Nabaz-e-punjab.com

ਡੇਰਾ ਪ੍ਰੇਮੀ ਹੱਤਿਆ ਕਾਂਡ: ਸਿੱਖ ਨੌਜਵਾਨਾਂ ਦੇ ਕੇਸ ਵਿੱਚ ਕਾਨੂੰਨੀ ਚਾਰਾਜੋਈ ਕਰੇਗੀ ਯੂਨਾਈਟਿਡ ਸਿੱਖ ਪਾਰਟੀ

ਸੰਸਥਾ ਦੀ ਤਰਫ਼ੋਂ ਬਲਜਿੰਦਰ ਸਿੰਘ ਸੋਢੀ ਲੜਨਗੇ ਨੌਜਵਾਨਾਂ ਦਾ ਕੇਸ, ਦੋਵੇਂ ਮੁਲਜ਼ਮਾਂ ਨੇ ਕੀਤੇ ਵਕਾਲਤਨਾਮੇ ’ਤੇ ਦਸਖ਼ਤ

ਗੁਰਸੇਵਕ ਸਿੰਘ ਝਿਊਰਹੇੜੀ ਦਾ ਪਰਿਵਾਰ ਘਰ ਨੂੰ ਜਿੰਦਰਾ ਮਾਰ ਕੇ ਰੂਪੋਸ਼, ਨਿਹੰਗ ਸਿੰਘਾਂ ਵੱਲੋਂ ਗੁਰਸੇਵਕ ਦੇ ਚਾਚੇ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਯੂਨਾਈਟਿਡ ਸਿੱਖ ਪਾਰਟੀ ਨੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਅਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਦੇ ਮਾਮਲੇ ਨਾਮਜ਼ਦ ਦੋ ਸਿੱਖ ਨੌਜਵਾਨਾਂ ਗੁਰਸੇਵਕ ਸਿੰਘ ਵਾਸੀ ਪਿੰਡ ਝਿਊਰਹੇੜੀ (ਮੁਹਾਲੀ) ਅਤੇ ਮਨਿੰਦਰ ਸਿੰਘ ਵਾਸੀ ਪਿੰਡ ਭਗੜਾਣਾ ਦੇ ਕੇਸ ਵਿੱਚ ਕਾਨੂੰਨੀ ਚਾਰਾਜੋਈ ਕਰਨ ਦਾ ਫੈਸਲਾ ਲਿਆ ਹੈ। ਸੰਸਥਾ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਨੇ ਅੱਜ ਦੁਬਾਰਾ ਮੁਲਜ਼ਮ ਮਨਿੰਦਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ਅੱਜ ਇੱਥੇ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚ ਨਾਮਜ਼ਦ ਦੋਵੇਂ ਸਿੱਖ ਨੌਜਵਾਨਾਂ ਨੇ ਵਕਾਲਤ ਨਾਮੇ ’ਤੇ ਦਸਖ਼ਤ ਕੀਤੇ ਗਏ ਹਨ ਅਤੇ ਸੰਸਥਾ ਵੱਲੋਂ ਇਸ ਕੇਸ ਦੀ ਪੈਰਵੀ ਸੀਨੀਅਰ ਵਕੀਲ ਬਲਜਿੰਦਰ ਸਿੰਘ ਸੋਢੀ ਕਰਨਗੇ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਹੁਕਮਾਂ ’ਤੇ ਮੰਗਲਵਾਰ ਨੂੰ ਮਨਿੰਦਰ ਸਿੰਘ ਦੇ ਮਾਪਿਆਂ ਅਤੇ ਵਕੀਲ ਸੋਢੀ ਨੇ ਜ਼ਿਲ੍ਹਾ ਸੀਆਈਏ ਸਟਾਫ਼ ਪਟਿਆਲਾ ਵਿੱਚ ਮਨਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਦੋਂਕਿ ਪੁਲੀਸ ਨੇ ਸਿੱਖ ਸੰਸਥਾ ਦੇ ਕਿਸੇ ਵੀ ਆਗੂ ਨੂੰ ਮਿਲਣ ਨਹੀਂ ਦਿੱਤਾ ਗਿਆ। ਜਿਸ ਕਾਰਨ ਸਿੱਖਾਂ ਵਿੱਚ ਭਾਰੀ ਰੋਸ ਹੈ।
ਉਧਰ, ਗੁਰਸੇਵਕ ਸਿੰਘ ਝਿਊਰਹੇੜੀ ਦਾ ਪਰਿਵਾਰ ਇਸ ਘਟਨਾ ਤੋਂ ਬਾਅਦ ਅਚਾਨਕ ਆਪਣੇ ਘਰ ਨੂੰ ਤਾਲਾ ਲਗਾ ਕੇ ਰੂਪੋਸ਼ ਹੋ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਨਾਭਾ ਜੇਲ੍ਹ ਵਿੱਚ ਵਾਪਰੀ ਘਟਨਾ ਤੋਂ ਬਾਅਦ ਪੁਲੀਸ ਦੀ ਇਕ ਟੁਕੜੀ ਪਿੰਡ ਝਿਊਰਹੇੜੀ ਵਿੱਚ ਗਈ ਸੀ। ਦੱਸਿਆ ਗਿਆ ਹੈ ਕਿ ਪੁਲੀਸ ਨੇ ਗੁਰਸੇਵਕ ਦੇ ਚਾਚਾ ਓਮ ਪ੍ਰਕਾਸ਼ ਨੂੰ ਦਬਕਾ ਮਾਰਿਆ ਕਿ ਜੇਕਰ ਕੋਈ ਹਰਕਤ ਕੀਤੀ ਤਾਂ ਸਿੱਟੇ ਭੁਗਤਨੇ ਪੈ ਸਕਦੇ ਹਨ। ਇਸ ਤੋਂ ਬਾਅਦ ਉਸ ਨੇ ਆਪਣੇ ਵੱਡੇ ਭਰਾ ਯਾਨੀ ਗੁਰਸੇਵਕ ਦੇ ਪਿਤਾ ਕੁਲਦੀਪ ਸਿੰਘ ਨੂੰ ਫੋਨ ’ਤੇ ਇਤਲਾਹ ਕਰ ਦਿੱਤੀ ਅਤੇ ਉਹ ਮੁਹਾਲੀ ਦੇ ਸੈਕਟਰ-70 ਵਿਚਲੇ ਘਰ ਨੂੰ ਤਾਲਾ ਲਗਾ ਕੇ ਪੂਰਾ ਪਰਿਵਾਰ ਰੂਪੋਸ਼ ਹੋ ਗਿਆ ਹੈ। ਇਹ ਪਰਿਵਾਰ ਏਨਾ ਡਰ ਗਿਆ ਹੈ ਕਿ ਉਹ ਆਪਣੇ ਪੁੱਤ ਗੁਰਸੇਵਕ ਨੂੰ ਮਿਲਣ ਲਈ ਵੀ ਨਹੀਂ ਗਏ। ਇਸੇ ਦੌਰਾਨ ਲੰਘੀ ਦੇਰ ਰਾਤ ਨਿਹੰਗ ਸਿੰਘਾਂ ਦੀ ਇਕ ਟੋਲੀ ਪਿੰਡ ਝਿਊਰਹੇੜੀ ਪਹੁੰਚੀ ਅਤੇ ਗੁਰਸੇਵਕ ਦੇ ਚਾਚਾ ਓਮ ਪ੍ਰਕਾਸ਼ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ 7 ਜੁਲਾਈ 2014 ਦੀ ਦੇਰ ਸ਼ਾਮ ਇੱਥੋਂ ਦੇ ਨੇੜਲੇ ਪਿੰਡ ਕੰਬਾਲੀ ਦੇ ਮੌਲਾ ਸਰਵਿਸ ਸਟੇਸ਼ਨ ’ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਕਾਲੀ ਵਰਕਰਾਂ ਨੇ ਕਬੱਡੀ ਖਿਡਾਰੀ ਗੁਰਜੰਟ ਸਿੰਘ ਉਰਫ਼ ਜੰਟਾਂ (25) ਵਾਸੀ ਪਿੰਡ ਸਿਆਊ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਸਬੰਧੀ ਗੁਰਸੇਵਕ ਸਿੰਘ ਸਮੇਤ 9 ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸੋਹਾਣਾ ਵਿੱਚ 8 ਜੁਲਾਈ 2014 ਆਈਪੀਸੀ ਦੀ ਧਾਰਾ 302,341,506,148 ਤੇ 149 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਪਿਛਲੇ ਸਾਲ 12 ਅਕਤੂਬਰ 2018 ਨੂੰ ਗੁਰਸੇਵਕ ਸਿੰਘ ਸਮੇਤ ਅਕਾਲੀ ਸਮਰਥਕ ਅੱਠ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੋ ਇਸ ਸਮੇਂ ਨਾਭਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਜਦੋਂਕਿ ਇਕ ਮੁਲਜ਼ਮ ਗੌਰਵ ਪਟਿਆਲ ਵਾਸੀ ਪਿੰਡ ਖੁੱਡਾ ਅਲੀਸ਼ੇਰ ਹਾਲੇ ਤੱਕ ਭਗੌੜਾ ਚਲ ਰਿਹਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …