Share on Facebook Share on Twitter Share on Google+ Share on Pinterest Share on Linkedin ਪੁਲੀਸ ਦਾ ਸੁਰੱਖਿਆ ਘੇਰਾ ਤੋੜ ਕੇ ਮੁੱਖ ਮੰਤਰੀ ਕੋਲ ਫਰਿਆਦ ਲੈ ਕੇ ਪੁੱਜਾ ਡੇਰਾਬੱਸੀ ਦਾ ਨੌਜਵਾਨ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ, ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ: ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਵੀਰਵਾਰ ਨੂੰ ਸ਼ੁਰੂ ਹੋਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਪਹਿਲੇ ਦਿਨ ਆਡੀਟੋਰੀਅਮ ਵਿੱਚ ਉਸ ਸਮੇਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਡੇਰਾਬੱਸੀ ਦਾ ਇਕ ਨੌਜਵਾਨ ਅਮਨਦੀਪ ਸਿੰਘ ਸੁਰੱਖਿਆ ਘੇਰਾ ਤੋੜ ਕੇ ਆਪਣੀ ਫਰਿਆਦ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਟੇਜ ਨੇੜੇ ਪਹੁੰਚ ਗਿਆ ਅਤੇ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ। ਪੀੜਤ ਨੌਜਵਾਨ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਉਹ ਡੀਜੀਪੀ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਕੇ ਥੱਕ ਚੁੱਕਾ ਹੈ ਲੇਕਿਨ ਕੋਈ ਅਧਿਕਾਰੀ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਜਾਣਕਾਰੀ ਅਨੁਸਾਰ ਜਦੋਂ ਮੁੱਖ ਮੰਤਰੀ ਸਟੇਜ ਉੱਤੇ ਪੰਜਾਬ ਦੇ ਹਾਲਾਤਾਂ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਤਾਂ ਤ੍ਰਿਵੈਨੀ ਕੈਂਪ (ਡੇਰਾਬੱਸੀ) ਦਾ ਵਸਨੀਕ ਅਮਨਦੀਪ ਸਿੰਘ ਪੁਲੀਸ ਨੂੰ ਝਕਾਨੀ ਦੇ ਕੇ ਸਿੱਧਾ ਮੁੱਖ ਮੰਤਰੀ ਕੋਲ ਪਹੁੰਚ ਗਏ ਅਤੇ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਪੁਲੀਸ ਨੇ ਜ਼ਬਰਦਸਤੀ ਉਸ ਕੋਲੋਂ ਦੁਕਾਨ ਖਾਲੀ ਕਰਵਾ ਲਈ ਹੈ ਅਤੇ ਹੁਣ ਉਸ ਦੀ ਕੋਈ ਗੱਲ ਨਹੀਂ ਸੁਣ ਰਿਹਾ। ਉਹ ਕਾਫੀ ਸਮੇਂ ਤੋਂ ਖੱਜਲ ਖੁਆਰ ਹੋ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਨੂੰ ਆਪਣਾ ਪ੍ਰੋਗਰਾਮ ਕੁਝ ਪਲਾਂ ਲਈ ਰੋਕਣਾ ਪਿਆ। ਨੌਜਵਾਨ ਦੀ ਇਸ ਹਰਕਤ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਇਹ ਕਹਿ ਕੇ ਗੱਲ ਨੂੰ ਟਾਲ ਦਿੱਤਾ ਕਿ ਪੰਜਾਬ ਵਿੱਚ ਲੋਕਤੰਤਰ ਹੈ ਅਤੇ ਇੱਥੇ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ। ਹਾਲਾਂਕਿ ਮੁੱਖ ਮੰਤਰੀ ਦੇ ਸੁਰੱਖਿਆ ਗਾਰਡ ਇਸ ਨੌਜਵਾਨ ਨੂੰ ਜ਼ਬਰਦਸਤੀ ਉੱਥੋਂ ਪਾਸੇ ਹਟਾ ਰਹੇ ਸੀ ਪ੍ਰੰਤੂ ਮੁੱਖ ਮੰਤਰੀ ਨੇ ਨਿੱਜੀ ਦਖ਼ਲ ਦਿੰਦਿਆਂ ਕਿਹਾ ਕਿ ਨੌਜਵਾਨ ਨੂੰ ਛੱਡ ਦਿਓ। ਨੌਜਵਾਨ ਦਾ ਕਹਿਣਾ ਸੀ ਕਿ ਡੇਰਾਬੱਸੀ ਵਿੱਚ ਉਸ ਕੋਲ ਵਕਫ਼ ਬੋਰਡ ਦੀ ਦੁਕਾਨ ਹੈ। ਹਾਲਾਂਕਿ ਉਸ ਦੀ ਦੁਕਾਨ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਪ੍ਰੰਤੂ ਹੁਣ ਇਕ ਪ੍ਰਾਪਰਟੀ ਡੀਲਰ ਨੇ ਪੁਲੀਸ ਨਾਲ ਮਿਲ ਕੇ ਉਸ ਤੋਂ ਦੁਕਾਨ ਖਾਲੀ ਕਰਵਾ ਲਈ ਗਈ ਹੈ। ਨਿਵੇਸ਼ ਸੰਮੇਲਨ ਤੋਂ ਬਾਅਦ ਮੁੱਖ ਮੰਤਰੀ ਨੇ ਖ਼ੁਦ ਪੀੜਤ ਨੌਜਵਾਨ ਨਾਲ ਮੁਲਾਕਾਤ ਕਰਕੇ ਉਸ ਦੀ ਸਾਰੀ ਗੱਲ ਸੁਣੀ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਸਮੁੱਚੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕਰਦਿਆਂ ਡੀਸੀ ਨੂੰ ਬਣਦੀ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਉਧਰ, ਸੁਰੱਖਿਆ ਦੇ ਸਪੱਸ਼ਟ ਰੂਪ ਵਿੱਚ ਉਲੰਘਣਾ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਨਿਵੇਸ਼ ਸੰਮੇਲਨ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਪੀੜਤ ਨੌਜਵਾਨ ਦਾ ਮੁੱਖ ਮੰਤਰੀ ਤੱਕ ਪਹੁੰਚ ਜਾਣ ਸਬੰਧੀ ਵਿਸਥਾਰ ਰਿਪੋਰਟ ਤਲਬ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਸੁਰੱਖਿਆ ਪ੍ਰਬੰਧਾਂ ਵਿੱਚ ਢਿੱਲ ਮੱਠ ਲਈ ਜ਼ਿੰਮੇਵਾਰ ਪਾਇਆ ਗਿਆ। ਉਸ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਇਸ ਨੌਜਵਾਨ ਕੋਲ ਸਮਿੱਟ ਸਬੰਧੀ ਪਾਸ ਮੌਜੂਦ ਸੀ। ਉਸ ਨੂੰ ਕਿਵੇਂ ਪਾਸ ਜਾਰੀ ਹੋਇਆ। ਇਹ ਮੁੱਖ ਮੰਤਰੀ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲੀਆ ਚਿੰਨ੍ਹ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਪਿੱਛੇ ਡੇਰਾਬੱਸੀ ਦੇ ਕਾਂਗਰਸੀ ਵਰਕਰਾਂ ਦੇ ਇਕ ਧੜੇ ਦਾ ਹੱਥ ਹੈ। ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਸ ਧੜੇ ਨੇ ਹੀ ਨੌਜਵਾਨ ਲਈ ਪਾਸ ਦੀ ਵਿਵਸਥਾ ਕੀਤੀ ਹੋਵੇ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਉਕਤ ਨੌਜਵਾਨ ਨੇ ਡੇਰਾਬੱਸੀ ਵਿੱਚ ਇਕ ਰਾਧਾ ਸੁਆਮੀ ਡੇਰੇ ਦੇ ਪੈਰੋਕਾਰ ਦੀ ਦੁਕਾਨ ਧੱਕੇ ਨਾਲ ਦੱਬੀ ਹੋਈ ਹੈ। ਪਹਿਲਾਂ ਵਿਅਕਤੀ ਰਾਧਾ ਸੁਆਮੀ ਦੀ ਦੁਕਾਨ ਅੱਗੇ ਫੜੀ ਲਗਾ ਕੇ ਕੱਪੜੇ ਵੇਚਦਾ ਹੁੰਦਾ ਸੀ ਅਤੇ ਰਾਧਾ ਸੁਆਮੀ ਨੇ ਤਰਸ ਦੇ ਆਧਾਰ ’ਤੇ ਉਸ ਨੂੰ ਆਪਣੀ ਦੁਕਾਨ ਵਰਤਨ ਲਈ ਦਿੱਤੀ ਸੀ ਲੇਕਿਨ ਉਸ ਨੇ ਚਲਾਕੀ ਨਾਲ ਵਕਫ਼ ਬੋਰਡ ਦੀਆਂ ਕਿਸ਼ਤਾਂ ਆਪਣੇ ਨਾਂ ਭਰ ਕੇ ਦੁਕਾਨ ’ਤੇ ਕਬਜ਼ਾ ਕਰ ਲਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ