਅਦਾਲਤ ਵਿੱਚ ਕੇਸ ਵੀ ਪਾਇਆ ਗਿਆ ਸੀ।
ਸ੍ਰੀ ਸ਼ਰਮਾ ਨੇ ਕਿਹਾ ਕਿ ਅੱਜ ਹੋਈ ਚੋਣ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋਈ ਹੈ ਅਤੇ ਪ੍ਰਸ਼ਾਸਨ ਵੱਲੋਂ ਇੱਥੇ ਚੋਣ ਦੌਰਾਨ ਝਗੜਾ ਹੋਣ ਸੰਬੰਧੀ ਜਾਹਿਰ ਕੀਤੇ ਗਏ ਸ਼ੰਕੇ ਵੀ ਨਿਰਆਧਾਰ ਸਾਬਿਤ ਹੋਏ ਹਨ। ਉਹਨਾਂ ਇਲਜਾਮ ਲਗਾਇਆ ਕਿ ਡੇਰਾਬੱਸੀ ਹਲਕੇ ਵਿੱਚ ਵੱਡੇ ਪੱਧਰ ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ’ਤੇ ਕਾਬੂ ਪਾਉਣ ਲਈ ਕੁੱਝ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਚਾਹੇ ਤਾਂ ਇਸ ਨਾਜਾਇਜ਼ ਕਾਰੋਬਾਰ ’ਤੇ ਤੁਰੰਤ ਰੋਕ ਲੱਗ ਸਕਦੀ ਹੈ ਲੇਕਿਨ ਇੰਝ ਜਾਪਦਾ ਹੈ ਕਿ ਜਿਵੇਂ ਇਹ ਸਾਰਾ ਕੁੱਝ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਸ਼ਹਿ ’ਤੇ ਹੀ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਰੋਜ਼ਾਨਾ ਕਰੋੜਾ ਰੁਪਏ ਦਾ ਸਾਮਾਨ ਨਾਜਾਇਜ਼ ਤਰੀਕੇ ਨਾਲ ਵੇਚਿਆ ਜਾ ਰਿਹਾ ਹੈ ਅਤੇ ਜੇਕਰ ਪ੍ਰਸ਼ਾਸਨ ਵੱਲੋਂ ਇਸ ’ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣਗੇ ਅਤੇ ਨਾਜਾਇਜ਼ ਮਾਈਨਿੰਗ ਦਾ ਇਹ ਕਾਰੋਬਾਰ ਬੰਦ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…