nabaz-e-punjab.com

ਡੇਰਾ ਪ੍ਰੇਮੀ ਹੱਤਿਆ ਕਾਂਡ: ਮੁਲਜ਼ਮ ਗੁਰਸੇਵਕ ਝਿਊਰਹੇੜੀ ਦਾ ਪਿਤਾ ਵੀ ਖਾੜਕੂਵਾਦ ਸਮੇਂ ਪੂਰਾ ਸਰਗਰਮ ਸੀ

ਕਬੱਡੀ ਖਿਡਾਰੀ ਜੰਟਾ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ ਮੁਲਜ਼ਮ ਗੁਰਸੇਵਕ ਸਿੰਘ ਝਿਊਰਹੇੜੀ

ਮਾਪਿਆਂ ਦਾ ਇਕਲੌਤਾ ਪੁੱਤ ਸੀ ਕਬੱਡੀ ਖਿਡਾਰੀ ਮ੍ਰਿਤਕ ਗੁਰਜੰਟ ਸਿੰਘ ਜੰਟਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਅਤੇ ਡੇਰਾ ਸਿਰਸਾ ਦੇ ਪੈਰੋਕਾਰ ਮਹਿੰਦਰਪਾਲ ਬਿੱਟੂ ਦੀ ਹੱਤਿਆ ਤੋਂ ਬਾਅਦ ਪੂਰੇ ਪੰਜਾਬ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਡੇਰਾ ਪੇ੍ਰਮੀਆਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸਰਕਾਰ ਵੱਲੋਂ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੈਰਾ ਮਿਲਟਰੀ ਫੋਰਸ ਦੀਆਂ ਤਿੰਨ ਕੰਪਨੀਆਂ ਨੂੰ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਜੇਲ੍ਹ ਵਿੱਚ ਮੌਤ ਦੇ ਘਾਟ ਉਤਾਰ ਵਾਲਾ ਗੁਰਸੇਵਕ ਸਿੰਘ ਵਾਸੀ ਝਿਊਰਹੇੜੀ (ਮੁਹਾਲੀ) ਦਾ ਵਸਨੀਕ ਹੈ। ਇਸ ਸਮੇਂ ਉਹ ਜੰਟਾ ਕਤਲ ਕੇਸ ਵਿੱਚ ਨਾਭਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਗੁਰਸੇਵਕ ਦੇ ਪਿਤਾ ਸੰਸਾਰਦੀਪ ਉਰਫ਼ ਕੁਲਦੀਪ ਸਿੰਘ ਵੀ ਖਾੜਕੂਵਾਦ ਸਮੇਂ ਪੂਰੇ ਸਰਗਰਮ ਰਹੇ ਹਨ। ਇਸ ਸਬੰਧੀ ਸੰਸਾਰਦੀਪ ਅਤੇ ਉਸ ਦੇ ਦੋਸਤ ਨੈਬ ਸਿੰਘ ਝਿਊਰਹੇੜੀ ਦੇ ਖ਼ਿਲਾਫ਼ ਖਰੜ ਸਦਰ ਥਾਣੇ ਵਿੱਚ ਅਤਿਵਾਦ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਅਤੇ ਟਾਂਡਾ ਤਹਿਤ ਸੰਨ 1995 ਵਿੱਚ ਕੇਸ ਦਰਜ ਕੀਤਾ ਗਿਆ ਸੀ, ਪ੍ਰੰਤੂ ਬਾਅਦ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰ ਦਿੱਤਾ ਸੀ। ਇਸ ਕੇਸ ਵਿੱਚ ਸਰਕਾਰੀ ਗਵਾਹ ਬਣੇ ਪੁਲੀਸ ਮੁਲਾਜ਼ਮ ਆਪਣੀ ਗਵਾਹੀ ਤੋਂ ਮੁੱਕਰ ਗਿਆ ਸੀ।
ਐਤਵਾਰ ਨੂੰ ਜਦੋਂ ‘ਨਬਜ਼-ਏ-ਪੰਜਾਬ ਡਾਟ ਕਾਮ’ ਦੀ ਟੀਮ ਨੇ ਪਿੰਡ ਝਿਊਰਹੇੜੀ ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਪਤਾ ਚਲਿਆ ਉਹ ਕਾਫੀ ਅਰਸਾ ਪਹਿਲਾਂ ਹੀ ਪਿੰਡ ਛੱਡ ਕੇ ਮੁਹਾਲੀ ਜਾ ਵਸੇ ਸੀ। ਇਸ ਸਮੇਂ ਉਨ੍ਹਾਂ ਦਾ ਪਰਿਵਾਰ ਸੈਕਟਰ-70 ਵਿੱਚ ਰਹਿੰਦਾ ਹੈ। ਬਾਲਮੀਕ ਭਾਈਚਾਰੇ ਨਾਲ ਸਬੰਧਤ ਕੁਲਦੀਪ ਸਿੰਘ ਦਾ ਅਸਲ ਨਾਂ ਸੰਸਾਰਦੀਪ ਹੈ ਪ੍ਰੰਤੂ ਕਰੀਬ ਤਿੰਨ ਦਹਾਕੇ ਪਹਿਲਾਂ ਉਸ ਨੇ ਅੰਮ੍ਰਿਤ ਛੱਕਣ ਮਗਰੋਂ ਆਪਣਾ ਨਾਂ ਕੁਲਦੀਪ ਸਿੰਘ ਰੱਖ ਲਿਆ ਜਦੋਂਕਿ ਸਰਕਾਰੀ ਰਿਕਾਰਡ ਵਿੱਚ ਅੱਜ ਵੀ ਉਨ੍ਹਾਂ ਦਾ ਅਸਲ ਨਾਂ ਸੰਸਾਰਦੀਪ ਹੀ ਬੋਲਦਾ ਹੈ। ਇਸ ਸਬੰਧੀ ਮੁਲਜ਼ਮ ਦੇ ਪਿਤਾ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਪ੍ਰਾਪਤ ਜਾਣਕਾਰੀ ਅਨੁਸਾਰ 7 ਜੁਲਾਈ 2014 ਦੀ ਦੇਰ ਸ਼ਾਮ ਇੱਥੋਂ ਦੇ ਨੇੜਲੇ ਪਿੰਡ ਕੰਬਾਲੀ ਦੇ ਮੌਲਾ ਸਰਵਿਸ ਸਟੇਸ਼ਨ ’ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਕਾਲੀ ਵਰਕਰਾਂ ਨੇ ਕਬੱਡੀ ਖਿਡਾਰੀ ਗੁਰਜੰਟ ਸਿੰਘ ਉਰਫ਼ ਜੰਟਾਂ (25) ਵਾਸੀ ਪਿੰਡ ਸਿਆਊ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਦੋਸ਼ੀਆਂ ਨੇ ਜੰਟੇ ਨੂੰ ਗੰਡਾਸੀਆਂ ਅਤੇ ਕਿਰਪਾਨਾਂ ਨਾਲ ਬੂਰੀ ਤਰ੍ਹਾਂ ਕੱਟ ਸੱੁਟਿਆ ਸੀ। ਇਸ ਸਬੰਧੀ ਗੁਰਸੇਵਕ ਸਿੰਘ ਸਮੇਤ 9 ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸੋਹਾਣਾ ਵਿੱਚ 8 ਜੁਲਾਈ 2014 ਆਈਪੀਸੀ ਦੀ ਧਾਰਾ 302,341,506,148 ਤੇ 149 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚਲ ਰਹੀ ਸੀ।
ਪਿਛਲੇ ਸਾਲ 12 ਅਕਤੂਬਰ 2018 ਨੂੰ ਮੁਹਾਲੀ ਅਦਾਲਤ ਨੇ ਕਰੀਬ ਪੰਜ ਸਾਲ ਪਹਿਲਾਂ ਕਬੱਡੀ ਖਿਡਾਰੀ ਦੀ ਹੱਤਿਆ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਅਕਾਲੀ ਸਮਰਥਕ ਅੱਠ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਿਨ੍ਹਾਂ ਵਿੱਚ ਗੁਰਸੇਵਕ ਸਿੰਘ ਵੀ ਸ਼ਾਮਲ ਸੀ। ਜੋ ਇਸ ਸਮੇਂ ਨਾਭਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਜਦੋਂਕਿ ਇਕ ਮੁਲਜ਼ਮ ਗੌਰਵ ਪਟਿਆਲ ਵਾਸੀ ਪਿੰਡ ਖੁੱਡਾ ਅਲੀਸ਼ੇਰ ਹਾਲੇ ਤੱਕ ਭਗੌੜਾ ਚਲ ਰਿਹਾ ਹੈ। ਮ੍ਰਿਤਕ ਗੁਰਜੰਟ ਵਿੱਚ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…