nabaz-e-punjab.com

ਸਾਧਵੀ ਬਲਾਤਕਾਰ ਮਾਮਲਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੋਸ਼ੀ ਕਰਾਰ, ਜੇਲ੍ਹ ਭੇਜਿਆ

ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਨੂੰ 28 ਅਗਸਤ ਨੂੰ ਨੂੰ ਸੁਣਾਈ ਜਾਵੇਗੀ ਸਜ਼ਾ ਤੇ ਜੁਰਮਾਨਾ

ਡੇਰਾ ਪ੍ਰੇਮੀਆਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ, ਪੁਲੀਸ ਤੇ ਮੀਡੀਆ ’ਤੇ ਕੀਤਾ ਪਥਰਾਓ, 28 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਡੇਰਾ ਮੁਖੀ ਮਾਮਲੇ ਸਬੰਧੀ ਖੱਟਰ ਸਰਕਾਰ ਤੇ ਹਰਿਆਣਾ ਪੁਲੀਸ ਦੀ ਮੁੜ ਝਾੜ ਝੰਬ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਪੰਚਕੂਲਾ, 25 ਅਗਸਤ:
ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਡੇਰਾ ਮੁਖੀ ਨੂੰ ਸਜਾ ਸਬੰਧੀ ਸੁਣਵਾਈ ਲਈ 28 ਅਗਸਤ ਦੀ ਤਰੀਕ ਤੈਅ ਕਰਦਿਆਂ ਡੇਰਾ ਮੁਖੀ ਨੂੰ ਜੇਲ੍ਹ ਭੇਜਣ ਦਾ ਫੁਰਮਾਨ ਸੁਣਾਇਆ। ਅੱਜ ਬਾਅਦ ਦੁਪਹਿਰ 3 ਵਜੇ ਦੇ ਕਰੀਬ ਸੀਬੀਆਈ ਦੀ ਅਦਾਲਤ ਦੇ ਮਾਣਯੋਗ ਜੱਜ ਜਗਦੀਪ ਸਿੰਘ ਨੇ ਡੇਰਾ ਮੁਖੀ ਨੂੰ ਇਸ ਮਾਮਲੇ ਵਿੱਚ ਦੋਸ਼ੀ ਹੋਣ ਦਾ ਫੈਸਲਾ ਸੁਣਾਇਆ। ਇਸ ਮੌਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਦਾਲਤ ਵਿੱਚ ਹੱਥ ਜੋੜ ਕੇ ਖੜ੍ਹੇ ਸੀ। ਮਾਣਯੋਗ ਜੱਜ ਨੇ ਇਸ ਮੌਕੇ ਇਸ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਸਜਾ ਸੁਣਾਉਣ ਲਈ ਕੀਤੀ ਜਾਣ ਵਾਲੀ ਸੁਣਵਾਈ ਲਈ 28 ਅਗਸਤ ਦੀ ਤਰੀਕ ਤੈਅ ਕਰਦਿਆਂ ਡੇਰਾ ਮੁਖੀ ਨੂੰ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ।
ਉਧਰ, ਜਿਵੇਂ ਹੀ ਸੀਬੀਆਈ ਅਦਾਲਤ ਨੇ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤਾ ਤਾਂ ਪਿਛਲੇ ਦੋ ਤਿੰਨ ਦਿਨਾਂ ਤੋਂ ਪੰਚਕੂਲਾ ਵਿੱਚ ਡੇਰੇ ਜਮਾ ਕੇ ਬੈਠੇ ਬਾਬੇ ਦੇ ਚੇਲਿਆ ਨੇ ਪੁਲੀਸ ਅਤੇ ਪੈਰਾ ਮਿਲਟਰੀ ਫੋਰਸਿਸ ’ਤੇ ਪੱਥਰਾਓ ਸ਼ੁਰੂ ਕਰ ਦਿੱਤਾ ਅਤੇ ਮੀਡੀਆ ਦੇ ਵਾਹਨਾਂ ਦੀ ਵੀ ਬੂਰੀ ਤਰ੍ਹਾਂ ਭੰਨਤੋੜ ਕੀਤੀ ਗਈ। ਇਹੀ ਨਹੀਂ ਡੇਰਾ ਪ੍ਰੇਮੀਆਂ ਨੇ ਰਿਹਾਇਸ਼ੀ ਇਲਾਕੇ ਅਤੇ ਮਾਰਕੀਟ ਵਿੱਚ ਖੜੇ ਵਾਹਨਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ। ਇੱਕ ਪੈਟਰੋਲ ਪੰਪ ਦੀ ਭੰਨਤੋੜ ਕੀਤੀ। ਇਸ ਹਾਦਸੇ ਵਿੱਚ 28 ਵਿਅਕਤੀਆਂ ਦੀ ਮੌਤ ਹੋ ਗਈ ਅਤੇ 250 ਤੋਂ 300 ਦੇ ਕਰੀਬ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਪੰਚਕੂਲਾ ਵਿੱਚ ਹਾਲੇ ਵੀ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ ਅਤੇ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
ਇਸ ਮੌਕੇ ਸੀ.ਬੀ.ਆਈ. ਦੀ ਅਦਾਲਤ ਵਿੱਚ ਵਕੀਲਾਂ ਅਤੇ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਅਦਾਲਤ ਦੇ ਬਾਹਰ ਲਗਭਗ ਇੱਕ ਕਿਲੋਮੀਟਰ ਦੇ ਖੇਤਰ ਵਿੱਚ ਕਿਸੇ ਨੂੰ ਫੜਕਣ ਨਹੀਂ ਦਿੱਤਾ ਗਿਆ। ਇਸ ਦੌਰਾਨ ਨੀਮ ਫੌਜੀ ਦਸਤਿਆਂ ਤੋੱ ਇਲਾਵਾ ਬਲੈਕ ਕੈਟ ਕਮਾਂਡੋ ਦਸਤੇ ਵੀ ਤੈਨਾਤ ਕੀਤੇ ਗਏ ਸਨ ਅਤੇ ਅਦਾਲਤ ਦੀ ਸੁਰੱਖਿਆ ਲਈ ਚਾਰ ਸੁਰੱਖਿਆ ਘੇਰੇ ਬਣਾਏ ਗਏ ਸਨ।
ਡੇਰਾ ਮੁਖੀ ਦੇ ਕੇਸ ਵਿੱਚ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਅੱਜ ਹਰਿਆਣੇ ਵਿੱਚ ਪੂਰਾ ਦਿਨ ਹਾਈ ਵੋਲਟੇਜ ਡਰਾਮਾ ਜਾਰੀ ਰਿਹਾ। ਬੀਤੇ ਕੱਲ੍ਹ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋੱ ਇਸ ਸਬੰਧੀ ਹਰਿਆਣਾ ਸਰਕਾਰ ਦੀ ਝਾੜ ਝੰਭ ਕੀਤੇ ਜਾਣ ਦੇ ਬਾਵਜੂਦ ਹਰਿਆਣਾ ਸਰਕਾਰ ਪੂਰੀ ਤਰ੍ਹਾਂ ਡੇਰਾ ਸਿਰਸਾ ਦੇ ਮੁਖੀ ਅੱਗੇ ਨਤਮਸਤਕ ਨਜਰ ਆਈ। ਪੰਚਕੂਲਾ ਵਿੱਚ ਪਿਛਲੇ ਤਿੰਨ ਚਾਰ ਦਿਨਾਂ ਤੋੱ ਇੱਕਠੇ ਹੋਏ ਡੇਰੇ ਦੇ ਸਮਰਥਕਾਂ ਨੂੰ ਵਾਪਿਸ ਭੇਜਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਅਤੇ ਉਸਦੀ ਕਾਰਵਾਈ ਡੇਰੇ ਦੇ ਸਮਰਥਕਾਂ ਨੂੰ ਸ਼ਹਿਰ ਤੋੱ ਵਾਪਸ ਜਾਣ ਦੀਆਂ ਅਪੀਲਾਂ ਤਕ ਹੀ ਸੀਮਿਤ ਰਹੀ।
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਪੂਰੀ ਸ਼ਾਹੀ ਠਾਠ ਨਾਲ ਸਵੇਰੇ ਸਵਾ9 ਵਜੇ ਦੇ ਕਰੀਬ ਲਗਭਗ 750 ਗੱਡੀਆਂ ਦੇ ਕਾਫਲੇ ਵਿੱਚ ਸਿਰਸਾ ਤੋੱ ਪੱਚਕੂਲਾ ਦੀ ਵਿਸ਼ੇਸ਼ ਅਦਾਲਤ ਵਿੱਚ ਹਾਜਿਰ ਹੋਣ ਲਈ ਰਵਾਨਾ ਹੋਏ। ਰਾਹ ਵਿੱਚ ਕੁਝ ਥਾਵਾਂ ਤੇ ਉਹਨਾਂ ਦੇ ਸ਼ਰਧਾਲੂਆਂ ਵਲੋੱ ਕਾਫਲੇ ਦੇ ਅੱਗੇ ਲੇਟ ਕੇ ਕਾਫਲੇ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਅਤੇ ਇਹ ਕਾਫਲਾ ਕੁਰਕਸ਼ੇਤਰ ਤੋੱ ਹੁੰਦਾ ਹੋਇਆ ਪੌਣੇ ਇੱਕ ਵਜੇ ਦੇ ਕਰੀਬ ਅੰਬਾਲਾ ਪਹੁੰਚਿਆ । ਜਿੱਥੇ ਸੁਰੱਖਿਆ ਦਸਤਿਆਂ ਵੱਲੋਂ ਇਸ ਕਾਫਲੇ ਨੂੰ ਰੋਕ ਕੇ ਡੇਢ ਦਰਜਨ ਦੇ ਕਰੀਬ ਗੱਡੀਆਂ ਨੂੰ ਅੱਗੇ ਜਾਣ ਦਿੱਤਾ ਗਿਆ। ਜੀਰਕਪੁਰ ਤੋੱ ਹੁੰਦੇ ਹੋਏ ਡੇਰਾ ਮੁਖੀ ਨੂੰ ਸ਼ਿਮਲਾ ਹਾਈ ਤੋਂ ਲਿਜਾ ਕੇ ਪੰਚਕੂਲਾ ਦੇ ਸੈਕਟਰਾਂ ਦੇ ਵਿਚੋੱ ਲੰਘਾ ਕੇ ਸਵਾ ਇੱਕ ਵਜੇ ਦੇ ਕਰੀਬ ਸੀਬੀਆਈ ਦੀ ਅਦਾਲਤ ਵਿੱਚ ਪਹੁੰਚਾਇਆ ਗਿਆ। ਅਦਾਲਤ ਤੱਕ ਗੁਰਮੀਤ ਰਾਮ ਰਹੀਮ ਦੇ ਕਾਫਲੇ ਦੀਆਂ 2 ਗੱਡੀਆਂ ਗਈਆਂ ਅਤੇ ਗੁਰਮੀਤ ਰਾਮ ਰਹੀਮ ਨੂੰ ਡੇਢ ਵਜੇ ਤੋੱ ਪਹਿਲਾਂ ਸੀ ਬੀ ਆਈ ਦੀ ਅਦਾਲਤ ਵਿੱਚ ਪਹੁੰਚਾ ਦਿਤਾ ਗਿਆ।
ਇਸ ਤੋਂ ਪਹਿਲਾਂ ਅੱਜ ਚੰਡੀਗੜ੍ਹ ਵਿਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਸਬੰਧੀ ਹਰਿਆਣਾ ਸਰਕਾਰ ਦੀ ਮੁੜ ਝਾੜ ਝੰਬ ਕਰਦਿਆਂ ਹੁਕਮ ਦਿਤੇ ਗਏ ਕਿ ਜੇਕਰ ਡੇਰਾ ਪ੍ਰੇਮੀਆਂ ਤੇ ਕਾਬੂ ਕਰਨ ਲਈ ਪੁਲੀਸ ਫੋਰਸ ਨੂੰ ਹਥਿਆਰ ਚੁਕਣੇ ਪੈਣ ਤਾਂ ਇਸ ਤੋਂ ਗੁਰੇਜ ਨਾ ਕੀਤਾ ਜਾਵੇ ਅਤੇ ਜੇਕਰ ਇਸ ਮਾਮਲੇ ਵਿੱਚ ਕੋਈ ਰਾਜਨੇਤਾ ਕਿਸੇ ਕਿਸਮ ਦਾ ਦਬਾਅ ਬਣਾਉੱਦਾ ਹੈ ਤਾਂ ਉਸ ਦੇ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਜਾਵੇ। ਇਸੇ ਦੌਰਾਨ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋੱ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਐਲਾਨੇ ਜਾਣ ਤੋੱ ਬਾਅਦ ਪੰਚਕੂਲਾ ਵਿੱਚ ਇਕੱਠੇ ਹੋਏ ਡੇਰੇ ਦੇ ਸਮਰਥਕਾਂ ਅਤੇ ਸੁਰੱਖਿਆ ਦਸਤਿਆਂ ਵਿਚਾਲੇ ਟਕਰਾਅ ਹੋਇਆ। ਜਿਸ ਦੌਰਾਨ ਪੁਲੀਸ ਵੱਲੋੱ ਅੱਥਰੂ ਗੈਸ ਦੇ ਗੋਲਿਆਂ ਦੀ ਵੀ ਵਰਤੋਂ ਕੀਤੀ ਹੈ। ਇਸ ਦੌਰਾਨ ਪੰਜਾਬ ਵਿੱਚ ਵੀ ਕੁੱਝ ਥਾਵਾਂ ਤੇ ਡੇਰੇ ਦੇ ਸਮਰਥਕਾਂ ਵੱਲੋੱ ਤੋੜ ਫੋੜ ਕਰਨ ਅਤੇ ਸਰਕਾਰੀ ਜਾਇਦਾਦ ਨੂੰ ਅੱਗ ਲਗਾਉਣ ਦੀ ਕਾਰਵਾਈ ਨੂੰ ਅੰਜਾਮ ਦਿਤਾ ਗਿਆ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…