nabaz-e-punjab.com

ਡੇਰਾ ਕੇਸ: ਮੁੱਖ ਮੰਤਰੀ ਨੇ ਰਾਜਨਾਥ ਸਿੰਘ, ਅਰੁਣ ਜੇਤਲੀ ਤੇ ਸੋਨੀਆ ਗਾਂਧੀ ਨਾਲ ਕੀਤੀ ਗੱਲਬਾਤ

ਜੇਕਰ ਹਰਿਆਣਾ ਡੇਰਾ ਸਮਰਥਕਾਂ ਨੂੰ ਇਕੱਠੇ ਨਾ ਹੋਣ ਦਿੰਦਾ ਤਾਂ ਹਿੰਸਾ ਟਾਲੀ ਜਾ ਸਕਦੀ ਸੀ

ਪੰਜਾਬ ਵਿੱਚ ਸਥਿਤੀ ਕਾਬੂ ਹੇਠ ਰੱਖਣ ਲਈ ਸਰਕਾਰ ਨੇ ਡੇਰਾ ਸਮਰਥਕਾਂ ਨੂੰ ਪੰਚਕੂਲਾ ਤੋਂ ਲਿਜਾਣ ਲਈ 200 ਬੱਸਾਂ ਦਾ ਇੰਤਜ਼ਾਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਅਗਸਤ:
ਪੰਜਾਬ ਸਰਕਾਰ ਨੇ ਅੱਜ ਇਤਹਿਆਤ ਵਜੋਂ ਮਾਲਵਾ ਦੇ 10 ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਕਰਫਿਊ ਲਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਬਲਾਤਕਾਰ ਦੇ ਕੇਸ ਵਿੱਚ ਰਾਮ ਰਹੀਮ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਰੱਖਣ ਅਤੇ ਕਾਨੂੰਨ ਆਪਣੇ ਹੱਥਾਂ ਵਿੱਚ ਨਾ ਲੈਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਫੋਨ ਰਾਹੀਂ ਪੰਜਾਬ ਵਿੱਚ ਮੌਜੂਦਾ ਹਾਲਾਤ ਬਾਰੇ ਜਾਣੰੂ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਸਮੁੱਚੀ ਸਥਿਤੀ ’ਤੇ ਨੇੜਿਓਂ ਨਿਗ੍ਹਾ ਰੱਖੀ ਹੋਈ ਹੈ। ਉਨ੍ਹਾਂ ਨੇ ਕੇਂਦਰੀ ਰੱਖਿਆ ਮੰਤਰੀ ਅਰੁਣ ਜੇਤਲੀ ਨੂੰ ਵੀ ਸੂਬੇ ਵਿੱਚ ਅਮਨ-ਕਾਨੂੰਨ ਦੇ ਤਾਜ਼ਾ ਹਾਲਾਤ ਬਾਰੇ ਜਾਣੰੂ ਕਰਵਾਇਆ ਕਿਉਂ ਜੋ ਸੂਬੇ ਦੇ ਨਾਜ਼ੁਕ ਇਲਾਕਿਆਂ ਵਿੱਚ ਫਲੈਗ ਮਾਰਚ ਲਈ ਫੌਜ ਬੁਲਾਈ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਪੰਜਾਬ ਦੀ ਸਥਿਤੀ ਬਾਰੇ ਜਾਣੰੂ ਕਰਵਾਇਆ ਅਤੇ ਸੂਬੇ ਵਿੱਚ ਅਮਨ-ਚੈਨ ਦੀ ਕਾਇਮੀ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ। ਸੋਨੀਆ ਗਾਂਧੀ ਨੇ ਮੁੱਖ ਮੰਤਰੀ ਨੂੰ ਸੂਬੇ ਵਿੱਚ ਹਰੇਕ ਕੀਮਤ ’ਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਆਖਿਆ। ਮੁੱਖ ਮੰਤਰੀ ਨੇ ਦੱਸਿਆ ਕਿ ਕਰਫਿਊ ਵਾਲੇ ਇਲਾਕਿਆਂ ਵਿੱਚ ਲੋਕਾਂ ਦੇ ਭਰੋਸੇ ਦੀ ਬਹਾਲੀ ਲਈ ਫੌਜ ਨੇ ਫਲੈਗ ਮਾਰਚ ਕੱਢਿਆ। ਉਨ੍ਹਾਂ ਕਿਹਾ ਕਿ ਇਹਤਿਆਤ ਵਜੋਂ ਕੁਝ ਇਲਾਕਿਆਂ ਵਿੱਚ ਕਰਫਿਊ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਚਕੂਲਾ ਵਿੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਵੱਲੋਂ ਵੱਡੇ ਪੱਧਰ ’ਤੇ ਕੀਤੀ ਗਈ ਹਿੰਸਾ ਤੋਂ ਬਾਅਦ ਕਰਫਿਊ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਕਿਉਂ ਜੋ ਇਸ ਹਿੰਸਾ ਵਿੱਚ ਦੋ ਦਰਜਨ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਅਤੇ ਕਾਫੀ ਲੋਕਾਂ ਦੇ ਜ਼ਖਮੀ ਹੋਣ ਤੋਂ ਇਲਾਵਾ ਜਾਇਦਾਦ ਨੂੰ ਵੱਡਾ ਨੁਕਸਾਨ ਹੋਣ ਦੀ ਰਿਪੋਰਟਾਂ ਹਨ।
ਸੂਬਾ ਸਰਕਾਰ ਨੇ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਪੰਚਕੂਲਾ ਤੋਂ ਲਿਜਾ ਕੇ ਪੰਜਾਬ ਤੋਂ ਡੇਰਾ ਸੱਚਾ ਸੌਦਾ ਦੇ ਸਿਰਸਾ ਸਥਿਤ ਹੈੱਡਕੁਆਰਟਰ ਤੱਕ ਸ਼ਾਂਤਮਈ ਢੰਗ ਨਾਲ ਪਹੁੰਚਾਉਣ ਲਈ ਪੀ.ਆਰ.ਟੀ.ਸੀ. ਦੀਆਂ 200 ਤੋਂ ਵੱਧ ਬੱਸਾਂ ਦਾ ਇੰਤਜ਼ਾਮ ਵੀ ਕੀਤਾ। ਹਰਿਆਣਾ ਸਰਕਾਰ ਵੱਲੋਂ ਇਸ ਸਥਿਤੀ ਨੂੰ ਚਰਮ ਸੀਮਾ ’ਤੇ ਪਹੁੰਚਣ ਦੀ ਆਗਿਆ ਦੇਣ ’ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਥਾਂ ’ਤੇ ਇੰਨੇ ਜ਼ਿਆਦਾ ਡੇਰਾ ਸਮਰਥਕਾਂ ਨੂੰ ਪਹੁੰਚਣ ਤੋਂ ਰੋਕਿਆ ਜਾਂਦਾ ਤਾਂ ਇਹ ਸਥਿਤੀ ਪੈਦਾ ਨਹੀਂ ਸੀ ਹੋਣੀ। ਉਨ੍ਹਾਂ ਕਿਹਾ ਕਿ ਪੰਜਾਬ ਵਾਂਗ ਹਰਿਆਣਾ ਸਰਕਾਰ ਨੂੰ ਵੀ ਪੰਚਕੂਲਾ ਆਉਣ ਵਾਲੀਆਂ ਰੇਲ ਗੱਡੀਆਂ ਅਤੇ ਬੱਸਾਂ ਰੋਕਣੀਆਂ ਚਾਹੀਦੀਆਂ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਪ੍ਰਸ਼ਾਸਕ ਦੇ ਤੌਰ ’ਤੇ ਉਨ੍ਹਾਂ ਨੇ ਏਡੀ ਵੱਡੀ ਭੀੜ ਇਕ ਥਾਂ ’ਤੇ ਇਕੱਠੀ ਨਹੀਂ ਸੀ ਹੋਣ ਦੇਣੀ। ਉਨ੍ਹਾਂ ਕਿਹਾ ਕਿ ਏਨੀ ਵੱਡੀ ਭੀੜ ਨੂੰ ਇਕ ਥਾਂ ’ਤੇ ਇਕੱਠੀ ਹੋਣ ਦੇਣ ਦੀ ਆਗਿਆ ਦਿੱਤੇ ਜਾਣ ’ਤੇ ਉਨ੍ਹਾਂ ਦੇ ਗੈਰ-ਨਿਯੰਤਰਨ ਹੋਣ ਤੋਂ ਬਾਅਦ ਨਿਯੰਤਰਨ ਕਰਨਾ ਬਹੁਤ ਅੌਖਾ ਹੈ।
ਉਨ੍ਹਾਂ ਕਿਹਾ ਕਿ ਹਿਫਾਜ਼ਤੀ ਅਤੇ ਰੱਖਿਆਤਮਕ ਕਦਮ ਸਮੇਂ ਸਿਰ ਚੁੱਕੇ ਜਾਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਕਿਸੇ ਵੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਬਾਅਦ ਵਿੱਚ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਇਹ ਸਪੱਸ਼ਟ ਮਾਮਲਾ ਹੈ ਅਤੇ ਬੀ.ਜੇ.ਪੀ ਵੱਲੋਂ ਪੰਜਾਬ ਉੱਪਰ ਦੋਸ਼ ਮੜ੍ਹਣ ਦੀ ਕੋਸ਼ਿਸ਼ ਕਰਕੇ ਇਸ ਮੁੱਦੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੇਰਾ ਹਮਾਇਤੀਆਂ ’ਤੇ ਆਪਣਾ ਧਿਆਨ ਕੇਂਦਰਿਤ ਕਰਕੇ ਹਰਿਆਣਾ ਦੀ ਬੀ.ਜੇ.ਪੀ. ਸਰਕਾਰ ਆਪਣੀਆਂ ਨਾਕਾਮੀਆਂ ’ਤੇ ਸਪੱਸ਼ਟ ਤੌਰ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਥਿਤੀ ’ਤੇ ਪੂਰੀ ਤਰ੍ਹਾਂ ਕਾਬੂ ਰੱਖਿਆ ਹੋਇਆ ਹੈ ਅਤੇ ਮੁੱਖ ਮੰਤਰੀ ਨਿੱਜੀ ਤੌਰ ’ਤੇ ਸਥਿਤੀ ’ਤੇ ਨਿਗਰਾਨੀ ਰੱਖ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਸਾਰੇ ਕਦਮ ਚੁੱਕੇ ਹੋਏ ਹਨ ਅਤੇ ਇਹ ਕਿਸੇ ਵੀ ਕੀਮਤ ’ਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਨਿਘਰਣ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਭੈਅ ਹੇਠ ਨਾ ਆਉਣ ਅਤੇ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਇਲਾਕਿਆਂ ਵਿੱਚ ਛਿਟ-ਪੁਟ ਘਟਨਾਵਾਂ ਤੋਂ ਇਲਾਵਾ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕਰਦੇ ਹੋਏ ਕਿਹਾ ਕਿ ਕੱਲ੍ਹ ਸਵੇਰ ਤੱਕ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਆ ਜਾਵੇਗੀ। ਡੇਰਾ ਦੇ ਸਮਰਥਕ ਪੰਚਕੂਲਾ ਤੋਂ ਵਾਪਸ ਆਪਣੇ ਘਰਾਂ ਨੂੰ ਜਾਂਦੇ ਹੋਏ ਹਿੰਸਾ ਕਰ ਰਹੇ ਹਨ। ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਆਪਣੀ ਅਪੀਲ ਵਿੱਚ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਅਫਵਾਹਾਂ ਦੇ ਕਾਰਨ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਵਿੱਚ ਨਾ ਆਉਣ ਦੀ ਅਪੀਲ ਕਰਦੇ ਹੋਏ ਅਦਾਲਤ ਦੇ ਹੁਕਮਾਂ ਦਾ ਸਤਿਕਾਰ ਕਰਨ ਅਤੇ ਪ੍ਰਵਾਨ ਕਰਨ ਨੂੰ ਆਖਿਆ ਹੈ।
ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੂਬੇ ਭਰ ਵਿੱਚ ਨੀਮ ਫੌਜੀ ਬਲਾਂ ਅਤੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਫੌਜ ਵੀ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਇਸ ਤੋਂ ਪਹਿਲਾਂ ਪੰਚਕੂਲਾ ਦੇ ਨਾਲ ਲੱਗਦੇ ਸੂਬੇ ਦੇ ਪ੍ਰਭਾਵਿਤ ਖੇਤਰਾਂ ਦਾ ਮੁੱਖ ਮੰਤਰੀ ਨੇ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਦੌਰਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਕੀਮਤ ’ਤੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਭੰਗ ਹੋਣ ਦੀ ਆਗਿਆ ਨਹੀਂ ਦੇਵੇਗੀ। ਉਨਂਾਂ ਚਿਤਾਵਨੀ ਦਿੰਦਿਆਂ ਕਿਹਾ “ਅਸੀ ਪੰਜਾਬ ਦੇ ਹਾਲਾਤ ਨੂੰ ਕਿਸੇ ਵੀ ਕੀਮਤ ’ਤੇ ਖਰਾਬ ਨਹੀਂ ਹੋਣ ਦੇਵਾਂਗੇ।’’ ਉਨਂਾਂ ਕਿਹਾ ਕਿ ਰਾਜ ਵਿੱਚ ਇਸ ਸਮੇਂ ਕੇਂਦਰੀ ਰਿਜ਼ਰਵ ਸੁਰੱਖਿਆ ਬਲ (ਸੀ.ਆਰ.ਪੀ.ਐਫ.) ਅਤੇ ਬੀ.ਐਸ.ਐਫ. ਦੀਆਂ 85 ਕੰਪਨੀਆਂ ਤਾਇਨਾਤ ਹਨ ਅਤੇ ਇਸ ਤੋਂ ਇਲਾਵਾ ਕਿਸੇ ਵੀ ਸੰਭਾਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਫੌਜ ਪੂਰੀ ਤਰ੍ਹਾਂ ਤਿਆਰ ਹੈ। ਉਨਂਾ ਕਿਹਾ ਕਿ ਸੁਰੱਖਿਆ ਦਸਤੇ ਕਿਸੇ ਵੀ ਤਰ੍ਹਂਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਂਾਂ ਤਿਆਰ ਹਨ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਥਿਤੀ ਦਾ ਜ਼ਮੀਨੀ ਪੱਧਰ ’ਤੇ ਜਾ ਕੇ ਮੁਲਾਂਕਣ ਕੀਤਾ ਅਤੇ ਅਰਧ ਸੈਨਿਕ ਬਲਾਂ ਅਤੇ ਪੁਲਿਸ ਦੇ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ ਗਈ। ਮੁੱਖ ਮੰਤਰੀ ਵੱਲੋਂ ਪੰਚਕੂਲਾ ਜਾਣੀ ਵਾਲੀਆਂ ਦੋ ਅਹਿਮ ਸੜਕਾਂ ਦੇ ਨਾਲ ਲੱਗਦੇ ਦੇ ਇਲਾਕੇ ਦਾ ਦੌਰਾ ਕਰਨ ਤੋਂ ਇਲਾਵਾ ਜ਼ੀਰਕਪੁਰ, ਬਨੂੜ ਅਤੇ ਮੁਹਾਲੀ ਦਾ ਵੀ ਦੌਰਾ ਕੀਤਾ ਗਿਆ। ਕਿਸੇ ਵੀ ਤਰ੍ਹਂਾਂ ਦੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਮੁਕੰਮਲ ਸ਼ਾਂਤੀ ਹੈ ਅਤੇ ਉਨਂਾਂ ਦੀ ਸਰਕਾਰ ਇਸ ਗੱਲ ਲਈ ਵਚਨਬੱਧ ਹੈ ਕਿ ਰਾਜ ਵਿੱਚ ਕਿਸੇੇ ਵੀ ਕੀਮਤ ’ਤੇ ਸਥਿਤੀ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ।
ਇਲਾਕੇ ਦੀ ਰਾਖੀ ਕਰ ਰਹੇ ਸਮੂਹ ਸੁਰੱਖਿਆ ਜਵਾਨਾਂ ਨਾਲ ਹੱਥ ਮਿਲਾਉਣ ਦੌਰਾਨ ਮੁੱਖ ਮੰਤਰੀ ਨੇ ਸਾਰੇ ਜਵਾਨਾਂ ਤੋਂ ਉਨਂਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨਂਾਂ ਵੱਲੋਂ ਕੀਤੇ ਜਾ ਰਹੀ ਸਖਤ ਡਿਊਟੀ ਦੀ ਵੀ ਸ਼ਲਾਘਾ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਤੋਂ ਉਨਂਾਂ ਦੇ ਘਰਾਂ ਅਤੇ ਪਰਿਵਾਰਾਂ ਬਾਰੇ ਵੀ ਪੁੱਛਿਆ ਅਤੇ ਬਿਹਾਰ, ਝਾਰਖੰਡ ਅਤੇ ਅਸਾਮ ਨਾਲ ਸਬੰਧਤ ਜਵਾਨਾਂ ਤੋਂ ਹਾਲੀਆ ਦਿਨਾਂ ਵਿੱਚ ਉਥੇ ਆਏ ਹੜਂ੍ਹਾਂ ਕਾਰਨ ਉਨ੍ਹਂਾਂ ਦੇ ਜੱਦੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋਏ ਨੁਕਸਾਨ ਬਾਰੇ ਵੀ ਪੁੱਛਿਆ। ਇਸ ਮੌਕੇ ਉਨਂ੍ਹਾਂ ਨਾਲ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਲਾਹਕਾਰ ਭਾਰਤ ਇੰਦਰ ਸਿੰਘ ਚਾਹਲ ਅਤੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…