
ਮੁਹਾਲੀ ਦੀਆਂ ਮਾਰਕੀਟਾਂ ਵਿੱਚ 5 ਕਰੋੜ ਦੀ ਲਾਗਤ ਨਾਲ ਲੱਗਣਗੀਆਂ ਡਿਜ਼ਾਇਨਰ ਲਾਈਟਾਂ: ਬੇਦੀ
ਮਾਰਕੀਟਾਂ ਨੂੰ ਖੂਬਸੂਰਤ ਦਿੱਖ ਪ੍ਰਦਾਨ ਕਰਨ ਦੇ ਨਾਲ ਨਾਲ ਭਰਪੂਰ ਰੋਸ਼ਨੀ ਦਾ ਪ੍ਰਬੰਧ: ਕੁਲਜੀਤ ਬੇਦੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਲੱਗ ਰਹੀਆਂ ਡਿਜ਼ਾਈਨਰ ਲਾਈਟਾਂ ਦੇ ਕੰਮ ਦੀ ਨਜ਼ਰਸਾਨੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਲਗਵਾਈਆਂ ਇਹ ਲਾਈਟਾਂ ਨਾ ਸਿਰਫ਼ ਬਹੁਤ ਖੂਬਸੂਰਤ ਦਿੱਖ ਪ੍ਰਦਾਨ ਕਰਦੀਆਂ ਹਨ ਸਗੋਂ ਇਨ੍ਹਾਂ ਮਾਰਕੀਟਾਂ ਵਿਚ ਭਰਪੂਰ ਰੋਸ਼ਨੀ ਦਾ ਪ੍ਰਬੰਧ ਰਹੇਗਾ ਅਤੇ ਮਾਰਕੀਟਾਂ ਦੀ ਦਿੱਖ ਉੱਤੇ ਵੀ ਇਸ ਦਾ ਸਕਾਰਾਤਮਿਕ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਸ਼ਾਪਿੰਗ ਸਟਰੀਟ ਉੱਤੇ ਪੈਂਦੀਆਂ ਸਮੁੱਚੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਅਜਿਹੀਆਂ ਲਾਈਟਾਂ ਲਗਾਉਣ ਦਾ ਕੰਮ ਜਾਰੀ ਹੈ।
ਉਨ੍ਹਾਂ ਕਿਹਾ ਕਿ ਇਹੀ ਨਹੀਂ ਇਸ ਤੋਂ ਪਹਿਲਾਂ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਸਮੁੱਚੀਆਂ ਮਾਰਕੀਟਾਂ ਵਿੱਚ ਲਾਲ ਪੱਥਰ ਲਗਵਾਇਆ ਗਿਆ ਅਤੇ ਗਰਿੱਲਾਂ ਵੀ ਨਵੀਆਂ ਲਗਾਈਆਂ ਗਈਆਂ ਹਨ ਜਿਸ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਵਿਕਾਸ ਅਤੇ ਬਿਹਤਰੀ ਲਈ ਪ੍ਰਤੀਬੱਧ ਹੈ ਅਤੇ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਨਿਰੰਤਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਮਾਰਕੀਟਾਂ ਦੀਆਂ ਸੰਸਥਾਵਾਂ ਅਤੇ ਸਥਾਨਕ ਰਿਹਾਇਸ਼ੀ ਖੇਤਰਾਂ ਵਿੱਚ ਉੱਥੋਂ ਦੀਆਂ ਸਮਾਜ ਭਲਾਈ ਸੰਸਥਾਵਾਂ ਦੀ ਰਾਇ ਅਤੇ ਸਲਾਹ ਅਨੁਸਾਰ ਹੀ ਕਰਵਾਏ ਜਾ ਰਹੇ ਹਨ ਅਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਹੋ ਰਹੇ ਕੰਮਾਂ ਵਿੱਚ ਕਿਸੇ ਵੀ ਤਰੀਕੇ ਨਾਲ ਕੁਆਲਿਟੀ ਨਾਲ ਸਮਝੌਤਾ ਨਾ ਹੋਵੇ ਨਹੀਂ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।