ਡੇਰਾ ਮੁਖੀ ਕੇਸ: ਆਖਰਕਾਰ ਪੰਚਕੂਲਾ ਪੁਲੀਸ ਵੱਲੋਂ ਹਨੀਪ੍ਰੀਤ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਪੰਚਕੂਲਾ, 3 ਅਕਤੂਬਰ:
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਅਖਰਕਾਰ ਪੰਚਕੂਲਾ ਪੁਲੀਸ ਦੀ ਗ੍ਰਿਫ਼ਤ ਵਿੱਚ ਆ ਗਈ ਹੈ। ਅੱਜ ਸਵੇਰੇ ਤੋਂ ਹੀ ਇਹ ਚਰਚਾ ਚਲ ਰਹੀ ਸੀ ਕਿ ਹਨੀਪ੍ਰੀਤ ਨੂੰ ਪੰਜਾਬ ਪੁਲੀਸ ਵੱਲੋਂ ਕਾਬੂ ਕਰਕੇ ਬਾਅਦ ਵਿੱਚ ਹਰਿਆਣਾ ਪੁਲੀਸ ਨੂੰ ਸੌਂਪਿਆ ਗਿਆ ਹੈ ਪ੍ਰੰਤੂ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਸੀ ਅਤੇ ਬਾਅਦ ਦੁਪਹਿਰ ਪੰਚਕੂਲਾ ਦੇ ਪੁਲੀਸ ਕਮਿਸ਼ਨਰ ਸ੍ਰੀ ਏ.ਐਸ. ਚਾਵਲਾ ਵੱਲੋਂ ਕਾਹਲੀ ਵਿੱਚ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਪੰਚਕੂਲਾ ਪੁਲੀਸ ਵੱਲੋਂ ਹਨੀਪ੍ਰੀਤ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਿਆ ਹੈ।
ਹਾਲਾਂਕਿ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਚਾਵਲਾ ਨੇ ਹਨੀਪ੍ਰੀਤ ਨੂੰ ਪੰਜਾਬ ਪੁਲੀਸ ਵੱਲੋਂ ਕਾਬੂ ਕਰਕੇ ਹਰਿਆਣਾ ਪੁਲੀਸ ਨੂੰ ਸੌਂਪੇ ਜਾਣ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਨੀਪ੍ਰੀਤ ਨੂੰ ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋੱ ਜੀਰਕਪੁਰ ਪਟਿਆਲਾ ਹਾਈਵੇ ਤੋਂ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਐਸਆਈਟੀ ਦੇ ਏਸੀਪੀ ਮੁਕੇਸ਼ ਕੁਮਾਰ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਹਨੀਪ੍ਰੀਤ ਇੱਕ ਇਨੋਵਾ ਕਾਰ ਵਿੱਚ ਜਾ ਰਹੀ ਹੈ। ਜਿਸ ਤੋੱ ਬਾਅਦ ਉਸ ਨੂੰ ਜ਼ੀਰਕਪੁਰ ਪਟਿਆਲਾ ਹਾਈਵੇਅ ਤੋਂ ਕਾਬੂ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਖੇਤਰ ਵਿੱਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਹਰਿਆਣਾ ਪੁਲੀਸ ਵੱਲੋੱ ਪੰਜਾਬ ਪੁਲੀਸ ਨੂੰ ਜਾਣਕਾਰੀ ਦੇ ਦਿਤੀ ਗਈ ਹੈ।
ਸ੍ਰੀ ਚਾਵਲਾ ਨੇ ਦੱਸਿਆ ਕਿ ਹਨੀਪ੍ਰੀਤ ਦੇ ਨਾਲ ਉਸਦੀ ਇੱਕ ਹੋਰ ਸਹਿਯੋਗੀ ਮਹਿਲਾ ਨੂੰ ਵੀ ਕਾਬੂ ਕੀਤਾ ਗਿਆ ਹੈ ਅਤੇ ਪੁਲੀਸ ਵੱਲੋਂ ਹਨੀਪ੍ਰੀਤ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਪੁਲੀਸ ਵੱਲੋਂ ਹਨੀਪ੍ਰੀਤ ਨੂੰ ਕਾਬੂ ਕਰਕੇ ਰੱਖਣ ਅਤੇ ਕੁੱਝ ਟੀ ਵੀ ਚੈਨਲਾਂ ਵਾਲਿਆਂ ਸਬੰਧੀ ਚਲ ਰਹੀਆਂ ਕਿਆਸ ਅਰਾਈਆਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਹਨੀਪ੍ਰੀਤ ਦੇ ਕਾਬੂ ਆ ਜਾਣ ਤੋੱ ਬਾਅਦ ਪੰਚਕੂਲਾ ਪੁਲੀਸ ਨੂੰ ਇਸ ਮਾਮਲੇ ਵਿਚ ਹੁਣ ਤੱਕ ਅਣਸੁਲਝੇ ਤਮਾਮ ਸਵਾਲਾਂ ਦੇ ਜਵਾਬ ਹਾਸਿਲ ਹੋ ਜਾਣਗੇ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਹਨਪ੍ਰੀਤ ਨੂੰ ਜਾਂਚ ਕੇੱਦਰ ਵਿਚ ਲਿਜਾਇਆ ਗਿਆ ਹੈ। ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਪਿਛਲੇ 38 ਦਿਨਾਂ ਦੌਰਾਨ ਕਿਹੜੇ ਵਿਅਕਤੀਆਂ ਵੱਲੋਂ ਉਸ ਨੂੰ ਸ਼ਰਨ ਦਿੱਤੀ ਜਾਂਦੀ ਰਹੀ। ਇਸ ਤੋੱ ਇਲਾਵਾ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਹਨੀਪ੍ਰੀਤ ਇਸ ਦੌਰਾਨ ਕਿੱਥੇ ਕਿੱਥੇ ਰਹੀ ਹੈ ਅਤੇ ਕਿਹਨਾਂ ਲੋਕਾਂ ਨੂੰ ਮਿਲਦੀ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ 38 ਦਿਨਾਂ ਤੋਂ ਫਰਾਰ ਚਲ ਰਹੀ ਹਨੀਪ੍ਰੀਤ ਦਾ ਅੱਜ ਸਵੇਰੇ ਟੀ ਵੀ ਚੈਨਲ ਤੇ ਵਿਸ਼ੇਸ਼ ਇੰਟਰਵਿਊ ਪ੍ਰਸਾਰਿਤ ਕੀਤਾ ਗਿਆ ਸੀ। ਜਿਸ ਵਿੱਚ ਉਸ ਨੇ ਆਪਣੇ ਉੱਪਰ ਲੱਗੇ ਤਮਾਮ ਇਲਜਾਮ ਨੂੰ ਨਕਾਰਦਿਆਂ ਖ਼ੁਦ ਨੂੰ ਪੂਰੀ ਤਰ੍ਹਾਂ ਬੇਗੁਨਾਹ ਦੱਸਿਆ ਸੀ। ਉਸ ਦਾ ਕਹਿਣਾ ਹੈ ਕਿ ਮੀਡੀਆ ਨੇ ਧੀ ਬਾਪ ਦੇ ਰਿਸ਼ਤੇ ਨੂੰ ਤਾਰ ਤਾਰ ਦੀ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਆਪਣੇ ਵਕੀਲ ਦੇ ਦਫ਼ਤਰ ਵਿੱਚ ਜ਼ਮਾਨਤ ਦੀ ਅਰਜ਼ੀ ’ਤੇ ਦਸਖ਼ਤ ਕਰਨ ਗਈ ਸੀ ਅਤੇ ਬੀਤੀ 25 ਅਗਸਤ ਤੋਂ ਬਾਅਦ ਦੇਸ਼ ਛੱਡ ਕੇ ਕਿਤੇ ਬਾਹਰ ਨਹੀਂ ਗਈ ਅਤੇ ਨਾ ਹੀ ਨੇਪਾਲ ਗਈ ਸੀ। ਉਹ ਇਸ ਕਰਕੇ ਛੁਪਦੀ ਫਿਰ ਰਹੀ ਸੀ ਕਿਉਂਕਿ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਜਿਹੇ ਹਾਲਾਤਾਂ ਵਿੱਚ ਉਹ ਕੀ ਕਰੇ?

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …