nabaz-e-punjab.com

ਡੇਰਾ ਮੁਖੀ ਕੇਸ: ਹਰਿਆਣਾ ਦਾ ਐਡਵੋਕੇਟ ਜਨਰਲ ਬਰਖ਼ਾਸਤ, ਖੱਟਰ ਸਰਕਾਰ ਨੂੰ ਚਲਦਾ ਕਰਨ ਦੀ ਮੰਗ ਉੱਠੀ

ਪੰਚਕੂਲਾ ਵਿੱਚ ਤੋੜ ਫੋੜ ਤੇ ਸਾੜ-ਫੂਕ ਦੀਆਂ ਘਟਨਾਵਾਂ ਤੋਂ ਸ਼ਹਿਰ ਵਿੱਚ ਸ਼ਨਾਟਾ

ਪੀਸੀਆਰ ਦੇ ਜਵਾਨਾਂ ਨੇ ਬੰਦ ਕਰਵਾਈਆਂ ਦੁਕਾਨਾਂ, ਲੋਕਾਂ ਵਿੱਚ ਹਰਿਆਣਾ ਸਰਕਾਰ ਤੇ ਪੁਲੀਸ ਪ੍ਰਤੀ ਸਖ਼ਤ ਰੋਸ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 26 ਅਗਸਤ:
ਡੇਰਾ ਸਿਰਸਾ ਦੇ ਮੁਖੀ ਬਲਾਤਕਾਰੀ ਬਾਰਾ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡੇਰਾ ਪ੍ਰੇਮੀਆਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਕੀਤੀ ਤੋੜ ਫੋੜ ਅਤੇ ਸਾੜ ਫੂਕ ਦੀਆਂ ਕਾਰਵਾਈਆਂ ਕਾਰਨ ਪੂਰਾ ਪੰਚਕੂਲਾ ਸ਼ਹਿਰ ਅੱਗ ਦਾ ਭਾਬੜ ਮੱਚ ਗਿਆ। ਜਿਸ ਦਾ ਮੁਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਵੀ ਅਸਰ ਦੇਖਣ ਨੂੰ ਮਿਲਿਆ ਹੈ। ਅੱਜ ਦੂਜੇ ਦਿਨ ਵੀ ਪੰਚਕੂਲਾ ਵਿੱਚ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਅਤੇ ਪੂਰੇ ਇਲਾਕੇ ਵਿੱਚ ਇੱਕ ਅਜੀਬ ਜਿਹਾ ਸ਼ਨਾਟਾ ਪਸਰਿਆ ਹੋਇਆ ਸੀ। ਲੋਕਾਂ ਦੇ ਚਿਹਰਿਆਂ ’ਤੇ ਦਹਿਸ਼ਤ ਸਾਫ਼ ਝਲਕ ਰਹੀ ਸੀ ਅਤੇ ਹਰ ਕੋਈ ਖੱਟਰ ਸਰਕਾਰ ਅਤੇ ਹਰਿਆਣਾ ਪੁਲੀਸ ਨੂੰ ਕੋਸ ਰਿਹਾ ਸੀ।
ਉਧਰ, ਸੀਬੀਆਈ ਅਦਾਲਤ ਵਿੱਚ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਾਖੰਡੀ ਬਾਬੇ ਦੇ ਕੱਪੜਿਆਂ ਵਾਲਾ ਬੈਗ ਚੁੱਕਣ ਦੇ ਦੋਸ਼ ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜਦੋਂ ਕਿ ਵੱਖ ਵੱਖ ਸਿਆਸੀਆਂ ਪਾਰਟੀਆਂ ਅਤੇ ਸਮਾਜ ਸੇਵੀ ਆਗੂਆਂ ਅਤੇ ਸਮਾਜ ਦੇ ਚਿੰਤਕ ਲੋਕਾਂ ਨੇ ਖੱਟਰ ਸਰਕਾਰ ਨੂੰ ਚਲਦਾ ਕਰਕੇ ਹਰਿਆਣਾ ਵਿੱਚ ਗਵਰਨਰੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਇਹੀ ਨਹੀਂ ਲੋਕਾਂ ਨੇ ਹਰਿਆਣਾ ਦੇ ਪੁਲੀਸ ਮੁਖੀ ਨੂੰ ਵੀ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਉਧਰ, ਬੀਤੇ ਦਿਨ ਦੀ ਖੱਟਰ ਸਰਕਾਰ ਦੀ ਕਾਰਵਾਈ ਤੋਂ ਕੇਂਦਰੀ ਆਗੂ ਵੀ ਸਖ਼ਤ ਨਾਰਾਜ਼ ਹਨ। ਸੂਤਰਾਂ ਦੱਸਦੇ ਹਨ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਛੁੱਟੀ ਕਿਸੇ ਵੇਲੇ ਵੀ ਹੋ ਸਕਦੀ ਹੈ। ਇਸ ਸਬੰਧੀ ਕੇਂਦਰ ’ਤੇ ਵਿਰੋਧੀਆਂ ਦਾ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ।
ਉਧਰ, ਬੀਤੇ ਕੱਲ ਪੰਚਕੂਲਾ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਸਾੜ ਫੂਕ ਅਤੇ ਤੋੜ ਫੋੜ ਤੋਂ ਬਾਅਦ ਹੁਣ ਤੱਕ 31 ਵਿਅਕਤੀਆਂ ਦੀ ਮੌਤ ਹੋਣ ਬਾਰੇ ਪਤਾ ਚਲਿਆ ਹੈ ਜਦੋਂ ਕਿ 250 ਤੋਂ 300 ਦੇ ਕਰੀਬ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਨ੍ਹਾਂ ’ਚੋਂ ਵੱਖ ਵੱਖ ਹਸਪਤਾਲਾਂ ’ਚੋਂ ਕਾਫੀ ਲੋਕਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਹਾਲਾਂਕਿ ਕੁੱਝ ਹੱਦ ਤੱਕ ਹਾਲਾਤ ਆਮ ਦਿਨਾਂ ਵਰਗੇ ਹੋਣੇ ਸ਼ੁਰੂ ਹੋ ਗਏ ਹਨ। ਪੰਚਕੂਲਾ ਵਿੱਚ ਵਸਨੀਕਾਂ ਨੂੰ ਕਰਫਿਊ ਤੋਂ ਥੋੜ੍ਹੀ ਰਾਹਤ ਮਿਲ ਰਹੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੜਕਾਂ ’ਤੇ ਫੌਜ ਦੀ ਤਾਇਨਾਤੀ ਕੀਤੀ ਗਈ ਹੈ।
ਐਸ ਏ ਐਸ ਨਗਰ ਮੁਹਾਲੀ ਵਿੱਚ ਅੱਜ ਹਾਲਾਤ ਪੂਰੀ ਤਰ੍ਹਾਂ ਆਮ ਵਰਗੇ ਹਨ ਅਤੇ ਕਿਤੇ ਵੀ ਕਿਸੇ ਕਿਸਮ ਦਾ ਤਣਾਓ ਜਾਂ ਗੜਬੜੀ ਵਾਲੀ ਕੋਈ ਗੱਲ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜੋ ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਤੱਕ ਯਾਨੀ 28 ਅਗਸਤ ਤੱਕ ਕਾਇਮ ਰਹਿਣਗੇ। ਉਂਜ ਬੀਤੀ ਸ਼ਾਮ ਪੀਸੀਆਰ ਕਰਮਚਾਰੀਆਂ ਵੱਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਮਾਰਕੀਟਾਂ ਵਿੱਚ ਜਾ ਕੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਸਨ ਤਾਂ ਜੋ ਇੱਧਰ ਕਿਸੇ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ। ਪ੍ਰੰਤੂ ਅੱਜ ਅਜਿਹਾ ਕੁੱਝ ਵੀ ਨਹੀਂ ਸੀ ਅਤੇ ਸਵੇਰ ਹੁੰਦੇ ਸਾਰ ਦੁਕਾਨਾਂ ਆਮ ਵਾਂਗ ਖੁੱਲ੍ਹ ਗਈਆਂ। ਦੁੱਧ ਅਤੇ ਹੋਰ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਸਵੇਰੇ ਸਾਢੇ ਸੱਤ ਵਜੇ ਤੱਕ ਖੁੱਲ੍ਹ ਗਈਆਂ ਸਨ ਅਤੇ ਜਿਵੇਂ ਜਿਵੇਂ ਦਿਨ ਚੜ੍ਹਦਾ ਗਿਆ ਬਾਜ਼ਾਰ ਖੁੱਲਦੇ ਗਏ ਅਤੇ ਹਾਲਾਤ ਪੂਰੀ ਤਰ੍ਹਾਂ ਆਮ ਵਰਗੇ ਨਜ਼ਰ ਆਏ ਪ੍ਰੰਤੂ ਜਿੱਥੇ ਬਾਜ਼ਾਰਾਂ ’ਚੋਂ ਪਹਿਲਾਂ ਵਾਲੀ ਚਹਿਲ ਪਹਿਲ ਗਾਇਬ ਦਿਖਾਈ ਦਿੱਤੀ। ਉੱਥੇ ਸੜਕਾਂ ਵੀ ਸੁੰਨੀਆਂ ਨਜ਼ਰ ਆਈਆਂ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …